ਸੁਲਤਾਨਵਿੰਡ ਮੋਹਨ ਨਗਰ ''ਚ ਦਿਨ-ਦਿਹਾੜੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਕਾਬੂ
Monday, Apr 08, 2019 - 11:19 AM (IST)
ਅੰਮ੍ਰਿਤਸਰ (ਬੌਬੀ, ਸੁਮਿਤ ਖੰਨਾ) : ਸੁਲਤਾਨਵਿੰਡ ਦੇ ਇਲਾਕੇ ਮੋਹਨ ਨਗਰ ਵਿਖੇ ਪਿਛਲੇ ਦਿਨੀਂ ਦਿਨ-ਦਿਹਾੜੇ ਗੋਲੀਆਂ ਚਲਾ ਕੇ 2 ਨੌਜਵਾਨਾਂ ਰਜਤ ਕੁਮਾਰ ਤੇ ਰੌਬਿਨ ਰਾਏ ਵਾਸੀ ਤੂਤ ਸਾਹਿਬ ਰੋਡ ਨੂੰ ਜ਼ਖਮੀ ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ 2 ਸਕੇ ਭਰਾ ਤੇਜਬੀਰ ਸਿੰਘ ਉਰਫ ਤੇਜ ਪੁੱਤਰ ਤੇਜਿੰਦਰ ਸਿੰਘ ਤੇ ਅੰਤਰਪ੍ਰੀਤ ਸਿੰਘ ਵਾਸੀ ਮੇਨ ਰੋਡ ਕੋਟ ਆਤਮਾ ਰਾਮ ਸੁਲਤਾਨਵਿੰਡ ਤੋਂ ਇਲਾਵਾ ਜਸਕਰਨ ਸਿੰਘ ਉਰਫ ਭੋਲੂ ਪੁੱਤਰ ਅਜੀਤ ਸਿੰਘ ਵਾਸੀ ਉੱਤਮ ਐਵੀਨਿਊ ਮੇਨ ਡਰੰਮਾਂ ਵਾਲਾ ਬਾਜ਼ਾਰ ਸੁਲਤਾਨਵਿੰਡ ਰੋਡ ਤੇ ਮਨਿੰਦਰਪਾਲ ਸਿੰਘ ਉਰਫ ਸ਼ੈਲਾ ਪੁੱਤਰ ਗੁਰਿੰਦਰ ਸਿੰਘ ਵਾਸੀ ਨਿਊ ਕੋਟ ਆਤਮਾ ਰਾਮ ਵਜੋਂ ਹੋਈ ਹੈ। ਉਨ੍ਹਾਂ ਦੇ ਕਬਜ਼ੇ 'ਚੋਂ ਵਾਰਦਾਤ ਸਮੇਂ ਵਰਤਿਆ ਦੇਸੀ ਪਿਸਤੌਲ, ਜ਼ਿੰਦਾ ਕਾਰਤੂਸ, ਦਾਤਰ ਤੇ ਗੰਡਾਸੀ ਬਰਾਮਦ ਕਰ ਲਈ ਹੈ। ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ 9 ਅਪ੍ਰੈਲ ਤੱਕ ਰਿਮਾਂਡ ਹਾਸਲ ਕੀਤਾ ਗਿਆ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ, ਏ. ਸੀ. ਪੀ. ਜਸਪ੍ਰੀਤ ਸਿੰਘ ਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ 4 ਅਪ੍ਰੈਲ ਨੂੰ ਮਨਿੰਦਰ ਸਿੰਘ ਸ਼ੈਲਾ ਦੀ ਰੌਬਿਨ ਰਾਏ ਨਾਲ ਮੋਬਾਇਲ 'ਤੇ ਗੱਲਬਾਤ ਦੌਰਾਨ ਬਹਿਸ ਹੋ ਗਈ। ਇਸੇ ਦੌਰਾਨ ਸ਼ਾਮ ਨੂੰ ਸਾਰੇ ਦੋਸ਼ੀ ਲੜਾਈ ਕਰਨ ਲਈ ਆਹਮੋ-ਸਾਹਮਣੇ ਹੋ ਗਏ, ਜਿਸ ਸਮੇਂ ਤੇਜਬੀਰ ਸਿੰਘ ਆਪਣੇ ਸਕੇ ਭਰਾ ਅੰਤਰਪ੍ਰੀਤ ਸਿੰਘ, ਜਸਕਰਨ ਸਿੰਘ, ਮਨਿੰਦਰਪਾਲ ਸਿੰਘ ਨਾਲ ਆਇਆ ਤੇ ਰਜਤ ਕੁਮਾਰ, ਰੌਬਿਨ ਰਾਏ ਨਾਲ ਬਹਿਸ ਕਰਨ ਤੋਂ ਬਾਅਦ ਹੱਥੋਪਾਈ ਹੁੰਦਿਆਂ ਤੇਜਬੀਰ ਸਿੰਘ ਨੇ ਪਿਸਤੌਲ ਨਾਲ ਗੋਲੀਆਂ ਚਲਾ ਕੇ ਰਜਤ ਤੇ ਰੌਬਿਨ ਨੂੰ ਜ਼ਖਮੀ ਕਰ ਦਿੱਤਾ। ਉਕਤ ਨੌਜਵਾਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਤੋਂ ਬਾਅਦ ਮੌਕੇ ਤੋਂ ਦੌੜ ਗਏ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਥਾਣਾ ਮੁਖੀ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਤੇ ਮੁਕੱਦਮੇ 'ਚ ਦਰਜ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੇ ਇਕ ਪਿਸਤੌਲ ਸਮੇਤ ਮੈਗਜ਼ੀਨ, 1 ਦਾਤਰ ਤੇ ਗੰਡਾਸੀ ਬਰਾਮਦ ਕੀਤੀ ਗਈ।
ਪੁਲਸ ਮੁਤਾਬਕ ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ, ਪੁੱਛਗਿੱਛ ਜਾਰੀ ਹੈ ਤੇ ਵਾਰਦਾਤ 'ਚ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਕੋਲੋਂ ਹੋਰ ਵੀ ਵਾਰਦਾਤਾਂ ਟ੍ਰੇਸ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਤੇਜਬੀਰ ਸਿੰਘ ਉਰਫ ਤੇਜ ਤੇ ਅੰਤਰਪ੍ਰੀਤ ਸਿੰਘ ਦੋਵੇਂ ਸਕੇ ਭਰਾ ਹਨ ਤੇ ਇਕ ਥਾਣੇਦਾਰ ਦੇ ਲੜਕੇ ਹਨ, ਜਿਨ੍ਹਾਂ ਖਿਲਾਫ 8 ਮਹੀਨੇ ਪਹਿਲਾਂ ਵੀ ਇਕ ਅਜਿਹਾ ਮਾਮਲਾ ਦਰਜ ਹੋਇਆ ਸੀ, ਜਿਨ੍ਹਾਂ ਨੂੰ ਪੁਲਸ ਵਲੋਂ ਗ੍ਰਿਫਤਾਰ ਨਾ ਕਰਨ 'ਤੇ ਉਹ ਬੇਖੌਫ ਹੋ ਗਏ ਸਨ ਤੇ ਉਨ੍ਹਾਂ ਫਿਰ ਉਕਤ ਮਾਮਲੇ ਨੂੰ ਅੰਜਾਮ ਦਿੱਤਾ।
ਕਾਨੂੰਨ ਸਾਰਿਆਂ ਲਈ ਬਰਾਬਰ ਹੈ
ਏ. ਡੀ. ਸੀ. ਪੀ. ਵਾਲੀਆ ਨੇ ਦੱਸਿਆ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਭਾਵੇਂ ਕੋਈ ਥਾਣੇਦਾਰ ਦਾ ਲੜਕਾ ਹੋਵੇ ਜਾਂ ਕੋਈ ਆਮ ਆਦਮੀ, ਕਿਸੇ ਵਲੋਂ ਵੀ ਕੀਤੇ ਹੋਏ ਅਪਰਾਧ ਲਈ ਕਾਰਵਾਈ ਬਰਾਬਰ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ਹਿਰ ਵਿਚ ਅਮਨ-ਕਾਨੂੰਨ ਦੀ ਸ਼ਾਂਤੀ ਬਹਾਲੀ ਰੱਖਣ ਲਈ ਪੁਲਸ ਵਚਨਬੱਧ ਹੈ।