ਵਿਦਿਆਰਥਣ ਦੀ ਜਗ੍ਹਾ ਪ੍ਰੀਖਿਆ ਦੇਣ ਆਈ ਸਹੇਲੀ ਕੇਂਦਰ ਸੁਪਰਡੈਂਟ ਵੱਲੋਂ ਕਾਬੂ

03/14/2020 10:03:11 AM

ਅੰਮ੍ਰਿਤਸਰ (ਦਲਜੀਤ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਲੈਕਟਿਵ ਪੰਜਾਬੀ ਵਿਸ਼ੇ ਦੀ ਪ੍ਰੀਖਿਆ 'ਚ ਸਰਕਾਰੀ ਸੀਨੀ. ਸੈਕੰ. ਸਕੂਲ ਚੌਕ ਲਕਸ਼ਮਣਸਰ 'ਚ ਕਿਸੇ ਲੜਕੀ ਦੀ ਜਗ੍ਹਾ 'ਤੇ ਉਸ ਦੀ ਸਹੇਲੀ ਨੂੰ ਪ੍ਰੀਖਿਆ ਦਿੰਦੇ ਸੁਪਰਡੈਂਟ ਵੱਲੋਂ ਫੜਿਆ ਗਿਆ ਹੈ। ਪ੍ਰੀਖਿਆ ਅਮਲੇ ਵੱਲੋਂ ਮੌਕੇ 'ਤੇ ਸਹੇਲੀ ਸਮੇਤ ਲੜਕੀ ਨੂੰ ਫੜ ਕੇ ਥਾਣਾ ਸੀ-ਡਵੀਜ਼ਨ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਸਿੱਖਿਆ ਵਿਭਾਗ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜ਼ਿਲਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਸਿੱਖਿਆ ਸਕੱਤਰ ਦੇ ਨਿਰਦੇਸ਼ਾਂ 'ਤੇ ਪੂਰੀ ਪਾਰਦਰਸ਼ਤਾ ਨਾਲ ਪ੍ਰੀਖਿਆ ਲਈ ਜਾ ਰਹੀ ਹੈ। ਸਰਕਾਰੀ ਸੀਨੀ. ਸੈਕੰ. ਸਕੂਲ ਚੌਕ ਲਕਸ਼ਮਣਸਰ 'ਚ ਓਪਨ ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਜਗ੍ਹਾ 'ਤੇ ਅਮਨਦੀਪ ਨਾਂ ਦੀ ਹੋਰ ਲੜਕੀ ਪ੍ਰੀਖਿਆ ਦੇ ਰਹੀ ਸੀ। ਕੇਂਦਰ ਦੇ ਸੁਪਰਡੈਂਟ ਹਰਪ੍ਰੀਤ ਸਿੰਘ ਨੂੰ ਜਦੋਂ ਪ੍ਰੀਖਿਆ ਦੇ ਰਹੀ ਅਮਨਦੀਪ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਤੁਰੰਤ ਸਰਕਾਰੀ ਦਸਤਾਵੇਜ਼ਾਂ 'ਤੇ ਵਿਦਿਆਰਥਣ ਦੀ ਫੋਟੋ ਨਾਲ ਮਿਲਾਨ ਕੀਤਾ ਤਾਂ ਦੋਵਾਂ ਦੀ ਸ਼ਕਲ ਵੱਖ ਪਾਈ ਗਈ।

ਸੁਪਰਡੈਂਟ ਵਲੋਂ ਫੜੀ ਗਈ ਅਮਨਦੀਪ ਤੋਂ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਆਪਣੀ ਸਹੇਲੀ ਜਿਸ ਦਾ ਨਾਂ ਅਮਨਦੀਪ ਕੌਰ ਹੈ, ਦੀ ਜਗ੍ਹਾ 'ਤੇ ਪ੍ਰੀਖਿਆ ਦੇਣ ਆਈ ਹੈ। ਪਹਿਲੀ ਵਾਰ ਉਹ ਅਜਿਹਾ ਕਰਨ ਆਈ ਸੀ ਪਰ ਫੜੀ ਗਈ। ਪ੍ਰੀਖਿਆ ਖਤਮ ਹੋਣ ਉਪਰੰਤ ਵਿਦਿਆਰਥਣ ਅਮਨਦੀਪ ਕੌਰ ਜਦੋਂ ਆਪਣੀ ਸਹੇਲੀ ਨੂੰ ਲੈਣ ਕੇਂਦਰ ਦੇ ਬਾਹਰ ਆਈ ਤਾਂ ਪਹਿਲਾਂ ਤੋਂ ਮੌਕੇ 'ਤੇ ਮੌਜੂਦ ਮਹਿਲਾ ਪੁਲਸ ਨੇ ਉਸ ਨੂੰ ਵੀ ਫੜ ਲਿਆ। ਸਮਰਾ ਨੇ ਦੱਸਿਆ ਕਿ ਸਹੇਲੀ ਅਤੇ ਵਿਦਿਆਰਥਣ ਦੇ ਖਿਲਾਫ ਸ਼ਿਕਾਇਤ ਥਾਣਾ ਸੀ-ਡਵੀਜ਼ਨ 'ਚ ਦਰਜ ਕਰਵਾ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਨਕਲ 'ਤੇ ਨਕੇਲ ਪਾਉਣ ਲਈ ਪੂਰੀ ਸਖਤੀ ਨਾਲ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ 8ਵੀਂ ਜਮਾਤ ਦੀ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਸਰਕਾਰੀ ਸੀਨੀ. ਸੈਕੰ. ਸਕੂਲ ਰਾਮਬਾਗ ਅਤੇ ਗੁਰੂ ਨਾਨਕ ਸਕੂਲ 'ਚ ਬਣੇ ਕੇਂਦਰਾਂ ਦੀ ਅਚਾਨਕ ਜਾਂਚ ਕੀਤੀ, ਜਦਕਿ ਸ਼ਾਮ ਦੇ ਕੇਂਦਰਾਂ 'ਚ ਸਰਕਾਰੀ ਸੀਨੀ. ਸੈਕੰ., ਸਰਕਾਰੀ ਸੀਨੀ. ਸੈਕੰ. ਮੋਦੇ ਤੇ ਸਰਕਾਰੀ ਸੀਨੀ. ਸੈਕੰ. ਸਕੂਲ ਮਾਲ ਰੋਡ ਦੀ ਜਾਂਚ ਕੀਤੀ, ਜਿਥੇ ਪ੍ਰੀਖਿਆ ਅਨੁਸ਼ਾਸਨਿਕ ਢੰਗ ਨਾਲ ਲਈ ਜਾ ਰਹੀ ਸੀ। ਦੂਜੇ ਪਾਸੇ ਸਿੱਖਿਆ ਵਿਭਾਗ ਦੀਆਂ ਟੀਮਾਂ ਨੇ ਜ਼ਿਲੇ 'ਚ 8ਵੀਂ ਦੀ ਪ੍ਰੀਖਿਆ 'ਚ ਬਣੇ 2 ਪ੍ਰੀਖਿਆ ਕੇਂਦਰਾਂ 'ਤੇ 5 ਵਾਰ ਜਾਂਚ ਕੀਤੀ, ਜਦਕਿ 12ਵੀਂ ਜਮਾਤ ਦੀ ਇਲੈਕਟਿਵ ਪੰਜਾਬੀ, ਇਲੈਕਟਿਵ ਹਿੰਦੀ, ਇਲੈਕਟਿਵ ਇੰਗਲਿਸ਼ ਆਦਿ ਦੀਆਂ ਪ੍ਰੀਖਿਆਵਾਂ 'ਚ 6 ਉੱਡਣ ਦਸਤਿਆਂ ਨੇ 12 ਕੇਂਦਰਾਂ ਦੀ ਜਾਂਚ ਕੀਤੀ।


Baljeet Kaur

Content Editor

Related News