ਟਰਾਂਸਫਾਰਮਰਾਂ ''ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 15 ਗ੍ਰਿਫਤਾਰ

Sunday, Nov 24, 2019 - 12:24 PM (IST)

ਟਰਾਂਸਫਾਰਮਰਾਂ ''ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 15 ਗ੍ਰਿਫਤਾਰ

ਅੰਮ੍ਰਿਤਸਰ (ਸੰਜੀਵ, ਸੁਮਿਤ ਖੰਨਾ) : ਪੰਜਾਬ 'ਚ ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਚੋਰੀ ਦਾ ਤੇਲ ਵੇਚਣ ਵਾਲੇ ਦਲਾਲ ਸਮੇਤ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਕੀਤਾ 1200 ਲਿਟਰ ਤੇਲ, 4 ਆਟੋ, 23 ਕੈਨ, ਪਾਈਪਾਂ ਅਤੇ ਕੀਪ ਬਰਾਮਦ ਕੀਤੀ। ਉਕਤ ਗਿਰੋਹ ਦੇ ਮੈਂਬਰਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਇਹ ਖੁਲਾਸਾ ਏ. ਡੀ. ਸੀ. ਪੀ.-2 ਸੰਦੀਪ ਮਲਿਕ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਨਾਲ ਏ. ਸੀ. ਪੀ. ਸਰਬਜੀਤ ਸਿੰਘ ਤੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਵੀ ਸਨ।

ਇਹ ਹਨ ਮੁਲਜ਼ਮ
ਮੁਲਜ਼ਮਾਂ 'ਚ ਕ੍ਰਿਸ਼ਨ ਚੰਦ ਵਾਸੀ ਘਣੂਪੁਰ ਕਾਲੇ ਰੋਡ, ਹੈਪੀ ਸ਼ਰਮਾ ਉਰਫ ਭੱਲਾ, ਹਰਪਾਲ ਸਿੰਘ ਉਰਫ ਬਾਦਲ ਵਾਸੀ ਸੰਧੂ ਕਾਲੋਨੀ ਛੇਹਰਟਾ, ਸੁਰਜੀਤ ਸਿੰਘ ਭੁੱਲਰ ਵਾਸੀ ਏਕਤਾ ਨਗਰ ਛੇਹਰਟਾ, ਬਲਜੀਤ ਸਿੰਘ ਵਾਸੀ ਨਾਰਾਇਣਗੜ੍ਹ ਛੇਹਰਟਾ, ਸੰਨੀ ਵਾਸੀ ਸੁਭਾਸ਼ ਰੋਡ ਬਾਲਟੀਆਂ ਵਾਲਾ ਮੁਹੱਲਾ, ਰਮੇਸ਼ ਕੁਮਾਰ ਉਰਫ ਸੋਨੂੰ ਵਾਸੀ ਘਣੂਪੁਰ ਕਾਲੇ, ਸੁਖਪ੍ਰੀਤ ਸਿੰਘ ਉਰਫ ਦਾਨਾ ਵਾਸੀ ਸਰੋਵਰ ਕਾਲੋਨੀ, ਕਰਨਬੀਰ ਸਿੰਘ ਉਰਫ ਜੱਗਾ ਵਾਸੀ ਨਿਊ ਹਮੀਦਪੁਰਾ, ਬਬਲੂ ਵਾਸੀ ਖੰਡਵਾਲਾ, ਸ਼ਮਸ਼ੇਰ ਸਿੰਘ ਉਰਫ ਚੇਲਾ ਵਾਸੀ ਨਾਰਾਇਣਗੜ੍ਹ ਛੇਹਰਟਾ, ਹਰਪ੍ਰੀਤ ਸਿੰਘ ਵਾਸੀ ਤਰਨਤਾਰਨ ਰੋਡ, ਸੁੱਖਾ ਸਿੰਘ ਵਾਸੀ ਭਾਈ ਮੰਝ ਰੋਡ, ਰਿੰਕੂ ਉਰਫ ਸਾਗਰ ਵਾਸੀ ਘਣੂਪੁਰ ਕਾਲੇ ਛੇਹਰਟਾ ਤੇ ਹਰਦੀਪ ਸਿੰਘ ਉਰਫ ਨਿੱਕਾ ਵਾਸੀ ਨਾਰਾਇਣਗੜ੍ਹ ਛੇਹਰਟਾ ਸ਼ਾਮਲ ਹਨ।

ਇਸ ਤਰ੍ਹਾਂ ਹੋਇਆ ਗਿਰੋਹ ਦਾ ਖੁਲਾਸਾ
ਥਾਣਾ ਸਿਵਲ ਲਾਈਨ ਦੀ ਪੁਲਸ ਨੇ ਬੀਤੀ 20 ਨਵੰਬਰ ਨੂੰ ਸੂਚਨਾ ਦੇ ਆਧਾਰ 'ਤੇ ਗ੍ਰੀਨ ਐਵੀਨਿਊ ਸਥਿਤ ਟਰਾਂਸਫਾਰਮਰ 'ਚੋਂ ਤੇਲ ਚੋਰੀ ਕਰਨ ਵਾਲੇ ਕ੍ਰਿਸ਼ਨ ਚੰਦ, ਹੈਪੀ ਸ਼ਰਮਾ ਤੇ ਹਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਕੀਤਾ 50 ਲਿਟਰ ਤੇਲ ਬਰਾਮਦ ਹੋਇਆ। ਪੁਲਸ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਰਿਮਾਂਡ 'ਤੇ ਲਿਆ। ਪੁੱਛਗਿਛ ਦੌਰਾਨ ਗਿਰੋਹ 'ਚ ਸ਼ਾਮਲ 12 ਹੋਰ ਮੈਂਬਰਾਂ ਦਾ ਖੁਲਾਸਾ ਹੋਇਆ, ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ। ਉਕਤ ਗਿਰੋਹ ਹਨੇਰੇ 'ਚ ਥ੍ਰੀ-ਵ੍ਹੀਲਰਾਂ 'ਚ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਨਿਕਲਦਾ ਅਤੇ ਟਰਾਂਸਫਾਰਮਰਾਂ 'ਤੇ ਚੜ੍ਹ ਕੇ ਉਨ੍ਹਾਂ 'ਚੋਂ ਤੇਲ ਕੱਢਦਾ। ਚੋਰੀ ਦੀ ਇਹ ਖੇਡ ਸੁਖਪ੍ਰੀਤ ਸਿੰਘ ਦਾਨਾ ਆਪਣੇ ਦਬੁਰਜੀ ਸਥਿਤ ਗੋਦਾਮ ਤੋਂ ਚਲਾ ਰਿਹਾ ਸੀ। ਗਿਰੋਹ ਕਿਤੇ ਵੀ ਵਾਰਦਾਤ ਨੂੰ ਅੰਜਾਮ ਦਿੰਦਾ ਅਤੇ ਚੋਰੀ ਦੇ ਤੇਲ ਦੇ ਭਰੇ ਕੈਨ ਦਬੁਰਜੀ ਅੱਡੇ ਸਥਿਤ ਗੋਦਾਮ ਵਿਚ ਰੱਖਦੇ। ਉਥੋਂ ਹੀ ਉਸ ਦਾ ਸੌਦਾ ਕਰ ਕੇ ਉਸ ਨੂੰ ਵੇਚ ਦਿੱਤਾ ਜਾਂਦਾ।


author

Baljeet Kaur

Content Editor

Related News