ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਵਰ੍ਹੇ ਮਜੀਠੀਆ (ਵੀਡੀਓ)

Thursday, Jan 09, 2020 - 07:11 PM (IST)

ਅੰਮ੍ਰਿਤਸਰ : ਅੰਮ੍ਰਿਤਸਰ 'ਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮਜੀਠੀਆ ਨੇ ਪੁਲਸ ਮੁਲਾਜ਼ਮਾਂ ਦੀ 13ਵੇਂ ਮਹੀਨੇ ਦੀ ਤਨਖਾਹ ਅਤੇ ਸਹੂਲਤਾਂ ਬੰਦ ਕਰਨ ਦੀਆਂ ਕੀਤੀਆਂ ਤਿਆਰੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ 24-24 ਘੰਟੇ ਡਿਊਟੀ ਨਿਭਾਉਣ ਵਾਲੇ ਪੁਲਸ ਮੁਲਾਜ਼ਮਾਂ ਦੀ ਜੇਕਰ 13ਵੇਂ ਮਹੀਨੇ ਦੀ ਤਨਖਾਹ ਬੰਦ ਕਰਨ ਦਾ ਫੈਸਲਾ ਲਾਗੂ ਕੀਤਾ ਗਿਆ ਤਾਂ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਖਜ਼ਾਨਾ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਲੋਕਾਂ ਨੂੰ ਸਹੂਲਤਾਂ ਦੇਣ ਵੇਲੇ ਖਾਲੀ ਹੋ ਜਾਂਦਾ ਹੈ ਪਰ ਗੱਡੀਆਂ ਖਰੀਦਣ ਅਤੇ ਵਿਧਾਇਕਾਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਉਣ ਲਈ ਸਰਕਾਰ ਕੋਲ ਬਹੁਤ ਪੈਸੇ ਹਨ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਸੂਬੇ ਦੇ ਮੁਲਾਜ਼ਮਾਂ ਅਤੇ ਲੋਕਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਤੇ ਕਾਂਗਰਸ ਦੇ ਲੋਕ ਵਿਰੋਧੀ ਫੈਸਲਿਆਂ ਦਾ ਡਟ ਕੇ ਵਿਰੋਧ ਕਰੇਗਾ।

ਗੈਂਗਸਟਰਾਂ ਨੂੰ ਸਮਾਂ ਆਉਣ 'ਤੇ ਬੰਦੇ ਦੇ ਪੁੱਤ ਬਣਾਵਾਂਗਾ : ਮਜੀਠੀਆ
ਮਜੀਠੀਆ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਵਰ੍ਹਦਿਆਂ ਕਿਹਾ ਕਿ ਰੰਧਾਵਾ ਦੀ ਪੁਸ਼ਤ-ਪਨਾਹੀ 'ਚ ਵੱਧ-ਫੁੱਲ ਰਹੇ ਜੱਗੂ ਭਗਵਾਨਪੁਰੀਆ ਜਿਹੇ ਗੈਂਗਸਟਰਾਂ ਵੱਲੋਂ ਭਾਵੇਂ ਮੈਨੂੰ ਰੋਜ਼ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਫਿਰ ਵੀ ਮੈਂ ਉਨ੍ਹਾਂ ਤੋਂ ਡਰਨ ਵਾਲਾ ਨਹੀਂ ਹਾਂ। ਸਮਾਂ ਆਉਣ 'ਤੇ ਗੈਂਗਸਟਰਾਂ ਨੂੰ ਬੰਦੇ ਦੇ ਪੁੱਤ ਬਣਾਵਾਂਗਾ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਸ਼ਰੇਆਮ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਫਿਰੌਤੀਆਂ ਲੈ ਰਹੇ ਹਨ ਪਰ ਲੋਕ ਫਿਰੌਤੀਆਂ ਦੇਣ ਦੇ ਬਾਵਜੂਦ ਪੁਲਸ ਕੋਲ ਸ਼ਿਕਾਇਤ ਨਹੀਂ ਕਰਦੇ ਕਿਉਂਕਿ ਉਹ ਜਾਣਦੇ ਹਨ ਕਿ ਸਿਆਸੀ ਸਰਪ੍ਰਸਤੀ ਹਾਸਲ ਗੈਂਗਸਟਰਾਂ ਖਿਲਾਫ ਪੁਲਸ ਨੇ ਵੀ ਕੋਈ ਕਾਰਵਾਈ ਨਹੀਂ ਕਰਨੀ। ਉਨ੍ਹਾਂ ਦੇ ਮੋਬਾਇਲ 'ਤੇ ਗੈਂਗਸਟਰਾਂ ਵਲੋਂ ਫਿਰ ਜਾਨੋਂ ਮਾਰਨ ਦੀ ਧਮਕੀ ਭੇਜੀ ਗਈ, ਜਿਸ ਨੂੰ ਮਜੀਠੀਆ ਨੇ ਸਾਰੇ ਪੱਤਰਕਾਰਾਂ ਨੂੰ ਵੀ ਦਿਖਾਇਆ। ਮਜੀਠੀਆ ਨੇ ਆਪਣੇ ਲਹਿਜ਼ੇ 'ਚ ਕਿਹਾ ਕਿ ਅਕਾਲੀ ਸਰਕਾਰ ਆਉਣ 'ਤੇ ਜੱਗੂ ਨੂੰ ਤਾਂ ਮੈਂ ਮੁਰਗਾ ਬਣਾਵਾਂਗਾ ਤੇ ਬਾਕੀ ਗੈਂਗਸਟਰਾਂ ਦਾ ਕੀ ਬਣੂ, ਇਹ ਸਮਾਂ ਦੱਸੇਗਾ।

ਸਰਪੰਚ ਦੇ ਕਤਲ ਨੂੰ 10 ਦਿਨ ਬੀਤਣ ਦੇ ਬਾਵਜੂਦ ਵੀ ਨਹੀਂ ਹੋਈ ਦੋਸ਼ੀਆਂ ਦੀ ਗ੍ਰਿਫਤਾਰੀ : ਮਜੀਠੀਆ
ਉਨ੍ਹਾਂ ਕਿਹਾ ਕਿ ਅੱਜ ਪਿੰਡ ਉਮਰਪੁਰਾ ਦੇ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦੀ ਮੌਤ ਨੂੰ 10 ਦਿਨ ਹੋ ਚੁੱਕੇ ਹਨ ਪਰ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦਾ ਪ੍ਰਧਾਨ ਸਾਡੇ ਹਲਕੇ ਤੋਂ ਹੈ ਜੋ ਕਿਸੇ ਵੀ ਦੋਸ਼ੀ ਨੂੰ ਫੜਨ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਮੈਂ ਗੈਂਗਸਟਰ ਹਰਮਨ ਦੇ ਖਿਲਾਫ ਡੀ.ਜੀ.ਪੀ. ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਇਹ ਮੇਰੇ ਹਲਕੇ 'ਚ ਨੁਕਸਾਨ ਕਰ ਸਕਦੇ ਹਨ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਰੇ ਗੈਂਗਸਟਰ ਸੁੱਖੀ ਰੰਧਾਵਾ ਨਾਲ ਸਬੰਧਤ ਹਨ।  

ਪਰਮਿੰਦਰ ਮੇਰਾ ਭਰਾ, ਬਾਪੂ ਦੇ ਦਬਾਅ 'ਚ ਪਾਰਟੀ ਵਿਰੋਧੀ ਲਿਆ ਫੈਸਲਾ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਜਦੋਂ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਮਿੰਦਰ ਮੇਰਾ ਭਰਾ ਹੈ, ਅਸੀਂ ਸਕੂਲ ਵੇਲੇ ਤੋਂ ਇਕੱਠੇ ਹਾਂ। ਉਸ ਨੇ ਪਾਰਟੀ ਦੇ ਲੀਡਰ ਦਲ ਤੋਂ ਅਸਤੀਫਾ ਦੇਣ ਦਾ ਫੈਸਲਾ ਆਪਣੇ ਬਾਪੂ ਦੇ ਦਬਾਅ 'ਚ ਲਿਆ ਹੈ, ਜਦਕਿ ਉਹ ਅਕਾਲੀ ਦਲ 'ਚ ਹਮੇਸ਼ਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਚਾਹਿਆ ਤਾਂ ਛੇਤੀ ਹੀ ਸਭ ਠੀਕ ਹੋ ਜਾਵੇਗਾ।


author

Baljeet Kaur

Content Editor

Related News