ਅੱਤ ਦੀ ਗਰਮੀ ''ਚ ਵੀ ਸੰਗਤਾਂ ਸੱਚਖੰਡ ਦੇ ਦਰਸ਼ਨਾਂ ਲਈ ਹੁੰਮ-ਹੁੰਮਾ ਕੇ ਪੁੱਜੀਆਂ
Friday, Jul 03, 2020 - 11:23 AM (IST)
ਅੰਮ੍ਰਿਤਸਰ (ਅਨਜਾਣ) : ਚਾਹੇ ਅੱਤ ਦੀ ਗਰਮੀ ਹੋਵੇ ਤੇ ਚਾਹੇ ਕੜਾਕੇ ਦੀ ਠੰਢ ਜੋ ਆਸਥਾ ਨਾਲ ਜੁੜੇ ਹੋਣ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ। ਉਨ੍ਹਾਂ ਦਾ ਨੇਮ ਰੋਜ਼ਾਨਾਂ ਗੁਰੂ ਦੇ ਚਰਨਾਂ 'ਚ ਸੀਸ ਝੁਕਾ ਕੇ ਆਸ਼ੀਰਵਾਦ ਲੈਣਾ ਹੁੰਦਾ ਹੈ। 41 ਡਿਗਰੀ ਤਾਪਮਾਨ 'ਚ ਵੀ ਸੰਗਤਾਂ ਹੁੰਮ-ਹੁੰਮਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਲਈ ਪਹੁੰਚੀਆਂ। ਅੰਮ੍ਰਿਤ ਵੇਲੇ ਕਿਵਾੜ ਖੁੱਲ੍ਹਣ 'ਤੇ ਹੀ ਸੰਗਤਾਂ ਦੀ ਭੀੜ ਲੰਬੀ ਕਤਾਰ 'ਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾਂਦੀ ਦਿਖਾਈ ਦਿੱਤੀ ਤੇ ਦੁਪਹਿਰ ਵੇਲੇ ਸੰਗਤਾਂ ਦੀ ਗਿਣਤੀ ਘੱਟ ਹੋਣ ਉਪਰੰਤ ਸ਼ਾਮ ਨੂੰ ਫੇਰ ਭੀੜ ਦਿਖਾਈ ਦਿੱਤੀ। ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੇ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਲੰਗਰ ਤੇ ਠੰਢੇ-ਮਿੱਠੇ ਜਲ ਛੱਕਿਆ। ਸੰਗਤਾਂ ਨੇ ਜੋੜਾ ਘਰ ਤੇ ਪਰਿਕਰਮਾ ਵਿੱਚ ਵੀ ਸੇਵਾ ਕੀਤੀ। ਸ਼ਾਮ ਨੂੰ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਰਾਗੀ ਜਥੇ ਵਲੋਂ ਆਰਤੀ ਦਾ ਉਚਾਰਣ ਕੀਤਾ ਗਿਆ ਤੇ ਰਾਤ ਨੂੰ ਸੁਖਆਸਣ ਉਪਰੰਤ ਫੁੱਲਾਂ ਨਾਲ ਸਜ਼ੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁਖਆਸਣ ਅਸਥਾਨ 'ਤੇ ਬਿਰਾਜਮਾਨ ਕੀਤਾ ਗਿਆ।
ਇਹ ਵੀ ਪੜ੍ਹੋਂ : ਨੌਜਵਾਨ ਨੂੰ ਖੁਸਰਾ ਬਣਾਉਣ ਦੀ ਸਾਜਿਸ਼, ਬੇਹੋਸ਼ ਕਰਕੇ ਕੱਟਿਆ ਗੁਪਤ ਅੰਗ
ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਵਿਖੇ ਕੋਰੋਨਾ 'ਤੇ ਜਿੱਤ ਲਈ ਹੋਈ ਅਰਦਾਸ
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਥੜ੍ਹਾ ਸਾਹਿਬ ਵਿਖੇ ਸੰਗਤਾਂ ਨੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਕੀਤਾ ਤੇ ਕੋਰੋਨਾ ਲਾਗ 'ਤੇ ਜਿੱਤ ਲਈ ਪੂਰੇ ਸੰਸਾਰ ਦੇ ਭਲੇ ਲਈ ਅਰਦਾਸ ਕੀਤੀ। ਗ੍ਰੰਥੀ ਸਿੰਘ ਵਲੋਂ ਹੁਕਮਨਾਮਾ ਲੈਣ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਉਪਰੰਤ ਗ੍ਰੰਥੀ ਸਿੰਘ ਨੇ ਉਨ੍ਹਾਂ ਨੂੰ ਆਪਣੇ-ਆਪਣੇ ਘਰਾਂ 'ਚ ਸਵੇਰ ਸਮੇਂ ਜਪੁਜੀ ਸਾਹਿਬ ਤੇ ਸ਼ਾਮ ਨੂੰ ਰਹਰਾਸਿ ਸਾਹਿਬ ਜੀ ਦੇ ਪਾਠ ਕਰਕੇ ਸਮੁੱਚੇ ਸੰਸਾਰ ਦੇ ਭਲੇ ਲਈ ਅਰਦਾਸ ਕਰਨ ਲਈ ਪ੍ਰੇਰਿਆ।
ਇਹ ਵੀ ਪੜ੍ਹੋਂ :ਸਹੁਰੇ ਵੱਲੋਂ ਧਮਕੀਆਂ ਮਿਲਣ ਕਾਰਨ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ