ਪਿੰਜਰ ਬਣ ਭਾਰਤ ਵਾਪਸ ਆਏ ਗਗਨਦੀਪ ਦਾ ਸਿਹਰਾ ਬਨ੍ਹ ਕੀਤਾ ਅੰਤਿਮ ਸੰਸਕਾਰ (ਵੀਡੀਓ)

Friday, Dec 20, 2019 - 09:53 AM (IST)

ਰਾਜਾਸਾਂਸੀ/ਚੇਤਨਪੁਰਾ (ਨਿਰਵੈਲ, ਸੁਮਿਤ, ਮੁਨੀਸ਼) - ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਦਿਲ ’ਚ ਸਜਾ ਦੁਬਈ ਗਏ 23 ਸਾਲਾ ਗਗਨਦੀਪ ਬੰਗਾ ਪੁੱਤਰ ਦੇਸ ਰਾਜ ਬੰਗਾ ਦੀ ਮ੍ਰਿਤਕ ਦੇਹ ਅੱਜ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਬੰਦ ਡੱਬੇ ’ਚ ਲਾਸ਼ ਬਣ ਜੱਦੀ ਪਿੰਡ ਸਰਗੁੰਦੀ ਪੁੱਜੇ ਗਗਨਦੀਪ ਦਾ ਸਿਹਰਾ ਬਨ੍ਹ ਕੇ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਦੌਰਾਨ ਚੀਕ-ਚਿਹਾੜਾ ਪੈ ਗਿਆ। ਗਗਨਦੀਪ ਦੀ ਲਾਸ਼ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਉੱਘੇ ਸਮਾਜ ਸੇਵਕ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਰਾਜਾਸਾਂਸੀ ਪੁੱਜੀ।

PunjabKesari

ਜਾਣਕਾਰੀ ਅਨੁਸਾਰ ਜਲੰਧਰ ਜ਼ਿਲੇ ਦੇ ਕਸਬਾ ਗੁਰਾਇਆ ਨੇੜਲੇ ਪਿੰਡ ਸਰਗੁੰਦੀ ਨਾਲ ਸਬੰਧਤ ਮ੍ਰਿਤਕ ਗਗਨਦੀਪ ਇਸੇ ਸਾਲ 17 ਅਪ੍ਰੈਲ ਨੂੰ ਦੁਬਈ ਗਿਆ ਸੀ, ਜੋ ਬੀਤੀ 8 ਅਗਸਤ ਨੂੰ ਅਚਾਨਕ ਲਾਪਤਾ ਹੋ ਗਿਆ। ਉਪਰੰਤ 22 ਸਤੰਬਰ ਨੂੰ ਉਸ ਦੇ ਕੰਮ ਵਾਲੇ ਸਥਾਨ ਤੋਂ ਕਾਫ਼ੀ ਦੂਰ ਰੇਗਿਸਤਾਨ ’ਚ ਪਿੰਜਰ ਦੇ ਰੂਪ ’ਚ ਪਈ ਉਸ ਦੀ ਲਾਸ਼ ਮਿਲੀ ਸੀ। ਲੰਮੀ ਜੱਦੋ-ਜਹਿਦ ਕਰਨ ਉਪਰੰਤ ਜਦ ਪੀੜਤ ਪਰਿਵਾਰ ਮ੍ਰਿਤਕ ਸਰੀਰ ਨੂੰ ਵਾਪਸ ਭਾਰਤ ਨਾ ਲਿਆ ਸਕਿਆ ਤਾਂ ਉਨ੍ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਆਪਣੀ ਬੇਵਸੀ ਦਾ ਹਵਾਲਾ ਦਿੱਤਾ।

PunjabKesari

ਇਸੇ ਹਵਾਲੇ ਦੇ ਸਦਕਾ ਉਨ੍ਹਾਂ ਨੇ ਆਪਣੇ ਜਿਗਰ ਦੇ ਟੁਕੜੇ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ। ਡਾ. ਓਬਰਾਏ ਅਤੇ ਉਨ੍ਹਾਂ ਦੀ ਟੀਮ ਨੇ ਦੁਬਈ ’ਚ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ। ਮ੍ਰਿਤਕ ਦੇਹ ਜਦੋਂ ਦੁਬਈ ਤੋਂ ਆਈ ਤਾਂ ਗਗਨਦੀਪ ਦੀ ਭੈਣ ਜੋਤੀ ਤੋਂ ਇਲਾਵਾ ਹਵਾਈ ਅੱਡੇ ’ਤੇ ਪਹੁੰਚੇ ਮ੍ਰਿਤਕ ਦੇ ਚਾਚਾ ਕੁਲਵੰਤ ਬੰਗਾ, ਤਾਇਆ ਮਦਨ ਲਾਲ, ਚਚੇਰੇ ਭਰਾ ਈਸ਼ਵਰ ਲਾਲ, ਜੀਜਾ ਮਲਕੀਅਤ ਸਿੰਘ, ਵੱਡੀ ਭੈਣ ਸੰਦੀਪ ਕੌਰ, ਚਾਚੀ ਮਨਜੀਤ ਕੌਰ ਆਦਿ ਪਰਿਵਾਰਕ ਮੈਂਬਰਾਂ ਨੇ ਸ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੀ ਬਦੌਲਤ ਹੀ ਗਗਨਦੀਪ ਦੀਆਂ ਅੰਤਿਮ ਰਸਮਾਂ ਉਸ ਦੇ ਜੱਦੀ ਪਿੰਡ ਹੋਣੀਆਂ ਸੰਭਵ ਹੋ ਸਕੀਆਂ ਹਨ।

PunjabKesari


author

rajwinder kaur

Content Editor

Related News