ਭਾਜਪਾ ਲਈ ਅੰਮ੍ਰਿਤਸਰ ਸੀਟ ਜਿੱਤਣਾ ਹੋਵੇਗਾ ਚੁਣੌਤੀਪੂਰਨ, ਹੁਣ ਤਕ 20 ਚੋਣਾਂ ''ਚੋਂ 6 ਵਾਰ ਹੀ ਮਿਲੀ ਜਿੱਤ

03/23/2024 2:20:19 PM

ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ ਵਿਚ 370 ਤੋਂ ਵੀ ਜ਼ਿਆਦਾ ਸੀਟਾਂ ਜਿੱਤਣ ਦਾ ਨਾਅਰਾ ਦਿੱਤਾ ਗਿਆ ਹੈ। ਇਸ ਨਾਅਰੇ ਨੂੰ ਸਾਕਾਰ ਕਰਨ ਲਈ ਕਿਸੇ ਵੀ ਸੂਬੇ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਇਸ ਲਈ ਪਾਰਟੀ ਵੱਲੋਂ ਪੰਜਾਬ ਤੋਂ ਵੀ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਕੋਸ਼ਿਸ਼ ਰਹੇਗੀ। ਇਸੇ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਮਜ਼ਬੂਤ ਉਮੀਦਵਾਰਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਸਰਕਾਰ ਦੇ ਸਵਾਲਾਂ ਦਾ ਬਲਕੌਰ ਸਿੰਘ ਨੇ ਦਿੱਤਾ ਜਵਾਬ, ਦੱਸੀ ਸਾਰੀ ਗੱਲ

ਅੰਮ੍ਰਿਤਸਰ ਲੋਕ ਸਭਾ ਸੀਟ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਭਾਜਪਾ ਵੱਲੋਂ ਇਸ ਹਲਕੇ ਲਈ ਉੱਚੇ ਰੁਤਬੇ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਨੂੰ ਮੈਦਾਨ ਵਿਚ ਉਤਾਰਿਆ ਜਾਂਦਾ ਰਿਹਾ ਹੈ। ਇਸੇ ਤਹਿਤ ਇਸ ਵਾਰ ਵੀ ਨਵੇਂ ਚਿਹਰੇ ਨੂੰ ਮੈਦਾਨ ਵਿਚ ਉਤਾਰਨ ਦੀ ਸੰਭਾਵਨਾ ਹੈ, ਪਰ ਭਾਜਪਾ ਉਮੀਦਵਾਰ ਵਾਸਤੇ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਜਿੱਤ ਹਾਸਲ ਕਰਨਾ ਸੌਖਾ ਨਹੀਂ ਹੋਵੇਗਾ। ਸਿਆਸੀ ਗਲਿਆਰਾਂ ਵਿਚ ਚਰਚਾ ਹੈ ਕਿ ਭਾਜਪਾ ਵੱਲੋਂ ਇਸ ਵਾਰ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ। 

20 ਵਿਚੋਂ 6 ਵਾਰ ਹੀ ਜਿੱਤ ਸਕੀ ਹੈ ਭਾਜਪਾ

ਅੰਮ੍ਰਿਤਸਰ ਤੋਂ ਭਾਜਪਾ ਵੱਲੋਂ 2014 ਵਿਚ ਅਰੁਣ ਜੇਤਲੀ ਨੂੰ ਉਮੀਦਵਾਰ ਐਲਾਨਿਆ ਗਿਆ ਸੀ। 2019 ਵਿਚ ਸਾਬਕਾ ਰਾਜਦੂਤ ਹਰਦੀਪ ਸਿੰਘ ਪੁਰੀ ਨੂੰ ਭਾਜਪਾ ਉਮੀਦਵਾਰ ਵਜੋਂ ਉਤਾਰਿਆ ਗਿਆ ਸੀ। ਇਸ ਤੋਂ ਪਹਿਲਾਂ 2004 ਵਿਚ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਉਮੀਦਵਾਰ ਵਜੋਂ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਮੈਦਾਨ ਵਿਚ ਉਤਾਰਿਆ ਗਿਆ ਸੀ। ਇਸ ਸੰਸਦੀ ਹਲਕੇ ਦੇ ਇਤਿਹਾਸ ’ਤੇ ਜੇਕਰ ਇੱਕ ਝਾਤ ਮਾਰੀ ਜਾਵੇ ਤਾਂ ਹੁਣ ਤੱਕ ਹੋਈਆਂ 20 ਵਾਰ ਲੋਕ ਸਭਾ ਚੋਣਾਂ ਅਤੇ ਉਪ ਚੋਣਾਂ ਦੌਰਾਨ ਭਾਜਪਾ ਨੇ ਸਿਰਫ ਛੇ ਵਾਰ ਚੋਣ ਜਿੱਤੀ ਹੈ। ਇਨ੍ਹਾਂ ਵਿਚੋਂ ਤਿੰਨ ਵਾਰ ਨਵਜੋਤ ਸਿੰਘ ਸਿੱਧੂ ਅਤੇ ਇਕ ਵਾਰ ਦਇਆ ਸਿੰਘ ਸੋਢੀ ਨੇ ਇਹ ਸੀਟ ਭਾਜਪਾ ਦੀ ਝੋਲੀ ਪਾਈ ਸੀ। ਇਸ ਤੋਂ ਪਹਿਲਾਂ 1967 ਵਿਚ ਭਾਰਤੀ ਜਨ ਸੰਘ ਦੇ ਉਮੀਦਵਾਰ ਵਜੋਂ ਯੱਗ ਦੱਤ ਸ਼ਰਮਾ ਤੇ 1977 ਵਿਚ ਜਨਤਾ ਪਾਰਟੀ ਵੱਲੋਂ ਬਲਦੇਵ ਪ੍ਰਕਾਸ਼ ਨੇ ਚੋਣ ਜਿੱਤੀ ਸੀ। ਇਹ ਹਲਕਾ ਕਾਂਗਰਸ ਦਾ ਗੜ੍ਹ ਰਿਹਾ ਜਿੱਥੇ ਕਾਂਗਰਸੀ ਉਮੀਦਵਾਰਾਂ ਨੇ 13 ਵਾਰ ਲੋਕ ਸਭਾ ਚੋਣ ਜਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਮਾਪਿਆਂ ਲਈ ਬੇਹੱਦ ਅਹਿਮ ਖ਼ਬਰ, ਨਵੇਂ ਸੈਸ਼ਨ ਤੋਂ ਪਹਿਲਾਂ ਜਾਰੀ ਹੋਏ ਨਿਰਦੇਸ਼

9 ਹਲਕਿਆਂ ਵਿਚ ਨਹੀਂ ਹੈ ਭਾਜਪਾ ਦਾ ਕੋਈ ਵਿਧਾਇਕ

ਇਸ ਵੇਲੇ ਭਾਜਪਾ ਦਾ ਦਿਹਾਤੀ ਹਲਕਿਆਂ ਵਿਚ ਕੋਈ ਵੱਡਾ ਆਧਾਰ ਨਹੀਂ ਹੈ ਅਤੇ ਇਸ ਸੰਸਦੀ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਚਾਰ ਹਲਕੇ ਦਿਹਾਤੀ ਹਲਕੇ ਹਨ। ਇਸ ਵੇਲੇ ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਦਾ ਇਕ ਵੀ ਵਿਧਾਇਕ ਨਹੀਂ ਹੈ ਅਤੇ 9 ਵਿਧਾਨ ਸਭਾ ਹਲਕਿਆਂ ਵਿਚੋਂ 7 ਵਿਚ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ। ਮੌਜੂਦਾ ਸਥਿਤੀ ਵਿਚ ਭਾਜਪਾ ਉਮੀਦਵਾਰ ਵਾਸਤੇ ਇਸ ਹਲਕੇ ਤੋਂ ਚੋਣ ਜਿੱਤਣਾ ਸੌਖਾ ਨਹੀਂ ਹੈ। ਭਾਜਪਾ ਵੱਲੋਂ ਐੱਨਡੀਏ ਦੇ ਆਪਣੇ ਪੁਰਾਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਗੱਠਜੋੜ ਬਾਰੇ ਗੱਲਬਾਤ ਚੱਲ ਰਹੀ ਹੈ।

ਸੰਧੂ ਸਣੇ ਕਈ ਨਾਵਾਂ ਦੀ ਚਰਚਾ

ਅੰਮ੍ਰਿਤਸਰ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਦੀ ਚਰਚਾ ਵਿਚ ਤਰਨਜੀਤ ਸਿੰਘ ਸੰਧੂ ਸਭ ਤੋਂ ਅੱਗੇ ਚੱਲ ਰਹੇ ਹਨ। ਉਨ੍ਹਾਂ ਤੋਂ ਇਲਾਵਾ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਨਾਵਾਂ ਦੀ ਵੀ ਚਰਚਾ ਚੱਲ ਰਹੀ ਹੈ। ਰਾਜਿੰਦਰ ਮੋਹਨ ਸਿੰਘ ਛੀਨਾ 2017 ਵਿਚ ਸੰਸਦੀ ਜ਼ਿਮਣੀ ਚੋਣ ਲੜ ਚੁੱਕੇ ਹਨ ਅਤੇ ਉਨ੍ਹਾਂ ਨੇ 3 ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ। ਹਾਲਾਂਕਿ ਉਹ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੋਂ ਹਾਰ ਗਏ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News