ਅੰਮ੍ਰਿਤਸਰ : ਪੁਲਸ ਤੇ ਲੋਕਾਂ ਵਿਚਾਲੇ ਝੜਪ, 3 ਜ਼ਖਮੀ (ਵੀਡੀਓ)
Monday, Dec 03, 2018 - 12:41 AM (IST)
ਅੰਮ੍ਰਿਤਸਰ (ਬੌਬੀ)-ਥਾਣਾ ਗੇਟ ਹਕੀਮਾਂ ਦੀ ਪੁਲਸ ਹਿਰਾਸਤ ’ਚ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੀ ਪਤਨੀ ਪਲਕ ਵਾਸੀ ਕੋਟ ਮਿਤ ਸਿੰਘ ਨੇ ਪੁਲਸ ’ਤੇ ਦੋਸ਼ ਲਾਉਂਦਿਅਾਂ ਕਿਹਾ ਕਿ ਸ਼ਾਮ 6 ਵਜੇ ਦੇ ਕਰੀਬ ਪੁਲਸ ਸਾਡੇ ਘਰ ਆਈ ਤੇ ਮੇਰੇ ਪਤੀ ਬਿੱਟੂ ਨੂੰ ਜਬਰੀ ਫਡ਼ ਕੇ ਥਾਣੇ ਲੈ ਗਈ, ਜਿਨ੍ਹਾਂ ਨੂੰ ਮੈਂ ਤੇ ਮੇਰਾ ਪਤੀ ਕਾਰਨ ਪੁੱਛਦੇ ਰਹੇ ਕਿ ਸਾਡਾ ਕਸੂਰ ਕੀ ਹੈ ਤਾਂ ਪੁਲਸ ਵਾਲੇ ਕਹਿਣ ਲੱਗੇ ਕਿ ਇਹ ਤਾਂ ਥਾਣੇ ਜਾ ਕੇ ਹੀ ਪਤਾ ਲੱਗੇਗਾ। ਬਾਅਦ ’ਚ 7:30 ਵਜੇ ਮੈਨੂੰ ਪੁਲਸ ਦਾ ਫੋਨ ਆਇਆ ਕਿ ਉਸ ਦੇ ਪਤੀ ਦੀ ਤਬੀਅਤ ਖ਼ਰਾਬ ਹੋ ਗਈ ਹੈ, ਤੁਸੀਂ ਥਾਣੇ ਆ ਕੇ ਉਸ ਨੂੰ ਹਸਪਤਾਲ ਲੈ ਜਾਓ। ਮੈਂ ਆਪਣੇ ਪਰਿਵਾਰ ਨਾਲ ਥਾਣੇ ਪਹੁੰਚੀ ਤੇ ਆਪਣੇ ਪਤੀ ਨੂੰ ਏ. ਪੀ. ਹਸਪਤਾਲ ਲੈ ਗਈ, ਜਿਥੇ ਪੁੱਜਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਜਦੋਂ ਪੀਡ਼ਤ ਪਰਿਵਾਰ ਨੇ ਬਿੱਟੂ ਸ਼ਾਹ ਨੂੰ ਪੁਲਸ ਹਿਰਾਸਤ ’ਚ ਲੈਣ ਦਾ ਕਾਰਨ ਪੁੱਛਿਆ ਤਾਂ ਪੁਲਸ ਕੋਈ ਜਵਾਬ ਨਹੀਂ ਦੇ ਸਕੀ, ਜਿਸ ਕਾਰਨ ਰੋਸ ’ਚ ਆ ਕੇ ਪੀਡ਼ਤ ਪਰਿਵਾਰ ਸਮੇਤ ਸੈਂਕਡ਼ੇ ਲੋਕ ਇਕੱਠੇ ਹੋ ਗਏ ਤੇ ਥਾਣੇ ਦੇ ਬਾਹਰ ਪੁਲਸ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਲੋਕਾਂ ਨੂੰ ਸ਼ਾਂਤ ਕਰਵਾਉਣ ਤੇ ਇਧਰ-ਉਧਰ ਕਰਨ ਲਈ ਹਲਕਾ ਜਿਹਾ ਲਾਠੀਚਾਰਜ ਕੀਤਾ। ਗੁੱਸੇ ’ਚ ਭਡ਼ਕੇ ਲੋਕਾਂ ਨੇ ਸਡ਼ਕ ’ਤੇ ਜਾਮ ਲਾ ਕੇ ਟ੍ਰੈਫਿਕ ਆਵਾਜਾਈ ਬੰਦ ਕਰਨ ਦਾ ਯਤਨ ਕਰਦਿਅਾਂ ਕਈ ਵਾਹਨਾਂ ਦੀ ਭੰਨ-ਤੋਡ਼ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਸ ’ਤੇ ਇੱਟਾਂ-ਰੋਡ਼ੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਵਿਚ 2 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏ. ਡੀ. ਸੀ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ ਭਾਰੀ ਪੁਲਸ ਬਲ ਨਾਲ ਮੌਕੇ ’ਤੇ ਪਹੁੰਚੇ ਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਂਦਿਅਾਂ ਭਰੋਸਾ ਦਿੱਤਾ ਕਿ ਉਹ ਮਾਮਲੇ ਦੀ ਜਾਚ ਕਰ ਰਹੇ ਹਨ।
ਮ੍ਰਿਤਕ ਸੀ ਕਾਂਗਰਸੀ ਵਰਕਰ- ਮ੍ਰਿਤਕ ਬਿੱਟੂ ਸ਼ਾਹ ਇਕ ਕਾਂਗਰਸੀ ਵਰਕਰ ਸੀ ਤੇ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦਾ ਨਜ਼ਦੀਕੀ ਸੀ। ਉਹ ਲੋਕਾਂ ਦੀ ਮਦਦ ਲਈ ਹਰ ਸਮੇਂ ਤੱਤਪਰ ਰਹਿੰਦਾ ਸੀ ਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਵੀ ਕਰਦਾ ਸੀ। ਉਸ ਨੇ ਖੇਤਰ ’ਚ ਲੋਕਾਂ ਦੇ ਕੰਮ-ਕਾਜ ਕਰ ਕੇ ਆਪਣੀ ਚੰਗੀ ਪਛਾਣ ਬਣਾਈ ਹੋਈ ਸੀ। ਮ੍ਰਿਤਕ ਦੇ 3 ਬੱਚੇ 2 ਬੇਟੇ ਤੇ ਇਕ ਬੇਟੀ ਹੈ, ਜਿਨ੍ਹਾਂ ਦੇ ਸਿਰ ਤੋਂ ਸਦਾ ਲਈ ਪਿਉ ਦਾ ਸਾਇਆ ਉੱਠ ਗਿਆ ਹੈ।
ਕੀ ਕਹਿਣਾ ਹੈ ਏ. ਡੀ. ਸੀ. ਪੀ. ਸਿਟੀ-1 ਦਾ?
ਏ. ਡੀ. ਸੀ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਮ੍ਰਿਤਕ ਬਿੱਟੂ ਸ਼ਾਹ ਦੀ ਪੁਲਸ ਹਿਰਾਸਤ ’ਚ ਮੌਤ ਨਹੀਂ ਹੋਈ, ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਉਪਰੰਤ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।