35 ਸਾਲ ਬੀਤਣ ਦੇ ਬਾਵਜੂਦ ਘੱਲੂਘਾਰਾ ਦੇ ਪੀੜਤਾਂ ਦੇ ਜ਼ਖਮ ਅਜੇ ਵੀ ਅੱਲ੍ਹੇ
Thursday, Jun 06, 2019 - 11:43 AM (IST)

ਅੰਮ੍ਰਿਤਸਰ (ਦੀਪਕ) : 6 ਜੂਨ ਦਾ ਘੱਲੂਘਾਰਾ 35 ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਪੀੜਤ ਪਰਿਵਾਰਾਂ ਲਈ ਦੁੱਖਾਂ ਦਾ ਪਹਾੜ ਬਣਿਆ ਹੋਇਆ ਹੈ। ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਇਨ੍ਹਾਂ 35 ਸਾਲਾਂ 'ਚ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਇਸ ਘੱਲੂਘਾਰੇ ਤੋਂ ਪ੍ਰਭਾਵਿਤ ਧਾਰਮਿਕ ਮੰਗਾਂ, ਪੀੜਤ ਪਰਿਵਾਰਾਂ ਅਤੇ ਦੁੱਖ ਸਹਿਣ ਵਾਲੇ ਲੋਕਾਂ ਦੀ ਪੂਰੀ ਤਰ੍ਹਾਂ ਸਾਰ ਨਹੀਂ ਲਈ। ਸਿਆਸੀ ਪਾਰਟੀਆਂ ਆਪਣੇ ਵੋਟ ਬੈਂਕ ਦੀ ਖਾਤਿਰ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਸੱਤਾ ਦਾ ਸੁਆਦ ਤਾਂ ਲੈਂਦੀਆਂ ਰਹੀਆਂ ਪਰ ਉਨ੍ਹਾਂ 35 ਸਾਲਾਂ 'ਚ ਕਦੇ ਵੀ ਧਰਨੇ ਨਹੀਂ ਲਾਏ, ਮੁਜ਼ਾਹਰੇ ਨਹੀਂ ਕੀਤੇ ਅਤੇ ਨਾ ਹੀ ਸਬੰਧਤ ਇਨਸਾਫ ਦੇਣ ਵਾਲਿਆਂ ਨੂੰ ਸੁਚੇਤ ਕਰਨ ਲਈ ਉਪਰਾਲਾ ਹੀ ਕੀਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਘੱਲੂਘਾਰਾ ਸ਼ਹੀਦਾਂ ਦੇ ਨਾਂ 'ਤੇ ਸਿਰਫ ਇਕ ਸ਼ਰਧਾਂਜਲੀ ਸਮਰਪਿਤ ਕਰਨ ਦਾ ਸਾਧਨ ਬਣ ਕੇ ਰਹਿ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਭ ਤੋਂ ਵੱਧ ਇਸ ਘੱਲੂਘਾਰੇ ਤੋਂ ਪ੍ਰਭਾਵਿਤ ਹੋਈ, ਦੇ ਪ੍ਰਬੰਧਕ ਹੁਣ ਥੱਕ ਚੁੱਕੇ ਹਨ, ਸਾਕਾ ਨੀਲਾ ਤਾਰਾ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ, ਸਰਕਾਰ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਦੀ, ਕਿਸੇ ਵੀ ਪਾਰਟੀ ਦਾ ਮੁੱਖ ਮੰਤਰੀ, ਕੇਂਦਰ ਸਰਕਾਰ ਦੇ ਕਈ ਮੰਤਰੀ, ਕਈ ਪ੍ਰਧਾਨ ਮੰਤਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਪਰ ਸ਼੍ਰੋਮਣੀ ਕਮੇਟੀ ਵੱਲੋਂ ਹਰ ਵਾਰ ਦਿੱਤੇ ਗਏ ਸਾਕਾ ਨੀਲਾ ਤਾਰਾ ਦੇ ਮੰਗ ਪੱਤਰਾਂ ਨੂੰ ਹਮੇਸ਼ਾ ਇਹ ਹਸਤੀਆਂ ਅਣਡਿੱਠ ਕਰਦੀਆਂ ਰਹੀਆਂ।
ਇਹ ਮੰਗ ਪੱਤਰ ਅਜੇ ਵੀ ਇਨਸਾਫ ਮੰਗਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ, ਸਿੱਖ ਧਾਰਮਿਕ ਮੁੱਦਿਆਂ ਨਾਲ ਜੁੜਿਆ ਹੋਇਆ ਧਾਰਮਿਕ ਵਿਰਸਾ ਤੇ ਇਤਿਹਾਸ, ਸਵ. ਇੰਦਰਾ ਗਾਂਧੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਵ. ਪ੍ਰਧਾਨ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਲਿਖੀਆਂ ਗਈਆਂ ਚਿੱਠੀਆਂ ਦਾ ਰਿਕਾਰਡ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਹੋਰ ਧਾਰਮਿਕ ਇਤਿਹਾਸ ਨਾਲ ਜੁੜੇ ਹੋਏ ਕਾਗਜ਼ਾਤ ਕਿਥੇ ਜ਼ਬਤ ਹੋ ਗਏ? ਇਸ ਸਵਾਲ ਦਾ ਜਵਾਬ ਅਜੇ ਤੱਕ ਨਹੀਂ ਮਿਲਿਆ। ਭਾਰਤ ਸਰਕਾਰ ਦੇ ਸਾਬਕਾ ਡਿਫੈਂਸ ਮਨਿਸਟਰ ਸਵ. ਜਾਰਜ ਫਰਨਾਡੀਜ਼ ਨੇ 1986 ਨੂੰ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਰਾਹੀਂ ਸਪੱਸ਼ਟ ਕਰ ਦਿੱਤਾ ਸੀ ਕਿ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਰਿਕਾਰਡ ਸਾਡੇ ਕੋਲ ਮੌਜੂਦ ਨਹੀਂ ਹੈ ਪਰ ਹੁਣ ਸਵਾਲ ਇਹ ਉਠਦਾ ਹੈ ਕਿ 35 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਰਿਕਾਰਡ ਕਿਥੇ ਗਿਆ? ਪੰਥ ਰਤਨ ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਾਕਾ ਨੀਲਾ ਤਾਰਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਅਤੇ ਹੋਰ ਇਮਾਰਤਾਂ ਨੂੰ ਜੋ ਨੁਕਸਾਨ ਪੁੱਜਾ ਸੀ, ਦਾ ਮੁਆਵਜ਼ਾ ਲੈਣ ਲਈ ਸਾਲ 1986 ਨੂੰ ਸੁਪਰੀਮ ਕੋਰਟ ਵਿਖੇ 1 ਹਜ਼ਾਰ ਕਰੋੜ ਰੁਪਏ ਦਾ ਦਾਅਵਾ ਕੀਤਾ ਸੀ ਪਰ 33 ਸਾਲ ਬੀਤ ਜਾਣ ਦੇ ਬਾਵਜੂਦ ਸਿੱਖ ਕੌਮ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਅਤੇ ਨਾ ਹੀ ਅਜੇ ਤੱਕ ਕੋਈ ਫੈਸਲਾ ਸਾਹਮਣੇ ਆਇਆ ਹੈ।
ਘੱਲੂਘਾਰਾ ਪੀੜਤਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਕਿਸੇ ਸਰਕਾਰ ਨੇ ਨਹੀਂ ਕੀਤਾ ਕੋਈ ਉਪਰਾਲਾ : ਭਾਈ ਲੌਂਗੋਵਾਲ
ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ 35 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਘੱਲੂਘਾਰਾ ਪੀੜਤਾਂ ਦੀਆਂ ਮੰਗਾਂ ਅੱਜ ਤੱਕ ਪੂਰੀਆਂ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ।ਲੌਂਗੋਵਾਲ ਨੇ ਦੱਸਿਆ ਕਿ ਮੈਂ ਕਿਸੇ ਵੀ ਪਾਰਟੀ ਦੀ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਪਰ ਇਸ ਮਸਲੇ ਨੂੰ ਸਾਰੀਆਂ ਸਿਆਸੀ ਅਤੇ ਧਾਰਮਿਕ ਪਾਰਟੀਆਂ ਨੂੰ ਮਿਲ ਕੇ ਸਿੱਖ ਧਾਰਮਿਕ ਵਿਰਸੇ ਨੂੰ ਮੁੜ ਕੇ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਨੂੰ ਜਿਥੇ ਦਿੱਲੀ ਦੇ ਦੰਗਿਆਂ ਦਾ ਇਨਸਾਫ ਦਿਵਾਇਆ ਜਾਵੇ, ਉਥੇ ਇਸੇ ਲੜੀ ਤਹਿਤ ਸਾਕਾ ਨੀਲਾ ਤਾਰਾ ਦੌਰਾਨ ਹੋਏ ਨੁਕਸਾਨ ਦਾ ਘਾਟਾ ਪੂਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਦਖਲ ਦੇਣ ਕਿਉਂਕਿ ਸਾਕਾ ਘੱਲੂਘਾਰਾ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਹੁਣ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਲੋੜ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ 'ਚ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ, ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਸਤਿਕਾਰ ਕਰਦੇ ਰਹੇ ਹਨ।