ਸ਼ਵੇਤ ਮਲਿਕ ਨੇ ਅੰਮ੍ਰਿਤਸਰ-ਫਿਰੋਜ਼ਪੁਰ ਰੇਲਵੇ ਲਿੰਕ ਪ੍ਰਾਜੈਕਟ 'ਤੇ ਕੈਪਟਨ ਨੂੰ ਲਿਆ ਆੜੇ ਹੱਥੀਂ

11/30/2019 5:07:54 PM

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੰਮ੍ਰਿਤਸਰ-ਫਿਰੋਜ਼ਪੁਰ ਰੇਲਵੇ ਲਿੰਕ ਪ੍ਰਾਜੈਕਟ 'ਤੇ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਉਨ੍ਹਾਂ ਸੰਸਦ 'ਚ ਆਵਾਜ਼ ਉਠਾਈ, ਜਿਸ ਤੋਂ ਬਾਅਦ ਕੇਂਦਰ ਸਰਕਾਰ ਕੋਲੋਂ ਸਵਾ 3 ਸਾਲ ਪਹਿਲਾਂ ਹੀ 300 ਕਰੋੜ ਰੁਪਏ ਦਾ ਫੰਡ ਜਾਰੀ ਕਰ ਦਿੱਤਾ ਗਿਆ ਸੀ। ਇਸ ਵਿਚ 40 ਕਰੋੜ ਰੁਪਏ ਦਾ ਹਿੱਸਾ ਪੰਜਾਬ ਨੇ ਪਾਉਣਾ ਸੀ ਪਰ ਸੂਬਾ ਸਰਕਾਰ ਕੰਗਾਲ ਹੋ ਚੁੱਕੀ ਹੈ, ਜਿਸ ਕਾਰਨ ਪ੍ਰਾਜੈਕਟ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਤੇ ਅਜੇ ਤੱਕ ਕੰਮ ਪੂਰਾ ਨਹੀਂ ਹੋਇਆ। ਪੰਜਾਬ ਸਰਕਾਰ ਇਸ ਸਬੰਧੀ ਜ਼ਮੀਨ ਐਕਵਾਇਰ ਲਈ ਢਿੱਲ-ਮੱਠ ਦੀ ਨੀਤੀ ਨਾ ਅਪਣਾਏ। ਮਲਿਕ ਨੇ ਕਿਹਾ ਕਿ ਸੂਬਾ ਸਰਕਾਰ ਦੀ ਕਰਨੀ ਅਤੇ ਕਥਨੀ 'ਚ ਬਹੁਤ ਅੰਤਰ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ-ਫਿਰੋਜ਼ਪੁਰ ਰੇਲਵੇ ਲਿੰਕ ਜੁੜਨ ਨਾਲ ਸਾਡੀ ਫੌਜ ਨੂੰ ਵੀ ਬਹੁਤ ਫਾਇਦਾ ਮਿਲੇਗਾ ਕਿਉਂਕਿ ਇਹ ਰੂਟ ਬਾਰਡਰ ਬੈਲਟ ਨਾਲ ਹੋਣ ਕਾਰਨ ਹਮੇਸ਼ਾ ਤਣਾਅ 'ਚ ਰਹਿੰਦਾ ਹੈ। ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਨੇ 299 ਕਰੋੜ ਦੀ ਰਾਸ਼ੀ ਨੂੰ 3 ਸਾਲ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਸੀ ਪਰ ਕਾਂਗਰਸ ਦੀ ਕੈਪਟਨ ਸਰਕਾਰ ਨੇ ਸਿਰਫ ਅਖ਼ਬਾਰਾਂ ਵਿਚ ਹੀ ਇਸ 'ਤੇ ਕੰਮ ਕੀਤਾ, ਹਕੀਕਤ 'ਚ ਕੁਝ ਨਹੀਂ।

ਮਲਿਕ ਨੇ ਦੱਸਿਆ ਕਿ ਫਿਰੋਜ਼ਪੁਰ-ਅੰਮ੍ਰਿਤਸਰ ਰੇਲਵੇ ਲਿੰਕ ਜੋੜਨ ਨਾਲ ਅੰਮ੍ਰਿਤਸਰ ਤੋਂ ਮੁੰਬਈ ਦੀ ਦੂਰੀ 250 ਕਿਲੋਮੀਟਰ ਘੱਟ ਹੋਣ ਦੇ ਨਾਲ 5 ਘੰਟੇ ਦਾ ਘੱਟ ਸਮਾਂ ਵੀ ਲੱਗੇਗਾ। ਜੇਕਰ ਅੰਮ੍ਰਿਤਸਰ ਤੋਂ ਮੁੰਬਈ ਤੱਕ ਦਾ ਨਵਾਂ ਰੇਲਵੇ ਰਸਤਾ ਬਣਾਉਣਾ ਹੋਵੇ ਤਾਂ ਘੱਟੋ-ਘੱਟ 2 ਲੱਖ ਕਰੋੜ ਦਾ ਖਰਚ ਆਵੇਗਾ, ਜਦਕਿ ਪੰਜਾਬ ਦੇ ਸਿਰਫ 40 ਕਰੋੜ ਰੁਪਏ ਦੀ ਰਾਸ਼ੀ ਦੇਣ ਨਾਲ ਇਹ ਮਕਸਦ ਕਦੋਂ ਦਾ ਪੂਰਾ ਹੋ ਸਕਦਾ ਸੀ।


Baljeet Kaur

Content Editor

Related News