ਪੰਜਾਬ 'ਚ ਦਿਵਿਆਂਗ ਵਿਦਿਆਰਥੀਆਂ ਨੂੰ ਮਿਲੇਗੀ ਮੁਫਤ ਸਿੱਖਿਆ

Saturday, May 04, 2019 - 09:51 AM (IST)

ਪੰਜਾਬ 'ਚ ਦਿਵਿਆਂਗ ਵਿਦਿਆਰਥੀਆਂ ਨੂੰ ਮਿਲੇਗੀ ਮੁਫਤ ਸਿੱਖਿਆ

ਅੰਮ੍ਰਿਤਸਰ (ਦਲਜੀਤ) : ਪੰਜਾਬ ਦੇ ਸਮੂਹ ਸਕੂਲਾਂ 'ਚ ਹੁਣ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਦਿਵਿਆਂਗ ਵਿਦਿਆਰਥੀਆਂ ਨੂੰ ਮੁਫਤ ਦਾਖਲਾ ਅਤੇ ਸਿੱਖਿਆ ਦਿੱਤੀ ਜਾਵੇਗੀ। ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਸਕੂਲ ਵਲੋਂ ਇਸ ਸਬੰਧੀ ਪੰਜਾਬ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਹਦਾਇਤਾਂ ਦੀ ਪਾਲਣਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਸਪੱਸ਼ਟ ਕੀਤਾ ਗਿਆ ਹੈ ਕਿ ਨਿਯਮਾਂ ਅਨੁਸਾਰ ਦਿਵਿਆਂਗ ਵਿਦਿਆਰਥੀਆਂ ਨੂੰ ਸਕੂਲਾਂ 'ਚ ਬਿਨਾਂ ਰੋਕ-ਟੋਕ ਦਾਖਲਾ ਅਤੇ ਮੁਫਤ ਸਿੱਖਿਆ ਦੇਣ ਦੀ ਵਿਵਸਥਾ ਹੈ। ਐਕਟ ਦੀ ਇਸ ਵਿਵਸਥਾ ਦੀ ਮਹੱਤਤਾ ਦੇ ਮੱਦੇਨਜ਼ਰ ਹੁਕਮ ਦਿੱਤੇ ਜਾਂਦੇ ਹਨ ਕਿ ਸਮੂਹ ਸਰਕਾਰੀ, ਏਡਿਡ ਤੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਤੋਂ ਜ਼ਿਲਾ ਸਿੱਖਿਆ ਅਧਿਕਾਰੀ ਯਕੀਨੀ ਬਣਾਉਣ ਕਿ ਪਹਿਲੀ ਤੋਂ 12ਵੀਂ ਜਮਾਤ 'ਚ ਦਾਖਲਾ ਲੈਂਦੇ ਸਮੇਂ ਐਕਟ ਅਨੁਸਾਰ 21 ਤਰ੍ਹਾਂ ਦੀਆਂ ਦਿਵਿਆਂਗਤਾਵਾਂ 'ਚੋਂ ਕਿਸੇ ਵੀ 18 ਸਾਲ ਤੱਕ ਦੇ ਦਿਵਿਆਂਗ ਵਿਦਿਆਰਥੀ ਨੂੰ ਇਸ ਸਬੰਧੀ ਕੋਈ ਪ੍ਰੇਸ਼ਾਨੀ ਨਾ ਆਵੇ।ਇਸ ਸਬੰਧੀ ਜ਼ਿਲਾ ਸਿੱਖਿਆ ਅਧਿਕਾਰੀ ਜੁਗਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਪੱਤਰ ਮਿਲ ਗਿਆ ਹੈ, ਵਿਭਾਗ ਦੇ ਹੁਕਮ ਦੀ ਪਾਲਣਾ ਕਰਵਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਸਕੂਲਾਂ 'ਚ ਦਿਵਿਆਂਗ ਵਿਦਿਆਰਥੀਆਂ ਤੋਂ ਫੀਸਾਂ ਲਈਆਂ ਜਾ ਰਹੀਆਂ ਸਨ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਬਣਦੀ ਛੋਟ ਵੀ ਨਹੀਂ ਦਿੱਤੀ ਜਾ ਰਹੀ ਸੀ ਪਰ ਹੁਣ ਸਿੱਖਿਆ ਵਿਭਾਗ ਵਲੋਂ ਅਧਿਕਾਰੀਆਂ ਨੂੰ ਸਖਤੀ ਨਾਲ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।


author

Baljeet Kaur

Content Editor

Related News