ਬਾਦਲਾਂ ਦੇ ਹੱਥ 'ਚ ਐੱਸ.ਜੀ.ਪੀ.ਸੀ. ਦਾ ਰਿਮੋਟ ਕੰਟਰੋਲ : ਔਜਲਾ

11/24/2019 4:48:16 PM

ਅੰਮ੍ਰਿਤਸਰ (ਸੁਮਿਤ ਖੰਨਾ) : ਸੁਲਤਾਨਪੁਰ ਲੋਧੀ 'ਚ 12 ਕਰੋੜ ਦੀ ਸਟੇਜ ਤੇ ਹਰਿਮੰਦਰ ਸਾਹਿਬ 'ਚ ਲੰਗਰਾਂ ਦੇ ਦੇਸੀ ਘਿਓ 'ਚ ਘਪਲੇ 'ਤੇ ਬੋਲਦਿਆਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਐੱਸ.ਜੀ.ਪੀ.ਸੀ. ਨੂੰ ਸਲਾਹ ਦਿੱਤੀ ਹੈ ਕਿ ਉਹ ਸਾਹਮਣੇ ਆ ਕੇ ਇਸ ਮੁੱਦੇ 'ਤੇ ਆਪਣੀ ਸਫਾਈ ਦੇਵੇ। ਔਜਲਾ ਨੇ ਐੱਸ.ਜੀ.ਪੀ.ਸੀ. 'ਤੇ ਬਾਦਲਾਂ ਦਾ ਕੰਟੋਰਲ ਦੱਸਦੇ ਹੋਏ ਕਿਹਾ ਕਿ ਕਿ ਅੱਜ 'ਗੁਰੂ ਕੀ ਗੋਲਕ, ਗਰੀਬ ਦਾ ਮੂੰਹ'  ਨਾ ਰਹਿ ਕੇ 'ਬਾਦਲਾਂ ਦਾ ਮੂੰਹ' ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਰਿਮੋਟ ਕੰਟਰੋਲ ਬਾਦਲਾਂ ਦੇ ਹੱਥ 'ਚ ਹੈ। ਬਾਦਲ ਸ਼੍ਰੋਮਣੀ ਕਮੇਟੀ ਤੋਂ ਸਿਆਹੀ ਲਾਹਾ ਲੈ ਰਹੇ ਹਨ। ਇਸ ਤੋਂ ਇਲਾਵਾ ਔਜਲਾ ਨੇ ਜੀ.ਐੱਸ.ਟੀ. ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਜੀ.ਐੱਸ.ਟੀ. ਰਾਸ਼ੀ ਨਾ ਮਿਲਣ ਕਰਕੇ ਪੰਜਾਬ ਦਾ ਹੱਥ ਤੰਗ ਹੋਇਆ ਹੈ ਤੇ ਤਨਖਾਹਾਂ ਦੇਣੀਆਂ ਵੀ ਮੁਸ਼ਕਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ।

ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕੀਤਾ, ਜਿਸ 'ਚ ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 'ਤੇ 3 ਮਹੀਨੇ ਤੱਕ ਚੱਲਣ ਵਾਲੇ ਨਗਰ ਕੀਰਤਨ ਦੌਰਾਨ ਲੋਕਾਂ ਵਲੋਂ ਦਿੱਤੇ ਗਏ ਦਾਨ ਤੋਂ ਇਕੱਠੇ ਹੋਏ 12 ਕਰੋੜ ਰੁਪਏ ਬਾਦਲਾਂ ਨੂੰ ਖੁਸ਼ ਕਰਨ ਲਈ ਪੰਡਾਲ 'ਤੇ ਖਰਚ ਕਰ ਦਿੱਤੇ ਗਏ, ਜਦਕਿ ਇਸ 12 ਕਰੋੜ ਰੁਪਏ ਸਬੰਧੀ ਨਗਰ ਕੀਰਤਨ ਦੀ ਸਬ-ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਇਸ ਨਾਲ ਕੋਈ ਹਸਪਤਾਲ ਜਾਂ ਸਕੂਲ ਖੋਲ੍ਹਿਆ ਜਾ ਸਕਦਾ ਹੈ। ਜੇਕਰ 10 ਕਰੋੜ ਨੂੰ 20 ਡਾਲਰ ਨਾਲ ਤਕਸੀਮ ਕੀਤਾ ਜਾਵੇ ਤਾਂ 1 ਲੱਖ ਸ਼ਰਧਾਲੂ ਦਰਸ਼ਨਾਂ ਲਈ ਗੁਰੂ ਘਰ ਜਾ ਸਕਦੇ ਸਨ ਪਰ ਅਜਿਹਾ ਨਾ ਕਰ ਕੇ ਉਸ ਚੜ੍ਹਾਵੇ ਦੇ 12 ਕਰੋੜ ਰੁਪਏ ਨੂੰ 3 ਦਿਨਾਂ 'ਚ ਖਰਚ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਘਿਉ ਦੀ ਚੋਰੀ 'ਤੇ ਬੋਲੇ, ਲੰਗਰ ਹਾਲ ਦੀ ਇਮਾਰਤ 'ਚ ਹੋਈ ਗੜਬੜੀ 'ਤੇ ਬੋਲੇ, ਟੈਂਡਰ 'ਤੇ ਟਕਸਾਲੀ ਬੋਲੇ, ਸਰਕਾਰ ਦੇ ਮੰਤਰੀ ਬੋਲੇ, ਭਾਈ ਰਣਜੀਤ ਸਿੰਘ ਬੋਲੇ ਕਿ 2 ਕਰੋੜ ਦੀਆਂ ਲਾਈਟਾਂ ਨੂੰ 12 ਕਰੋੜ 'ਚ ਲਵਾਇਆ ਗਿਆ ਹੈ, ਫਿਰ ਕੇਸ ਕਿਉਂ ਨਹੀਂ ਕੀਤਾ ਗਿਆ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਮੰਨਾ ਹੀ ਕਿਉਂ ਦਿਖਾਈ ਦੇ ਰਿਹਾ ਹੈ, ਉਸ ਦਾ ਡਰ ਹੀ ਕਿਉਂ ਸਤਾ ਰਿਹਾ ਹੈ।


Baljeet Kaur

Content Editor

Related News