ਪਾਕਿ ਤੋਂ ਸ਼ੱਕੀਆਂ ਦੀ ਘੁਸਪੈਠ ਤੋਂ ਬਾਅਦ ਅੰਮ੍ਰਿਤਸਰ ਅਲਰਟ

Sunday, Apr 22, 2018 - 03:21 AM (IST)

ਪਾਕਿ ਤੋਂ ਸ਼ੱਕੀਆਂ ਦੀ ਘੁਸਪੈਠ ਤੋਂ ਬਾਅਦ ਅੰਮ੍ਰਿਤਸਰ ਅਲਰਟ

ਅੰਮ੍ਰਿਤਸਰ,   (ਸੰਜੀਵ)-   ਪਠਾਨਕੋਟ ਦੇ ਨਰੋਟ ਜੈਮਲ ਸਿੰਘ 'ਚ ਪਾਕਿਸਤਾਨ ਤੋਂ ਹੋਈ ਕੁਝ ਸ਼ੱਕੀ ਵਿਅਕਤੀਆਂ ਦੀ ਘੁਸਪੈਠ ਦੇ ਸ਼ੱਕ ਨੂੰ ਲੈ ਕੇ ਅੰਮ੍ਰਿਤਸਰ ਪੂਰੀ ਤਰ੍ਹਾਂ ਅਲਰਟ 'ਤੇ ਹੈ। ਅੱਜ ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਭਾਰੀ ਪੁਲਸ ਬਲ ਨਾਲ ਜਿਥੇ ਫਲੈਗ ਮਾਰਚ ਕੀਤਾ, ਉਥੇ ਹੀ ਰਾਊਂਡ ਦਿ ਕਲਾਕ ਨਾਕਿਆਂ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਦਾ ਮਨੋਬਲ ਵਧਾਉਣ ਲਈ ਫੋਰਸ ਦੀ ਜਾਂਚ ਕੀਤੀ, ਜਿਥੇ ਉਨ੍ਹਾਂ ਨੇ ਨਾਕਿਆਂ 'ਤੇ ਤਾਇਨਾਤ ਪੁਲਸ ਬਲ ਨੂੰ ਦਿੱਤੇ ਗਏ ਅਤਿ-ਆਧੁਨਿਕ ਹਥਿਆਰਾਂ ਨੂੰ ਵੀ ਜਾਂਚਿਆ, ਜਿਨ੍ਹਾਂ 'ਚ ਸਰਕਾਰ ਵੱਲੋਂ ਸਪੈਸ਼ਲ ਗੰਨ ਮੁਹੱਈਆ ਕਰਵਾਈ ਗਈ ਹੈ, ਜਿਸ ਨੂੰ ਮਾਰਨ ਨਹੀਂ ਸਗੋਂ ਜ਼ਖਮੀ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਸ਼ਹਿਰ ਦੇ ਸਾਰੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਚੱਪੇ-ਚੱਪੇ 'ਤੇ ਲਾਏ ਗਏ ਨਾਕੇ ਜਿਥੇ ਹਰ ਸ਼ਹਿਰਵਾਸੀ ਵਿਚ ਸੁਰੱਖਿਅਤ ਹੋਣ ਦਾ ਅਹਿਸਾਸ ਪੈਦਾ ਕਰ ਰਹੇ ਹਨ, ਉਥੇ ਹੀ ਸ਼ੱਕੀ ਵਿਅਕਤੀਆਂ 'ਤੇ ਵੀ ਨਜ਼ਰ ਰੱਖਣ ਦਾ ਕੰਮ ਕੀਤਾ ਜਾ ਰਿਹਾ ਹੈ।
ਅੰਦਰੂਨੀ ਸ਼ਹਿਰ 'ਚ ਵੀ ਵਧਾਈ ਸੁਰੱਖਿਆ
ਆਧੁਨਿਕ ਹਥਿਆਰਾਂ ਨਾਲ ਲੈਸ ਪੁਲਸ ਦੀਆਂ ਟੁਕੜੀਆਂ ਨੂੰ ਅੰਦਰੂਨੀ ਸ਼ਹਿਰ 'ਚ ਸਥਿਤ ਧਾਰਮਿਕ ਅਸਥਾਨਾਂ ਦੇ ਆਲੇ-ਦੁਆਲੇ ਅਤੇ ਪਬਲਿਕ ਪਲੇਸ 'ਤੇ ਖੜ੍ਹਾ ਕੀਤਾ ਗਿਆ ਹੈ, ਜੋ ਸ਼ਹਿਰਵਾਸੀਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦਾ ਵਿਸ਼ਵਾਸ ਦਿਵਾ ਰਹੀਆਂ ਹਨ। ਇਹ ਕਹਿਣਾ ਹੈ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਦਾ। ਉਨ੍ਹਾਂ ਦੱਸਿਆ ਕਿ ਹਾਲ ਬਾਜ਼ਾਰ ਤੋਂ ਹੁੰਦੇ ਹੋਏ ਚੌਕ ਫੁਹਾਰਾ, ਜਲਿਆਂਵਾਲਾ ਬਾਗ, ਸ੍ਰੀ ਹਰਿਮੰਦਰ ਸਾਹਿਬ, ਅੰਦਰੂਨੀ ਬਾਜ਼ਾਰਾਂ ਤੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਰੇ ਰਸਤਿਆਂ 'ਤੇ ਪੁਲਸ ਦੀਆਂ ਟੁਕੜੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਇਕ ਪਾਸੇ ਸ਼ਹਿਰਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਗਰਮ ਹਨ, ਉਥੇ ਹੀ ਕਿਸੇ ਵੀ ਸ਼ੱਕੀ ਵਿਅਕਤੀ 'ਤੇ ਆਪਣੀ ਪੈਨੀ ਨਜ਼ਰ ਟਿਕਾਏ ਹੋਏ ਹਨ।


Related News