ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ ਜਾਰੀ, 5 ਜਨਾਨੀਆਂ ਦੀ ਮੌਤ, 3 ਵਿਦਿਆਰਥੀਆਂ ਸਣੇ 77 ਲੋਕ ਪਾਜ਼ੇਟਿਵ

Wednesday, Mar 10, 2021 - 10:26 AM (IST)

ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ ਜਾਰੀ, 5 ਜਨਾਨੀਆਂ ਦੀ ਮੌਤ, 3 ਵਿਦਿਆਰਥੀਆਂ ਸਣੇ 77 ਲੋਕ ਪਾਜ਼ੇਟਿਵ

ਅੰਮ੍ਰਿਤਸਰ (ਦਲਜੀਤ) - ਕੋਰੋਨਾ ਵਾਇਰਸ ਲਗਾਤਾਰ ਅੰਮ੍ਰਿਤਸਰ ’ਚ ਆਪਣੇ ਪੈਰ ਪਸਾਰ ਰਿਹਾ ਹੈ। ਲੋਕਾਂ ਵੱਲੋਂ ਸਿਹਤ ਵਿਭਾਗ ਦੀਆਂ ਗਾਈਡਲਾਈਨਸ ਨੂੰ ਨਾ ਮੰਨਣਾ ਪਾਜ਼ੇਟਿਵ ਕੇਸਾਂ ’ਚ ਵਾਧਾ ਕਰ ਰਿਹਾ ਹੈ। ਕੋਰੋਨਾ ਕਾਰਣ ਅੱਜ ਜ਼ਿਲ੍ਹੇ ’ਚ 5 ਜਨਾਨੀਆਂਦੀ ਮੌਤ ਹੋ ਗਈ, ਜਦੋਂ ਕਿ 77 ਨਵੇਂ ਮਾਮਲੇ ਸਾਹਮਣੇ ਆਏ ਹਨ। ਪੀੜਤਾਂ ’ਚ ਤਿੰਨ ਵਿਦਿਆਰਥੀ ਸ਼ਾਮਲ ਹਨ। ਸਕੂਲਾਂ ਦੇ ਵਿਦਿਆਰਥੀ ਲਗਾਤਾਰ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ ਤੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ’ਚ ਸਕੂਲਾਂ ਦੇ ਨਾਲ-ਨਾਲ ਸਭ ਕੁਝ ਖੋਲ੍ਹ ਦਿੱਤਾ ਗਿਆ ਹੈ। ਵੱਡੀ ਉਮਰ ਦੇ ਲੋਕਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਵੱਡੇ ਇਕੱਠ ’ਤੇ ਰੋਕ ਲਗਾਈ ਗਈ ਹੈ ਪਰ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ, ਉਥੇ ਬਿਨ੍ਹਾਂ ਰੋਕ-ਟੋਕ ਵਿਦਿਆਰਥੀਆਂ ਨੂੰ ਸੱਦਿਆ ਜਾ ਰਿਹਾ ਹੈ। ਮੰਗਲਵਾਰ ਨੂੰ ਸਾਹਮਣੇ ਆਏ 77 ਨਵੇਂ ਮਾਮਲਿਆਂ ’ਚ 45 ਕਮਿਊਨਿਟੀ ਤੋਂ ਮਿਲੇ ਹਨ, ਜਦੋਂ ਕਿ 32 ਸੰਪਰਕ ਵਾਲੇ ਹਨ। ਹੁਣ ਜ਼ਿਲ੍ਹੇ ’ਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 16315 ਹੈ। ਇਨ੍ਹਾਂ ’ਚੋਂ 15075 ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ ਐਕਟਿਵ ਕੇਸ ਹੁਣ 632 ਹੋ ਗਏ ਹਨ। ਹੁਣ ਤੱਕ 608 ਲੋਕਾਂ ਦੀ ਇਸ ਬੀਮਾਰੀ ਨਾਲ ਜਾਨ ਜਾ ਚੁੱਕੀ ਹੈ। 1 ਮਾਰਚ ਤੋਂ ਹੁਣ ਤੱਕ 583 ਪਾਜ਼ੇਟਿਵ ਮਾਮਲੇ ਰਿਪੋਰਟ ਹੋਏ ਹਨ।

ਮਰਨ ਵਾਲੀਆਂ ਜਨਾਨੀਆਂ ’ਚ ਰਣਜੀਤ ਐਵੀਨਿਊ ਵਾਸੀ 76 ਸਾਲਾ ਜਨਾਨੀ, ਬਾਬਾ ਬਕਾਲਾ ਸਾਹਿਬ ਵਾਸੀ 68 ਸਾਲਾ, ਵਡਾਲਾ ਕਲਾਂ ਨਿਵਾਸੀ 60 ਸਾਲ, ਰਈਆ ਨਿਵਾਸੀ 85 ਸਾਲ ਅਤੇ ਵੇਰਕਾ ਨਿਵਾਸੀ 65 ਸਾਲਾ ਜਨਾਨੀ ਸ਼ਾਮਲ ਹੈ। 16 ਦਸੰਬਰ ਤੋਂ ਬਾਅਦ ਪਹਿਲੀ ਵਾਰ ਹੈ, ਜਦੋਂ ਇਕ ਦਿਨ ’ਚ 5 ਲੋਕਾਂ ਦੀ ਮੌਤ ਹੋਈ ਹੋਵੇ। ਉਸ ਦਿਨ ਵੀ ਪੰਜ ਜਨਾਨੀਆਂ ਨੇ ਹੀ ਦਮ ਤੋੜਿਆ ਸੀ। ਇਕ ਦਿਨ ’ਚ ਇੰਨ੍ਹੀਆਂ ਮੌਤਾਂ ਨਾਲ ਸਿਹਤ ਵਿਭਾਗ ਦੀ ਚਿੰਤਾ ਵਧਣੀ ਲਾਜ਼ਮੀ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਸਾਰੇ ਬਲਾਕਾਂ ਦੇ ਐੱਸ. ਐੱਮ. ਓ. ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਕੋਰੇਨਾ ਦੇ ਸਬੰਧ ’ਚ ਵੱਧ ਤੋਂ ਵੱਧ ਜਾਗਰੂਕਤਾ ਦਾ ਪ੍ਰਸਾਰ ਕਰਨ।

ਫ਼ਤਹਿਗੜ੍ਹ ਸ਼ੁੱਕਰਚੱਕ, ਲੋਪੋਕੇ, ਮਹਾ ਸਿੰਘ ਗੇਟ ਸਕੂਲਾਂ ਦੇ ਵਿਦਿਆਰਥੀ ਆਏ ਪਾਜ਼ੇਟਿਵ :
ਜ਼ਿਲ੍ਹੇ ਦੇ ਸਕੂਲਾਂ ’ਚ ਕੋਰੋਨਾ ਦਾ ਦਾਖਲਾ ਹੋ ਚੁੱਕਿਆ ਹੈ। ਮੰਗਲਵਾਰ ਨੂੰ 4 ਹੋਰ ਵਿਦਿਆਰਥੀ ਕੋਰੋਨਾ ਪੀੜਤ ਪਾਏ ਗਏ ਹਨ। ਇਨ੍ਹਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸ਼ੁਕਰਚੱਕ ਦੇ 2, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਦਾ ਇਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਾ ਸਿੰਘ ਗੇਟ ਦਾ ਇਕ ਵਿਦਿਆਰਥੀ ਸ਼ਾਮਲ ਹੈ।

ਵੱਧ ਰਿਹਾ ਹੈ ਕੋਰੋਨਾ

ਤਾਰੀਕ        ਪਾਜ਼ੇਟਿਵ
1 ਮਾਰਚ        45
2 ਮਾਰਚ        52
3 ਮਾਰਚ        62
4 ਮਾਰਚ        51
5 ਮਾਰਚ        42
6 ਮਾਰਚ        72
7 ਮਾਰਚ        104
8 ਮਾਰਚ        78
9 ਮਾਰਚ        77

ਤੇਜ਼ੀ ਨਾਲ ਗਤੀਸ਼ੀਲ ਹੋ ਰਹੀ ਹੈ ਟੀਕਾਕਰਨ ਮੁਹਿੰਮ :
ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਗਤੀਸ਼ੀਲ ਹੋ ਗਈ ਹੈ। ਮੰਗਲਵਾਰ ਨੂੰ ਜ਼ਿਲ੍ਹੇ ’ਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਟੀਕਾਕਰਨ ਹੋਇਆ। 2512 ਲੋਕਾਂ ਨੇ ਟੀਕਾ ਲਗਵਾਇਆ। ਇਸ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ 2432 ਲੋਕਾਂ ਨੇ ਟੀਕਾ ਲਗਵਾਇਆ ਸੀ। ਕੋਵਿਸ਼ੀਲਡ ਵੈਕਸੀਨ ਦੇ ਨਾਲ ਹੀ ਹੁਣ ਕੋਵੈਕਸੀਨ ਵੀ ਲੱਗਣੀ ਸ਼ੁਰੂ ਹੋ ਚੁੱਕੀ ਹੈ ।


author

rajwinder kaur

Content Editor

Related News