ਸਵਾਈਨ ਫਲੂ ਦੀ ਲਪੇਟ ''ਚ ਆਇਆ ਅੰਮ੍ਰਿਤਸਰ, ਮੌਤਾਂ ਦੀ ਵਧੀ ਗਿਣਤੀ
Monday, Feb 04, 2019 - 11:23 AM (IST)

ਅੰਮ੍ਰਿਤਸਰ (ਮਮਤਾ) : ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਭਿਆਨਕ ਸਵਾਈਨ ਫਲੂ ਬੀਮਾਰੀ ਨਾਲ ਨਜਿੱਠਣ 'ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਬਿਤ ਹੋ ਰਹੀ ਹੈ। ਹੁਣ ਤੱਕ ਸਵਾਈਨ ਫਲੂ ਦੇ 21 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 9 ਦੀ ਪੁਸ਼ਟੀ ਸਿਹਤ ਅਧਿਕਾਰੀਆਂ ਨੇ ਕੀਤੀ ਹੈ। ਸਵਾਈਨ ਫਲੂ ਕਾਰਨ 6 ਮੌਤਾਂ ਹੋ ਚੁੱਕੀਆਂ ਹਨ, ਇਨ੍ਹਾਂ 'ਚੋਂ 3 ਮੌਤਾਂ ਦੀ ਪੁਸ਼ਟੀ ਸਿਹਤ ਵਿਭਾਗ ਨੇ ਕੀਤੀ ਹੈ। ਸ. ਛੀਨਾ ਨੇ ਪੰਜਾਬ ਸਰਕਾਰ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਸਰਕਾਰ ਦੀ ਸਵਾਈਨ ਫਲੂ ਨਾਲ ਨਜਿੱਠਣ ਦੀ ਤਿਆਰੀ ਅਧੂਰੀ ਹੈ। ਅਜਿਹੀ ਸਰਕਾਰ ਤੋਂ ਕੀ ਭਰੋਸਾ ਕੀਤਾ ਜਾ ਸਕਦਾ ਹੈ, ਜਿਹੜੀ ਆਪਣੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਨਹੀਂ ਕਰ ਸਕਦੀ।
ਉਨ੍ਹਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਨੂੰ ਐਕਟਿਵ ਨਹੀਂ ਕੀਤਾ ਗਿਆ, ਜਿਹੜੀ ਇਸ ਬੀਮਾਰੀ ਦੀ ਰੋਕਥਾਮ ਕਰੇ। 30 ਸਾਲਾ ਔਰਤ ਦੀ ਖ਼ਤਰਨਾਕ ਖਾਂਸੀ ਦੀ ਸ਼ਿਕਾਇਤ ਤੋਂ ਬਾਅਦ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਇਹ ਔਰਤ ਪਿਛਲੇ 3 ਦਿਨਾਂ ਤੋਂ ਖ਼ਾਂਸੀ ਨਾਲ ਪੀੜਤ ਸੀ। ਛੀਨਾ ਨੇ ਔਰਤ ਦੇ ਪਤੀ ਜਨਾਰਦਨ ਸ਼ਰਮਾ ਨਾਲ ਬੈਠਕ ਕਰਨ ਤੋਂ ਬਾਅਦ ਇਸ ਬੀਮਾਰੀ ਦੇ ਵਧਦੇ ਪ੍ਰਭਾਵ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਸਵਾਈਨ ਫਲੂ ਦਾ ਇਸ ਕਦਰ ਵਧਣਾ ਚਿੰਤਾਜਨਕ ਹੈ ਪਰ ਸਰਕਾਰ ਹਸਪਤਾਲਾਂ 'ਚ ਨਾ ਤਾਂ ਸਵਾਈਨ ਫਲੂ ਦੀ ਵਧਦੀ ਚੁਣੌਤੀ ਤੇ ਨਾ ਹੀ ਇਸ 'ਤੇ ਕਾਬੂ ਪਾਉਣ ਲਈ ਤਿਆਰ ਦਿਖਾਈ ਦੇ ਰਹੀ ਹੈ।
ਨਿੱਜੀ ਹਸਪਤਾਲਾਂ 'ਚ ਸਰਕਾਰੀ ਹਸਪਤਾਲਾਂ ਦੇ ਮੁਕਾਬਲੇ ਵਧੀਆ ਸਹੂਲਤਾਂ ਹਨ ਪਰ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਬੀਮਾਰੀ ਸਬੰਧੀ ਜਾਗਰੂਕਤਾ ਫੈਲਾਉਣ ਦੀ ਬਹੁਤ ਲੋੜ ਹੈ। ਭਿਆਨਕ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ ਪਰ ਸਰਕਾਰ ਅਜੇ ਗਹਿਰੀ ਨੀਂਦ 'ਚ ਹੈ। ਇਹ ਬੀਮਾਰੀ ਸ਼ਹਿਰ 'ਚ ਦੈਂਤ ਦਾ ਰੂਪ ਧਾਰਨ ਕਰ ਰਹੀ ਹੈ। ਨੌਜਵਾਨ, ਬਜ਼ੁਰਗ ਤੇ ਬੱਚਿਆਂ 'ਤੇ ਸਵਾਈਨ ਫਲੂ ਦਾ ਗੰਭੀਰ ਖ਼ਤਰਾ ਹੈ, ਇਸ ਲਈ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਸਵਾਈਨ ਫਲੂ ਨਾਲ ਨਜਿੱਠਣ ਲਈ ਉਚਿੱਤ ਕਦਮ ਚੁੱਕਣੇ ਚਾਹੀਦੇ ਹਨ। ਹਸਪਤਾਲਾਂ 'ਚ ਆਧੁਨਿਕ ਸਾਮਾਨ ਦੀ ਵਿਵਸਥਾ ਕੀਤੀ ਜਾਵੇ।