7 ਘੰਟੇ ਮੌਤ ਦੇ ਚੁੰਗਲ ''ਚ ਰਹੇ ਟ੍ਰੈਵਲ ਏਜੰਟ ਨੇ ਸੁਣਾਈ ਦਾਸਤਾਂ

06/05/2019 11:01:26 AM

ਅੰਮ੍ਰਿਤਸਰ (ਸਫਰ) : ਬੀਤੀ 22 ਮਈ ਨੂੰ ਰਣਜੀਤ ਐਵੀਨਿਊ ਬੀ-ਬਲਾਕ ਸ਼ਾਪਿੰਗ ਕੰਪਲੈਕਸ ਐੱਸ. ਸੀ. ਓ.-8 'ਚ ਇਮੀਗ੍ਰੇਸ਼ਨ ਦਾ ਦਫਤਰ ਚਲਾ ਰਹੇ ਟ੍ਰੈਵਲ ਏਜੰਟ ਸਚਿਨ ਅਤੇ ਉਨ੍ਹਾਂ ਦੇ ਸਹਾਇਕ ਨਵਰੂਪ ਪ੍ਰਭਾਕਰ ਨੂੰ ਅਗਵਾ ਕਰਨ ਵਾਲੇ 13 ਦਿਨਾਂ ਬਾਅਦ ਵੀ ਪੁਲਸ ਨੂੰ ਚਕਮਾ ਦੇ ਰਹੇ ਹਨ। ਟ੍ਰੈਵਲ ਏਜੰਟ ਸਮੇਤ ਉਨ੍ਹਾਂ ਦੇ ਸਹਾਇਕ ਨੂੰ ਅਗਵਾ ਕਰਨ ਦੇ ਮਾਮਲੇ 'ਚ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਨੇ ਐੱਫ. ਆਈ. ਆਰ. ਨੰਬਰ 71 ਦੇ ਤਹਿਤ ਕੈਨੇਡਾ ਤੋਂ ਆਏ ਹੈੱਡ ਗ੍ਰੰਥੀ ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਦੋਵੇਂ ਬੇਟੇ ਸਿਮਰਨਜੀਤ ਸਿੰਘ ਤੇ ਗੁਰਸੇਵਕ ਸਿੰਘ ਸਮੇਤ 4-5 ਹੋਰ ਲੋਕਾਂ ਖਿਲਾਫ ਅਗਵਾ ਕਰਨ ਅਤੇ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ 'ਜਗ ਬਾਣੀ' ਨਾਲ ਟ੍ਰੈਵਲ ਏਜੰਟ ਸਚਿਨ ਨੇ ਜੋ ਹੱਡਬੀਤੀ ਸੁਣਾਈ, ਉਹ ਬੇਹੱਦ ਡਰਾਉਣੀ ਸੀ। 7 ਘੰਟੇ ਕਿਵੇਂ ਮੌਤ ਦੇ ਸ਼ਿਕੰਜੇ 'ਚੋਂ ਬਾਹਰ ਨਿਕਲੇ, ਇਸ ਦਾ ਖੁਲਾਸਾ ਕਰਦਿਆਂ ਆਪਣੀ ਕਹਾਣੀ ਆਪਣੀ ਜ਼ੁਬਾਨੀ ਦੱਸੀ।

ਸਚਿਨ ਅਨੁਸਾਰ ਉਸ ਦਿਨ ਉਸ ਨੂੰ ਅਤੇ ਉਸ ਦੇ ਸਾਥੀ ਨਵਰੂਪ ਨੂੰ ਰਣਜੀਤ ਐਵੀਨਿਊ ਵਿਚ ਕੁੱਟਿਆ ਗਿਆ। ਉਸ ਦੇ ਬਾਅਦ ਉਨ੍ਹਾਂ ਨੇ ਪਾਕਿਸਤਾਨ ਨਾਲ ਲੱਗਦੇ ਪਿੰਡ 'ਰਾਣੀਆ' ਵਿਖੇ ਮੁਲਜ਼ਮ ਸਿਮਰਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਲੈ ਗਏ। ਇਹ ਸਿਮਰਨਪ੍ਰੀਤ ਸਿੰਘ ਦੀ ਮਾਸੀ ਦਾ ਘਰ ਸੀ। ਉਨ੍ਹਾਂ ਨੂੰ ਇਕ ਕਮਰੇ 'ਚ ਕੈਦ ਕਰ ਕੇ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਗਈ। ਸੋਨੇ ਦੀ ਚੇਨ, ਮੁੰਦਰੀ, ਕੈਸ਼ 95 ਹਜ਼ਾਰ ਰੁਪਏ ਅਤੇ ਆਈਫੋਨ ਖੋਹ ਲਿਆ ਗਿਆ। ਉਥੇ ਮੁਲਜ਼ਮਾਂ ਨੇ ਇਕ ਕਮਰੇ 'ਚ ਬੈਠ ਕੇ ਸ਼ਰਾਬ ਪੀਤੀ ਅਤੇ ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਨੂੰ ਕੁੱਟਿਆ ਗਿਆ। ਸਿਮਰਨਪ੍ਰੀਤ ਦੀ ਮਾਸੀ ਨੂੰ ਮੇਰੇ 'ਤੇ ਤਰਸ ਆਇਆ ਅਤੇ ਉਸ ਨੇ ਮੋਬਾਇਲ ਦੇ ਕੇ ਮੇਰੀ ਮਦਦ ਕਰਦਿਆਂ ਪਰਿਵਾਰ ਨਾਲ ਗੱਲ ਕਰਵਾਈ। ਉਧਰ, ਦੋਸ਼ੀ ਮੈਨੂੰ ਛੱਡਣ ਲਈ 20 ਅਤੇ ਨਵਰੂਪ ਨੂੰ ਛੱਡਣ ਲਈ 15 ਲੱਖ ਦੀ ਡਿਮਾਂਡ ਕਰ ਰਹੇ ਸਨ। ਪੁਲਸ ਛਾਪੇਮਾਰੀ ਕਰ ਰਹੀ ਸੀ। ਉਦੋਂ ਪਤਾ ਲੱਗਾ ਕਿ ਸਿਮਰਨਪ੍ਰੀਤ ਸਿੰਘ ਦੇ ਘਰ ਤੱਕ ਪੁਲਸ ਪਹੁੰਚ ਚੁੱਕੀ ਹੈ। ਬਸ ਉਸ ਦੇ ਬਾਅਦ ਤੋਂ ਇਧਰੋਂ-ਉਧਰ ਘੁਮਾਉਂਦੇ ਰਹੇ। ਕਹਿ ਰਹੇ ਸਨ ਕਿ ਨਾਲ ਲੱਗਦਾ ਪਾਕਿਸਤਾਨ ਬਾਰਡਰ ਹੈ, ਗੋਲੀ ਮਾਰ ਕੇ ਜੇਬ ਵਿਚ ਸਮੈਕ ਪਾ ਕੇ ਖੇਤਾਂ ਵਿਚ ਲਾਸ਼ ਸੁੱਟ ਦੇਵਾਂਗੇ।

ਟ੍ਰੈਵਲ ਏਜੰਟਾਂ 'ਚ ਖੌਫ, ਬੰਦ ਕੀਤਾ ਦਫ਼ਤਰ
ਅਗਵਾ ਦਾ ਸ਼ਿਕਾਰ ਬਣੇ ਦੋਵਾਂ ਟ੍ਰੈਵਲ ਏਜੰਟਾਂ ਦੇ ਦਿਲਾਂ ਵਿਚ ਇਸ ਕਦਰ ਖੌਫ ਹੈ ਕਿ ਪਿਛਲੇ 13 ਦਿਨਾਂ ਤੋਂ ਦਫ਼ਤਰ ਨਹੀਂ ਖੋਲ੍ਹਿਆ। ਸਚਿਨ ਕਹਿੰਦਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ 'ਤੇ ਹਮਲਾ ਹੋ ਸਕਦਾ ਹੈ। ਪੁਲਸ ਨੇ ਅਗਵਾ ਦਾ ਪਰਚਾ ਤਾਂ ਦਰਜ ਕੀਤਾ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਸ ਕਹਿ ਰਹੀ ਹੈ ਕਿ ਘੱਲੂਘਾਰਾ ਅਤੇ ਵੀ. ਆਈ. ਪੀ. ਡਿਊਟੀ ਵਿਚ ਬਿਜ਼ੀ ਹੈ। ਅਜਿਹੇ 'ਚ ਹੁਣ ਤਾਂ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਸਾਜ਼ਿਸ਼ ਰਚਣ ਵਾਲੇ ਦੋਵਾਂ ਪੁੱਤਰਾਂ ਨਾਲ ਉਸ ਦੇ ਪਿਉ ਨੂੰ ਪੁਲਸ ਗ੍ਰਿਫਤਾਰ ਕਰੇਗੀ।

7 ਘੰਟੇ ਮੌਤ ਦੇ ਚੁੰਗਲ 'ਚ ਸਨ, ਅੱਖਾਂ 'ਤੇ ਬੰਨ੍ਹ ਰੱਖੀ ਸੀ ਕਾਲੀ ਪੱਟੀ
ਸਚਿਨ ਦੱਸਦਾ ਹੈ ਕਿ 7 ਘੰਟੇ ਅਸੀਂ ਦੋਵੇਂ ਅਗਵਾ ਕਰਨ ਵਾਲਿਆਂ ਦੇ ਚੁੰਗਲ ਵਿਚ ਰਹੇ। ਅਗਵਾ ਕਰਨ ਵਾਲੇ ਸ਼ਰਾਬ ਪੀ ਕੇ ਕੁੱਟ-ਮਾਰ ਕਰ ਰਹੇ ਸਨ, ਕਹਿ ਰਹੇ ਸਨ ਕਿ ਜੇਕਰ ਰਾਤ 11 ਵਜੇ ਤੱਕ 35 ਲੱਖ ਨਹੀਂ ਮਿਲਿਆ ਤਾਂ ਦੋਵਾਂ ਦੀਆਂ ਲਾਸ਼ਾਂ ਵੀ ਪਰਿਵਾਰ ਵਾਲਿਆਂ ਨੂੰ ਨਹੀਂ ਮਿਲਣਗੀਆਂ। ਅਗਵਾ ਕਰਨ ਵਾਲਿਆਂ ਨੇ ਦੋਵਾਂ ਦੀਆਂ ਅੱਖਾਂ 'ਤੇ ਕਾਲੀ ਪੱਟੀ ਬੰਨ੍ਹ ਰੱਖੀ ਸੀ। ਸਾਨੂੰ ਕਦੇ ਖੇਤਾਂ ਵਿਚ ਬਣੀ ਬੰਬੀ 'ਤੇ ਰੱਖਿਆ ਗਿਆ ਤਾਂ ਕਦੇ ਤੂੜੀ ਵਾਲੇ ਕਮਰੇ ਵਿਚ। ਕਹਿ ਰਹੇ ਸਨ ਕਿ ਬਸ ਅੱਜ ਜ਼ਿੰਦਗੀ ਦਾ ਆਖਰੀ ਦਿਨ ਤੁਹਾਡਾ ਬਚਿਆ ਹੈ।

ਅਗਵਾਕਾਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ 'ਚ ਲੱਗੇ ਤਾਲੇ
ਥਾਣਾ ਰਣਜੀਤ ਐਵੀਨਿਊ ਦੇ ਇੰਚਾਰਜ ਰਾਜਿੰਦਰ ਸਿੰਘ ਕਹਿੰਦੇ ਹਨ ਕਿ ਅਗਵਾਕਾਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ 'ਚ ਤਾਲੇ ਲੱਗੇ ਹੋਏ ਹਨ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅੰਮ੍ਰਿਤਸਰ ਦਿਹਾਤੀ ਪੁਲਸ ਦੀ ਵੀ ਮਦਦ ਲਈ ਜਾ ਰਹੀ ਹੈ। ਹਾਲਾਂਕਿ ਮਾਮਲਾ ਬੇਹੱਦ ਗੰਭੀਰ ਹੈ। ਪੁਲਸ ਮੁਸਤੈਦੀ ਨਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੇ ਹਨ। 


Baljeet Kaur

Content Editor

Related News