ਅੰਮ੍ਰਿਤਸਰ ''ਚ 137 ਸਾਲ ਪਹਿਲਾਂ ਚੱਲੀ ਸੀ ਕੂੜਾ ਚੁੱਕਣ ਵਾਲੀ ਦੇਸ਼ ਦੀ ਪਹਿਲੀ ਟਰੇਨ

08/10/2019 2:05:41 PM

ਫਿਰੋਜ਼ਪੁਰ (ਵੈੱਬ ਡੈਸਕ) : ਪੰਜਾਬ ਵਿਚ ਰੇਲ ਗੱਡੀਆਂ ਦਾ ਸੰਚਾਲਣ ਸ਼ੁਰੂ ਹੋਣ ਦੇ 21 ਸਾਲ ਬਾਅਦ 1882 ਵਿਚ ਅੰਮ੍ਰਿਤਸਰ ਸ਼ਹਿਰ ਵਿਚ ਕੂੜਾ ਚੁੱਕਣ ਲਈ ਟਰੇਨ ਸੇਵਾ ਸ਼ੁਰੂ ਕੀਤੀ ਗਈ ਸੀ। ਕੂੜਾ ਢੋਹਣ ਲਈ ਇਹ ਟਰੇਨ ਅੰਮ੍ਰਿਤਸਰ ਫਰਸਟ ਕਲਾਸ ਮਿਊਂਸੀਪਲ ਕਮੇਟੀ ਨੇ ਇੰਗਲੈਂਡ ਤੋਂ ਖਰੀਦੀ ਸੀ। ਵੰਡ ਤੋਂ ਪਹਿਲਾਂ ਭਾਰਤ ਵਿਚ ਉਸ ਸਮੇਂ ਲਾਹੌਰ ਤੋਂ ਦਿੱਲੀ ਦਰਮਿਆਨ ਅੰਮ੍ਰਿਤਸਰ ਮਿਊਂਸੀਪਲ ਕਮੇਟੀ ਇਕਲੌਤੀ ਫਰਸਟ ਕਲਾਸ ਮਿਊਂਸੀਪਲ ਕਮੇਟੀ ਸੀ। 137 ਸਾਲ ਪਹਿਲਾਂ ਇਹ ਟਰੇਨ ਕੂੜੇ ਵਾਲੇ ਡੱਬਿਆਂ ਤੋਂ ਇਲਾਵਾ 2 ਸਵਾਰੀ ਡੱਬੇ ਵੀ ਆਪਣੇ ਨਾਲ ਜੋੜ ਕੇ ਚੱਲਦੀ ਸੀ। ਇਸ ਨਾਲ ਲੋਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਆਉਂਦੇ-ਜਾਂਦੇ ਸਨ।

ਇਹ ਦੇਸ਼ ਦੀ ਪਹਿਲੀ ਟਰੇਨ ਸੀ, ਜਿਸ ਤੋਂ ਕੂੜਾ ਢੋਹਣ ਦਾ ਕੰਮ ਕੀਤਾ ਜਾਂਦਾ ਸੀ। ਇਸ ਟਰੇਨ ਦਾ ਹੁਣ ਕਿਤੇ ਨਾਮੋਨਿਸ਼ਾਨ ਨਹੀਂ ਹੈ ਅਤੇ ਨਾ ਹੀ ਰੇਲਵੇ ਨੇ ਆਪਣੇ ਰਿਕਾਰਡ ਵਿਚ ਇਸ ਨੂੰ ਕਿਤੇ ਪ੍ਰਮੁਖਤਾ ਨਾਲ ਦਰਜ ਕਰਕੇ ਜਗ੍ਹਾਂ ਦਿੱਤੀ ਹੈ। ਇੰਗਲੈਂਡ ਸਰਕਾਰ ਨੇ ਇਸ ਟਰੇਨ ਨੂੰ ਇਤਿਹਾਸਕ ਸ਼ੁਰੂਆਤ ਦੱਸਦੇ ਹੋਏ ਆਪਣੇ ਮਿਊਜ਼ੀਅਮ ਵਿਚ ਵੱਖ-ਵੱਖ ਸਬੂਤ, ਤਸਵੀਰਾਂ ਅਤੇ ਰਿਕਾਰਡ ਨਾਲ ਦਰਜ ਕੀਤਾ ਹੈ ਤਾਂ ਕਿ ਲੋਕਾਂ ਨੂੰ ਅੱਜ ਤੋਂ 137 ਸਾਲ ਪਹਿਲਾਂ ਦੇ ਰੇਲਵੇ ਦੇ ਵਿਕਾਸ ਯਾਤਰਾ ਤੋਂ ਜਾਣੁ ਕਰਵਾਇਆ ਜਾ ਸਕੇ।

ਰੇਲਵੇ ਦੀ ਵਿਕਾਸ ਯਾਤਰਾ 'ਤੇ ਰਿਸਰਚ ਕਰ ਰਹੇ ਰੇਲ ਡਿਵੀਜ਼ਨ ਫਿਰੋਜ਼ਪੁਰ ਦੇ ਡਿਵੀਜ਼ਨਰਲ ਆਪਰੇਟਿੰਗ ਮੈਨੇਜਰ ਐਸ.ਪੀ. ਸਿੰਘ ਭਾਟੀਆ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਨਿੱਜੀ ਖਰਚੇ 'ਤੇ ਇੰਗਲੈਂਡ ਗਏ ਸਨ ਤਾਂ ਉਥੇ ਅਧਿਐਨ ਦੌਰਾਨ ਉਨ੍ਹਾਂ ਨੇ ਉਥੋਂ ਦੀ ਬ੍ਰਿਟਿਸ਼ ਲਾਈਬ੍ਰੇਰੀ ਅਤੇ ਨੈਸ਼ਨਲ ਰੇਲ ਮਿਊਜ਼ੀਅਮ ਪਾਰਕ ਵਿਚ ਇਸ ਟਰੇਨ ਦੀ ਜਾਣਕਾਰੀ ਹਾਸਲ ਕੀਤੀ। ਭਾਟੀਆ ਨੇ ਦੱਸਿਆ ਕਿ ਇਹ ਬਹੁਤ ਹੀ ਮਾਣ ਕਰਨ ਵਾਲੀ ਗੱਲ ਹੈ ਕਿ ਭਾਰਤ ਵਿਚ 1882 ਵਿਚ ਹੀ ਕੂੜਾ ਢੋਹਣ ਲਈ ਸ਼ਹਿਰ ਵਿਚ ਟਰੇਨ ਚੱਲ ਗਈ ਸੀ ਪਰ ਬਦਕਿਸਮਤੀ ਨਾਲ ਇਸ ਦੀ ਸੰਭਾਲ ਨਹੀਂ ਹੋ ਸਕੀ। ਹਾਲਾਂਕਿ ਇਸ ਟਰੇਨ ਦਾ ਸਿਧੇ ਰੂਪ ਤੋਂ ਰੇਲਵੇ ਨਾਲ ਕੋਈ ਲੈਣ-ਦੇਣਾ ਨਹੀਂ ਹੈ, ਕਿਉਂਕਿ ਰਿਕਾਰਡ ਅਨੁਸਾਰ ਇਹ ਟਰੇਨ ਅੰਮ੍ਰਿਤਸਰ ਫਰਸਟ ਕਲਾਸ ਮਿਊਜ਼ੀਅਮ ਕਮੇਟੀ ਨੇ ਨਿੱਜੀ ਤੌਰ 'ਤੇ ਸ਼ਹਿਰ ਵਿਚ ਕੂੜਾ ਚੁੱਕਣ ਲਈ ਖਰੀਦੀ ਸੀ। ਉਨ੍ਹਾਂ ਦੱਸਿਆ ਕਿ 14 ਪੌਂਡ ਵਜ਼ਨੀ, 5 ਮੀਲ ਲੰਬੇ ਰੇਲਵੇ ਟਰੇਕ 'ਤੇ ਇਹ ਟਰੇਨ ਰੋਜ਼ਾਨਾ ਆਉਂਦੀ-ਜਾਂਦੀ ਸੀ, ਜਿਸ ਕੰਪਨੀ ਨੇ ਇਸ ਨੂੰ ਖਰੀਦਿਆ ਸੀ, ਉਸ ਨੇ ਕੁੱਝ ਹੀ ਦਿਨਾਂ ਵਿਚ ਸ਼ਹਿਰ ਵਿਚ 2 ਫੁੱਟ ਚੌੜਾ ਅਤੇ 5 ਮੀਲ ਲੰਬਾ ਰੇਲਵੇ ਟਰੈਕ 14 ਦਸੰਬਰ 1882 ਤੱਕ ਵਿਛਾ ਕੇ ਟਰੇਨ ਸੇਵਾ ਸ਼ੁਰੂ ਕਰ ਦਿੱਤੀ ਸੀ।


cherry

Content Editor

Related News