ਦੁਕਾਨਦਾਰਾਂ ਨੇ ਨਿਗਮ ਦੀ ਟੀਮ ਨੂੰ ਪਾਈਆਂ ਭਾਜੜਾਂ
Monday, Aug 19, 2019 - 04:49 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਹਾਈਕੋਰਟ ਦੇ ਆਦੇਸ਼ 'ਤੇ ਇਕ ਹੋਟਲ ਨੂੰ ਢਾਹੁਣ ਪਹੁੰਚੀ ਨਿਗਮ ਤੇ ਪੁਲਸ ਦੀ ਟੀਮ ਨੂੰ ਹੋਟਲ ਮਾਲਕਾਂ ਤੇ ਦੁਕਾਨਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਵਿਰੋਧ ਦੇ ਬਾਵਜੂਦ ਕੁਝ ਦੁਕਾਨਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਪਰ ਵਿਰੋਧ 'ਚ ਜੁਟੇ ਹੋਟਲ ਮਾਲਕਾਂ ਤੇ ਦੁਕਾਨਦਾਰਾਂ ਦੇ ਵਿਰੋਧ ਨਾਲ ਮਾਹੌਲ ਇਨਾ ਗਰਮ ਹੋ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚਣ ਤੋਂ ਪਹਿਲਾਂ ਹੀ ਨਿਗਮ ਦੀ ਟੀਮ ਬੇਰੰਗ ਪਰਤ ਗਈ।
ਇਸ ਮੌਕੇ ਹੋਟਲ ਮਾਲਕਾਂ ਤੇ ਦੁਕਾਨਦਾਰਾਂ ਸਣੇ ਕੁਝ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਨਿਗਮ ਵਲੋਂ ਕੁਝ ਚੋਣਵੇਂ ਬੰਦਿਆਂ 'ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਸਿਆਸੀ ਰਸੂਖ ਵਾਲੇ ਕੁਝ ਵਿਅਕਤੀ ਛੱਡ ਦਿੱਤੇ ਗਏ ਹਨ।
ਇਸ ਦੌਰਾਨ ਨਿਗਮ ਦੀ ਟੀਮ ਤੇ ਪੁਲਸ ਪਾਰਟੀ ਨੂੰ ਦੁਕਾਨਦਾਰਾਂ ਵਲੋਂ ਵਾਪਸ ਮੋੜ ਦਿੱਤੇ ਜਾਣ ਬਾਰੇ ਗੱਲ ਕਰਦਿਆਂ ਏ. ਸੀ. ਪੀ. ਸੁਖਪਾਲ ਸਿੰਘ ਨੇ ਦੱਸਿਆ ਕਿ ਨਿਗਮ ਦੇ ਕਹਿਣ 'ਤੇ ਪੁਲਸ ਪਾਰਟੀ ਭੇਜੀ ਗਈ ਸੀ, ਹਾਲਾਂਕਿ ਉਨ੍ਹਾਂ ਦੁਕਾਨਦਾਰਾਂ ਵਲੋਂ ਪੁਲਸ ਪਾਰਟੀ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਗਈ।
