ਸ਼੍ਰੋਮਣੀ ਕਮੇਟੀ ਵਲੋਂ ਸੁਨੀਲ ਜਾਖੜ ਨੂੰ ਮੋੜਵਾਂ ਜਵਾਬ, ਕਿਹਾ-ਪਹਿਲਾਂ ਆਪਣੇ ਅੰਦਰ ਮਾਰਨ ਝਾਤੀ
Saturday, Jul 18, 2020 - 01:03 PM (IST)
ਅੰਮ੍ਰਿਤਸਰ (ਦੀਪਕ)- ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਸੀਹਤ ਦੇਣ ਦਾ ਸਖਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਹੈ ਕਿ ਜਾਖੜ ਸਮੇਤ ਕਾਂਗਰਸ ਦਾ ਕੋਈ ਵੀ ਆਗੂ ਪੰਥ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਨ ਦਾ ਹੱਕ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ। ਭਾਈ ਮਹਿਤਾ ਨੇ ਜਾਰੀ ਇਕ ਬਿਆਨ ਵਿਚ ਜਾਖੜ ਨੂੰ ਮੋੜਵਾਂ ਜਵਾਬ ਦਿੰਦਿਆਂ ਆਖਿਆ ਕਿ ਤੁਸੀਂ ਤੇ ਤੁਹਾਡੀ ਪਾਰਟੀ ਨੇ ਤਾਂ ਹਮੇਸ਼ਾ ਹੀ ਸਿੱਖਾਂ ਦਾ ਵਿਨਾਸ਼ ਕੀਤਾ, ਹਜ਼ਾਰਾਂ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਿਆ ਅਤੇ ਇਕ ਦਹਾਕੇ ਤੋਂ ਵੱਧ ਪੰਜਾਬ ਦੀ ਧਰਤੀ 'ਤੇ ਰੱਜ ਕੇ ਖੂਨ ਦੀ ਹੋਲੀ ਖੇਡੀ। ਦਿੱਲੀ, ਕਾਨ੍ਹਪੁਰ, ਬੋਕਾਰੋ ਆਦਿ ਵਿਖੇ ਸਿੱਖ ਕਤਲੇਆਮ ਅਤੇ ਜੂਨ 1984 ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਕੀਤਾ ਗਿਆ ਹਮਲਾ ਤੁਹਾਡੀ ਹੀ ਪਾਰਟੀ ਨੇ ਕੀਤਾ। ਅੱਜ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਿਸ ਮੂੰਹ ਨਾਲ ਕਰ ਰਹੇ ਹੋ?
ਇਹ ਵੀ ਪੜ੍ਹੋਂ : ਪ੍ਰੇਮੀ ਦੀ ਹਰਕਤ ਤੋਂ ਤੰਗ ਆ ਕੇ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕੀਤੇ ਵੱਡੇ ਖੁਲਾਸੇ
ਭਾਈ ਮਹਿਤਾ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣਯੋਗ ਜਥੇਦਾਰ ਸਾਹਿਬ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਥ ਦੀ ਅਗਵਾਈ ਕਿਵੇਂ ਕਰਨੀ ਹੈ ਅਤੇ ਪੰਥ ਵਿਰੋਧੀ ਸ਼ਕਤੀਆਂ ਵਲੋਂ ਕੀਤੇ ਜਾਂਦੇ ਹਮਲਿਆਂ ਤੇ ਸਾਜਿਸ਼ਾਂ ਦਾ ਜਵਾਬ ਕਿਵੇਂ ਦੇਣਾ ਹੈ। ਉਨ੍ਹਾਂ ਕਿਹਾ ਕਿ ਜਾਖੜ ਜੀ, ਘੱਟ ਗਿਣਤੀਆਂ ਦਾ ਫਿਕਰ ਛੱਡਣ ਲਈ ਜਥੇਦਾਰ ਸਾਹਿਬ ਨੂੰ ਕਹਿਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਪਿਛੋਕੜ ਵੱਲ ਝਾਤੀ ਮਾਰੋ ਕਿ ਤੁਸੀਂ ਕਿਵੇਂ ਵੋਟਾਂ ਦੀ ਖਾਤਰ ਘੱਟ ਗਿਣਤੀਆਂ ਨੂੰ ਦਬਾਇਆ। ਜਾਖੜ ਜੀ ਜੇਕਰ ਤੁਹਾਡੀ ਥੋੜੀ ਵੀ ਜ਼ਮੀਰ ਜਿਊਂਦੀ ਹੈ ਤਾਂ ਦਿੱਲੀ ਦੀਆਂ ਉਨ੍ਹਾਂ ਗਲੀਆਂ ਤੇ ਮੁਹੱਲਿਆਂ ਦੀਆਂ ਕੰਧਾਂ ਦੀ ਹੂਕ ਨੂੰ ਕੰਨ ਲਾ ਕੇ ਸੁਣੋ।
ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਕਿਸਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਕਤਲ