ਸ਼੍ਰੋਮਣੀ ਕਮੇਟੀ ਨੂੰ ਬੇਅਦਬੀ ਸਬੰਧੀ ਸੂਚਿਤ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ

Tuesday, May 05, 2020 - 05:32 PM (IST)

ਸ਼੍ਰੋਮਣੀ ਕਮੇਟੀ ਨੂੰ ਬੇਅਦਬੀ ਸਬੰਧੀ ਸੂਚਿਤ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ

ਅੰਮ੍ਰਿਤਸਰ (ਦੀਪਕ ਸ਼ਰਮਾ): ਪਿਛਲੇ ਦਿਨੀਂ ਸਥਾਨਕ ਆਦਰਸ਼ ਨਗਰ ਇਸਲਾਮਾਬਾਦ ਇਕਾਲੇ ਵਿਚ ਗੁਰਬਾਣੀ ਦੀ ਪਾਵਨ ਪੋਥੀ ਅਤੇ ਗੁਟਕਾ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰਨ ਸਮੇਂ ਸਿੱਖ ਹੋਣ ਦੇ ਨਾਤੇ ਆਪਣਾ ਅਹਿਮ ਰੋਲ ਅਦਾ ਕਰਨ ਵਾਲੇ ਕੂੜੇ ਵਾਲੀ ਗੱਡੀ ਦੇ ਡਰਾਈਵਰ ਅਤੇ ਉਸ ਦੇ ਹੈਲਪਰ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਬਖ਼ਸ਼ਿਸ਼ ਸਿਰਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੱਜ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਵੱਲੋਂ ਸਾਂਝੇ ਤੌਰ 'ਤੇ ਡਰਾਈਵਰ ਸ. ਗੁਰਦੀਪ ਸਿੰਘ ਨੂੰ 21 ਹਜ਼ਾਰ ਅਤੇ ਉਸ ਦੇ ਸਾਥੀ ਹੈਲਪਰ ਸ੍ਰੀ ਵਰਿੰਦਰ ਨੂੰ 11 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਸਨਮਾਨ-ਪੱਤਰ ਦੇ ਕੇ ਸਨਮਾਨਿਤ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ 3 ਮਈ ਐਤਵਾਰ ਨੂੰ ਸਵੇਰੇ ਅੰਮ੍ਰਿਤਸਰ ਦੇ ਇਲਾਕੇ ਆਦਰਸ਼ ਨਗਰ ਵਿਖੇ ਇਕ ਪਰਿਵਾਰ ਵੱਲੋਂ ਆਪਣੇ ਘਰ ਦਾ ਕੂੜਾ ਸੁੱਟਣ ਦੇ ਨਾਲ-ਨਾਲ ਕੂੜੇ ਵਾਲੀ ਗੱਡੀ ਵਿਚ ਇਕ ਵੱਖਰਾ ਪਲਾਸਟਿਕ ਦਾ ਤੋੜਾ ਰੱਖਿਆ ਗਿਆ ਸੀ, ਜੋ ਕਿ ਕੂੜੇ ਵਾਲੀ ਗੱਡੀ ਦਾ ਡਰਾਈਵਰ ਅਤੇ ਹੈਲਪਰ ਲੈ ਕੇ ਕੂੜੇ ਵਾਲੇ ਡੰਪ 'ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਕੂੜੇ ਸੁੱਟਣ ਤੋਂ ਬਾਅਦ ਤੋੜਾ ਖੋਲ•ਕੇ ਦੇਖਿਆ ਤਾਂ ਉਸ ਵਿਚ ਗੁਰਬਾਣੀ ਦੀ ਇਕ ਪੋਥੀ ਅਤੇ ਪੰਜ ਗੁਟਕਾ ਸਾਹਿਬ ਦੇ ਨਾਲ-ਨਾਲ ਗਾਤਰੇ ਕਿਰਪਾਨਾਂ ਅਤੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਵੀ ਪਈਆਂ ਹੋਈਆਂ ਸਨ। ਇਸ ਮੌਕੇ ਡਰਾਈਵਰ ਨੇ ਸਿਆਣਪ ਤੋਂ ਕੰਮ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਿਆ, ਜਿਸ 'ਤੇ ਸ਼੍ਰੋਮਣੀ ਕਮੇਟੀ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੇ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਅਤੇ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਦੀ ਡਿਊਟੀ ਲਗਾਉਂਦਿਆਂ ਮੌਕੇ 'ਤੇ ਭੇਜਿਆ। ਜਿਥੇ ਗੁਰਦੁਆਰਾ ਸਿੰਘ ਸਭਾ, ਗੁਰੂ ਨਾਨਕ ਪੁਰਾ ਇਸਲਾਮਾਬਾਦ ਤੋਂ ਕੂੜੇ ਵਾਲੀ ਗੱਡੀ ਦੇ ਡਰਾਈਵਰ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਟੀਮ ਨੂੰ ਪੂਰੇ ਅਦਬ ਸਤਿਕਾਰ ਨਾਲ ਤੋੜੇ ਵਿੱਚੋਂ ਮਿਲੀ ਗੁਰਬਾਣੀ ਦੀ ਪੋਥੀ, ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਕਕਾਰਾਂ ਨੂੰ ਸੌਂਪਿਆ ਗਿਆ, ਜਿਸ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਇਸ ਚੰਗੇ ਕੰਮ ਪ੍ਰਤੀ ਮਾਨ-ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਸਤਿੰਦਰ ਸਿੰਘ, ਸ. ਗੁਰਮੀਤ ਸਿੰਘ ਬੁੱਟਰ, ਸੁਪਰੀਡੈਂਟ ਸ. ਮਲਕੀਤ ਸਿੰਘ ਬਹਿੜਵਾਲ ਤੇ ਸ. ਗੁਰਨਾਮ ਸਿੰਘ ਇੰਚਾਰਜ ਵੀ ਹਾਜ਼ਰ ਸਨ।


author

Shyna

Content Editor

Related News