ਸੈਮ ਪਿਤਰੋਦਾ ਦੇ ਬਿਆਨ ਨਾਲ ਕਾਂਗਰਸੀਆਂ ਦੀ ਮਨਸ਼ਾ ਹੋਈ ਜਗ ਜ਼ਾਹਰ : ਅਮਿਤ ਸ਼ਾਹ
Monday, May 13, 2019 - 09:45 AM (IST)
ਅੰਮ੍ਰਿਤਸਰ (ਮਮਤਾ, ਕਮਲ) : ਸੈਮ ਪਿਤਰੋਦਾ ਦੇ '84 ਦੇ ਦੰਗਿਆਂ ਸਬੰਧੀ ਦਿੱਤੇ ਗਏ ਬਿਆਨ ਨਾਲ ਕਾਂਗਰਸੀਆਂ ਦੀ ਮਨਸ਼ਾ ਇਕ ਵਾਰ ਫਿਰ ਜਗ ਜ਼ਾਹਰ ਹੋ ਗਈ ਹੈ ਕਿ ਸਿੱਖ ਦੰਗਾ ਪੀੜਤਾਂ ਪ੍ਰਤੀ ਉਨ੍ਹਾਂ ਦੇ ਮਨ ਵਿਚ ਕੋਈ ਵੀ ਹਮਦਰਦੀ ਨਹੀਂ ਹੈ। ਅਜਿਹੇ ਵਿਚ ਹੁਣ ਸਿਰਫ ਮੁਆਫੀ ਮੰਗਣ ਨਾਲ ਉਨ੍ਹਾਂ ਦੇ ਜ਼ਖਮ ਨਹੀਂ ਭਰਨਗੇ। ਇਹ ਵਿਚਾਰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੰਮ੍ਰਿਤਸਰ ਦੇ ਹਲਕਾ ਉਤਰੀ ਵਿਚ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਪੱਖ ਵਿਚ ਆਯੋਜਿਤ ਰੈਲੀ ਦੌਰਾਨ ਪ੍ਰਗਟਾਏ।
ਭਾਜਪਾ ਦੀਆਂ ਪ੍ਰਾਪਤੀਆਂ ਵਿਚ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਸਥਾਪਨਾ ਦਾ ਸਿਹਰਾ ਲੈਂਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਵੰਡ ਦੇ ਸਮੇਂ ਹੀ ਜੇਕਰ ਉਸ ਸਮੇਂ ਦੇ ਕਾਂਗਰਸੀ ਨੇਤਾਵਾਂ ਨੇ ਸਰਹੱਦ ਤੋਂ ਬਾਹਰ ਸਿਰਫ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਸ ਦੇ ਲਈ 60 ਸਾਲ ਬਾਅਦ ਕਾਰੀਡੋਰ ਬਣਾਉਣ ਦੀ ਲੋੜ ਨਾ ਪੈਂਦੀ। ਕਾਂਗਰਸ ਸਰਕਾਰ ਨੇ ਕਰਤਾਰਪੁਰ ਸਾਹਿਬ ਕਾਰੀਡੋਰ ਸੰਬੰਧੀ ਇੰਨੇ ਸਾਲਾਂ ਤਕ ਕੋਈ ਵੀ ਕੋਸ਼ਿਸ਼ ਨਹੀਂ ਕੀਤੀ।
ਸ਼ਾਹ ਨੇ ਕਿਹਾ ਕਿ ਐੱਨ. ਡੀ. ਏ. ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਨਾਲ ਸਬੰਧਤ ਸੁਲਤਾਨਪੁਰ ਲੋਧੀ ਦਾ ਵਿਕਾਸ ਕਰਵਾਉਣ ਦੇ ਨਾਲ-ਨਾਲ ਉਥੋਂ ਦੇ ਰੇਲਵੇ ਸਟੇਸ਼ਨ ਦਾ ਆਧੁਨਿਕੀਕਰਨ ਕਰਵਾਇਆ। ਮੋਦੀ ਸਰਕਾਰ ਨੇ ਪੰਜਾਬ ਵਿਚ ਅਰਬਨ ਵਿਕਾਸ ਯੋਜਨਾ ਦੇ ਤਹਿਤ 40 ਹਜ਼ਾਰ ਕਰੋੜ ਰੁਪਏ ਖਰਚ ਕਰ ਕੇ ਵਿਕਾਸ ਕੀਤਾ। ਇਸ ਤੋਂ ਇਲਾਵਾ ਦੇਸ਼ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਦੇ ਹੋਏ ਪੁਲਵਾਮਾ ਹਮਲੇ ਵਿਚ ਮਾਰੇ ਗਏ ਦੇਸ਼ ਦੇ ਸ਼ਹੀਦਾਂ ਦਾ ਬਦਲਾ ਲਿਆ। ਇਸ ਮੌਕੇ ਰਾਜ ਸਭਾ ਮੈਂਬਰ ਅਤੇ ਸੂਬਾ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਬਿਕਰਮ ਸਿੰਘ ਮਜੀਠੀਆ, ਤਰੁਣ ਚੁੱਘ, ਵੀਰ ਸਿੰਘ ਲੋਪੋਕੇ, ਅਨਿਲ ਜੋਸ਼ੀ ਤੇ ਹੋਰ ਮੌਜੂਦ ਸਨ।