ਕਾਊਂਟਰ ਇੰਟੈਲੀਜੈਂਸ ਦਾ ਛਾਪਾ : ਹਥਿਆਰਾਂ ਸਣੇ 2 ਬਦਮਾਸ਼ ਗ੍ਰਿਫਤਾਰ

06/14/2019 3:36:35 PM

ਅੰਮ੍ਰਿਤਸਰ (ਸੁਮਿਤ ਖੰਨਾ,ਅਰੁਣ) : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਖੁਫੀਆ ਵਿੰਗ ਕਾਊਂਟਰ ਇਟੈਲੀਜੈਂਸ ਨੇ ਇਤਲਾਹ ਦੇ ਆਧਾਰ 'ਤੇ ਨਾਕਾਬੰਦੀ ਕਰਦਿਆਂ ਇਨੋਵਾ ਕਾਰ ਸਵਾਰ 2 ਬਦਮਾਸ਼ਾਂ ਨੂੰ ਕਾਬੂ ਕੀਤਾ। ਮੁਲਜ਼ਮ ਕਰਮਜੀਤ ਸਿੰਘ ਕਰਮਾ ਪੁੱਤਰ ਲਖਬੀਰ ਸਿੰਘ ਵਾਸੀ ਨਿਊ ਮਾਡਲ ਕਾਲੋਨੀ ਸਾਹਮਣੇ ਓ. ਸੀ. ਐੱਮ. ਮਿੱਲ ਛੇਹਰਟਾ ਅਤੇ ਹਰਮਨਜੀਤ ਸਿੰਘ ਉਰਫ ਹਰਮਨ ਪੱਡਾ ਪੁੱਤਰ ਗੁਰਪ੍ਰਲਾਦ ਸਿੰਘ ਵਾਸੀ ਪੱਡੇ ਫੇਰੂਮਾਨ ਬਾਬਾ ਬਕਾਲਾ ਨੂੰ ਜਲੰਧਰ ਜੀ. ਟੀ. ਰੋਡ 'ਤੇ ਮਾਨਾਂਵਾਲਾ ਖੇਤਰ ਨੇੜਿਓਂ ਕਾਬੂ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ. ਕੇਤਨ ਬਾਲੀਰਾਮ ਪਾਟਿਲ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਵੱਖ-ਵੱਖ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ 2 ਖਤਰਨਾਕ ਮੁਲਜ਼ਮ ਕਾਰ 'ਚ ਆ ਰਹੇ ਹਨ। ਇੰਸਪੈਕਟਰ ਇੰਦਰਦੀਪ ਸਿੰਘ ਦੀ ਟੀਮ ਵੱਲੋਂ ਮਾਨਾਂਵਾਲਾ ਖੇਤਰ ਨੇੜੇ ਕੀਤੀ ਨਾਕੇਬੰਦੀ ਦੌਰਾਨ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਕਬਜ਼ੇ 'ਚੋਂ 30 ਬੋਰ ਦੇ 2 ਪਿਸਤੌਲਾਂ ਸਮੇਤ 2 ਮੈਗਜ਼ੀਨ, 94 ਕਾਰਤੂਸ 30 ਬੋਰ, ਇਕ ਪਿਸਤੌਲ 32 ਬੋਰ ਸਮੇਤ 2 ਮੈਗਜ਼ੀਨ 17 ਜ਼ਿੰਦਾ ਕਾਰਤੂਸ, ਇਕ ਰਿਵਾਲਵਰ 32 ਬੋਰ ਸਮੇਤ 44 ਕਾਰਤੂਸ (ਕੁਲ 3 ਪਿਸਤੌਲ, ਇਕ ਰਿਵਾਲਵਰ, 4 ਮੈਗਜ਼ੀਨ ਅਤੇ 155 ਕਾਰਤੂਸ) ਪੁਲਸ ਨੇ ਕਬਜ਼ੇ 'ਚ ਲੈਣ ਮਗਰੋਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ।

ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਏ. ਆਈ. ਜੀ. ਕੇਤਨ ਪਾਟਿਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮ ਕਰਮਜੀਤ ਸਿੰਘ ਕਰਮਾ ਜੋ ਕਿ ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ ਪੁਲਸ ਨੂੰ ਲੋੜੀਂਦਾ ਹੈ, ਦੇ ਖਿਲਾਫ ਥਾਣਾ ਛੇਹਰਟਾ ਵਿਖੇ ਮਾਮਲਾ ਨੰਬਰ 211, ਮਿਤੀ 27-9-2018 ਜੇ. ਦ. 307/506/148/149 ਭ.ਦ.ਸ. 25/27/54/59 ਅਸਲਾ ਐਕਟ ਅਤੇ ਹਰਮਨ ਖਿਲਾਫ ਥਾਣਾ ਬਿਆਸ ਵਿਖੇ ਦਰਜ ਮਾਮਲਾ ਨੰਬਰ 234 ਮਿਤੀ 57/15 ਜੇ. ਦ. 25/54/59 ਦਰਜ ਹੈ। ਮੁਲਜ਼ਮ ਕਰਮਾ ਆਪਣੇ ਖਿਲਾਫ ਕੇਸ ਦਰਜ ਹੋਣ ਮਗਰੋਂ ਜਲੰਧਰ ਦੌੜ ਗਿਆ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਹਰਮਨਜੀਤ ਸਿੰਘ ਨਾਲ ਹੋਈ। ਇਕ ਸਵਾਲ ਦੇ ਜਵਾਬ 'ਚ ਬੋਲਦਿਆਂ ਏ. ਆਈ. ਜੀ. ਕੇਤਨ ਪਾਟਿਲ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਇਨ੍ਹਾਂ ਨਾਜਾਇਜ਼ ਹਥਿਆਰਾਂ ਸਬੰਧੀ ਪੁਲਸ ਜਾਂਚ ਕਰ ਰਹੀ ਹੈ। ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਕੀਤੀ ਜਾਣ ਵਾਲੀ ਪੁੱਛਗਿੱਛ ਮਗਰੋਂ ਹੀ ਪੂਰਾ ਖੁਲਾਸਾ ਕੀਤਾ ਜਾਵੇਗਾ।


cherry

Content Editor

Related News