ਸੱਤਾਧਾਰੀ ਆਗੂ ਦੇ ''ਖਸਮਖਾਸ'' ਕਾਰਣ ਡਿਪੂ ਹੋਲਡਰਾਂ ''ਤੇ ਖ਼ਤਰੇ ਦੀ ਤਲਵਾਰ!
Thursday, Nov 26, 2020 - 02:06 PM (IST)
ਅੰਮ੍ਰਿਤਸਰ (ਇੰਦਰਜੀਤ): ਖ਼ੁਰਾਕ ਸਪਲਾਈ ਵਿਭਾਗ ਅਧੀਨ ਆਉਂਦੇ ਡਿਪੂ ਹੋਲਡਰਾਂ 'ਤੇ ਖਤਰੇ ਦੀ ਤਲਵਾਰ ਲਟਕਣ ਲੱਗ ਪਈ ਹੈ। 'ਇਕ ਪਾਸੇ ਖੂਹ ਅਤੇ ਦੂਜੇ ਪਾਸੇ ਖਾਈ' 'ਚ ਫ਼ਸੇ ਹੋਏ ਹਨ ਇਹ ਡਿਪੂ ਹੋਲਡਰ, ਜੋ ਗਰੀਬਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਵਿਸ਼ੇਸ਼ ਰਾਹਤ ਤਹਿਤ ਸਸਤਾ ਰਾਸ਼ਨ ਅਤੇ ਅਨਾਜ ਵੰਡਦੇ ਹਨ। ਇਨ੍ਹਾਂ ਦੀ ਪ੍ਰੇਸ਼ਾਨੀ ਇਹ ਹੈ ਕਿ ਸੱਤਾਧਾਰੀ ਪਾਰਟੀ ਦੇ ਇਕ ਨੇਤਾ ਦਾ ਕਥਿਤ ਪੀ. ਏ. ਉਨ੍ਹਾਂ ਨੂੰ ਰੈਗੂਲਰ ਮਹੀਨਾ ਦੇਣ ਲਈ ਭਾਰੀ ਦਬਾਅ ਪਾ ਰਿਹਾ ਹੈ। ਹਾਲਾਂਕਿ ਡਿਪੂ ਹੋਲਡਰ ਨੂੰ ਵੰਡ ਲਈ ਜਿਹੜੀ ਛੋਟੀ-ਮੋਟੀ ਕਮਿਸ਼ਨ ਸਰਕਾਰ ਵਲੋਂ ਮਿਲਦੀ ਹੈ, ਉਸ 'ਤੇ ਵੀ ਆਗੂਆਂ ਦੇ ਗੁਰਗਿਆਂ ਦੀ ਬਾਜ਼ ਅੱਖ ਜਾਣ ਲੱਗ ਪਈ ਹੈ। ਇਸ ਕਾਰਣ ਇਹ ਲੋਕ ਨਾ ਤਾਂ ਡਿਪੂ ਚਲਾ ਸਕਦੇ ਹਨ, ਨਾ ਆਗੂਆਂ ਦੇ ਗੁਰਗਿਆਂ ਦੀ ਗੱਲ ਮੰਨ ਸਕਦੇ ਹਨ। ਇਨ੍ਹਾਂ ਦੀ ਇਹ ਵੀ ਮੁਸ਼ਕਿਲ ਹੈ ਕਿ ਵਿਭਾਗ ਦੇ ਲੋਕ ਵੀ ਆਗੂਆਂ ਦੇ ਦਬਾਅ 'ਚ ਰਹਿੰਦੇ ਹਨ, ਇਸ ਲਈ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਵੀ ਨਹੀਂ ਹੈ।
ਇਹ ਵੀ ਪੜ੍ਹੋ : ਹਾਈ ਕੋਰਟ ਦਾ ਵੱਡਾ ਫ਼ੈਸਲਾ: ਬਾਲਗ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਲਈ ਅਜ਼ਾਦ
ਅਜਿਹੀ ਹੀ ਹਾਲਤ ਅੰਮ੍ਰਿਤਸਰ ਦੇ ਇਕ ਵੱਡੇ ਇਲਾਕੇ ਦੇ 100 ਤੋਂ 150 ਡਿਪੂ ਹੋਲਡਰਾਂ ਦੀ ਬਣੀ ਹੋਈ ਹੈ। ਪਿਛਲੇ ਸਮੇਂ 'ਚ ਇਕ ਸੱਤਾਧਾਰੀ ਆਗੂ ਦੇ ਕਥਿਤ ਪੀ. ਏ. ਨੇ ਫੂਡ ਸਪਲਾਈ ਵਿਭਾਗ ਦੇ ਕੁਝ ਛੋਟੇ ਅਧਿਕਾਰੀਆਂ 'ਤੇ ਦਬਾਅ ਪਾਉਣਾ ਸ਼ੁਰੂ ਕੀਤਾ ਕਿ ਜਿੰਨੇ ਵੀ ਡਿਪੂ ਹੋਲਡਰ ਇਕ ਸੀਮਿਤ ਇਲਾਕੇ 'ਚ ਆਉਂਦੇ ਹਨ, ਉਹ ਸਾਰੇ ਉਸਨੂੰ ਪੈਸੇ ਇਕੱਠੇ ਕਰ ਕੇ ਦੇਣ ਨਹੀਂ ਤਾਂ ਉਨ੍ਹਾਂ ਦੇ ਬੌਸ (ਨੇਤਾ ਜੀ) ਇਹ ਮਾਮਲਾ ਵਿਭਾਗ ਦੇ ਮੰਤਰੀ ਤਕ ਪਹੁੰਚਾ ਦੇਣਗੇ ਕਿ ਇੱਥੇ ਘਪਲਾ ਹੁੰਦਾ ਹੈ। ਹਾਲਾਂਕਿ ਘਪਲੇ ਦੇ ਕੋਈ ਤਾਜ਼ਾ ਸਬੂਤ ਤਾਂ ਨਹੀਂ ਸਨ ਪਰ ਡਰ ਦੇ ਮਾਰੇ ਕੁਝ ਹੇਠਲੇ ਅਧਿਕਾਰੀਆਂ ਨੇ ਡਿਪੂ ਹੋਲਡਰਾਂ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੇ ਆਪਣੀ ਜੇਬ 'ਚੋਂ ਪੈਸੇ ਇਕੱਠੇ ਕਰ ਕੇ ਆਗੂ ਦੇ ਕਥਿਤ ਗੁਰਗੇ ਦੇ ਮੂੰਹ 'ਤੇ ਮਾਰ ਦਿੱਤੇ। ਲਾਹਨਤਾਂ ਪਾਉਂਦਿਆਂ ਡਿਪੂ ਚਾਲਕਾਂ ਨੂੰ ਇਕ ਮਹੀਨਾ ਵੀ ਨਹੀਂ ਲੰਘਿਆ ਸੀ ਕਿ ਆਗੂ ਦਾ 'ਖਸਮਖਾਸ' ਫਿਰ ਮੂੰਹ ਵਿਚ ਪਾਣੀ ਭਰ ਬੈਠਾ ਅਤੇ ਆਪਣੀ ਵੰਗਾਰ ਨੂੰ ਮੁੜ ਦੋਹਰਾ ਦਿੱਤਾ। ਤੰਗੀ ਝੱਲ ਕੇ ਵੀ ਪੈਸੇ ਇਕੱਠੇ ਕਰ ਕੇ ਸਾਰੇ ਡਿਪੂ ਵਾਲਿਆਂ ਨੇ ਉਸ ਨੂੰ ਫਿਰ ਦੇ ਦਿੱਤੇ ਪਰ ਉਸ ਤੋਂ ਬਾਅਦ ਆਗੂ ਦੇ ਗੁਰਗੇ ਨੇ ਬੇਸ਼ਰਮੀ ਦੀਆਂ ਹੱਦਾਂ ਤੋੜਦੇ ਹੋਏ ਇਕ ਵੰਗਾਰ ਹੋਰ ਖੜ੍ਹੀ ਕਰ ਦਿੱਤੀ ਕਿ ਹਰ ਮਹੀਨੇ ਹੀ ਅਜਿਹਾ ਬੰਡਲ ਸੇਵਾ ਵਿਚ ਹਾਜ਼ਰ ਕਰਦੇ ਜਾਓ। ਡਿਪੂ ਵਾਲਿਆਂ ਨੇ ਜਦੋਂ ਸਲਾਹ ਕੀਤੀ ਤਾਂ ਫ਼ੈਸਲਾ ਲਿਆ ਕਿ ਹੁਣ ਪੈਸੇ ਨਹੀਂ ਦੇਵਾਂਗੇ। ਹੁਣ ਇਸ ਤੋਂ ਬਾਅਦ ਤਾਂ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਕਾਰਣ ਡਿਪੂ ਹੋਲਡਰਾਂ ਨੂੰ ਆਪਣੇ 'ਤੇ ਖਤਰੇ ਦੀ ਤਲਵਾਰ ਲਟਕਦੀ ਵਿਖਾਈ ਦੇ ਰਹੀ ਹੈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਦੀ ਸ਼ਾਮਤ ਆ ਸਕਦੀ ਹੈ। ਜੇਕਰ ਪੈਸੇ ਦਿੰਦੇ ਹਨ ਤਾਂ ਪਰਿਵਾਰ ਦਾ ਗੁਜ਼ਾਰਾ ਨਹੀਂ ਚਲਦਾ।
ਇਹ ਵੀ ਪੜ੍ਹੋ : ਕਲਯੁੱਗੀ ਮਾਪਿਆਂ ਦਾ ਕਾਰਾ: ਇਕ ਦਿਨ ਦਾ ਬੱਚਾ ਹਸਪਤਾਲ ਛੱਡ ਹੋਏ ਗ਼ਾਇਬ, ਬੱਚੇ ਦੀ ਹੋਈ ਮੌਤ
ਬਾਇਓਮੈਟਰਿਕ ਮਸ਼ੀਨਾਂ ਤੋਂ ਬਾਅਦ ਉਪਰਲੀ ਕਮਾਈ ਹੋ ਗਈ ਖਤਮ
ਇਸ ਸਬੰਧੀ ਭੇਤਭਰੀ ਦਲੀਲ ਇਹ ਵੀ ਹੈ ਕਿ ਡਿਪੂ ਹੋਲਡਰ ਪਹਿਲੇਂ ਸਮੇਂ ਵਿਚ ਉਪਰਲੀ ਕਮਾਈ ਕਰ ਜਾਂਦੇ ਸਨ। ਕਾਰਣ ਇਹ ਸੀ ਕਿ ਵੱਡੀ ਗਿਣਤੀ ਵਿਚ ਲੋਕ ਅਜਿਹੇ ਸਨ, ਜੋ ਰਾਸ਼ਨ ਦੇ ਡਿਪੂ ਤੋਂ ਰਾਸ਼ਨ ਨਹੀਂ ਲੈਂਦੇ ਸਨ। ਅਜਿਹੇ ਹਾਲਾਤ ਵਿਚ ਉਹ ਆਗੂਆਂ ਦੇ ਚਮਚਿਆਂ ਨੂੰ ਕੁਝ ਨਾ ਕੁਝ ਸੇਵਾ ਦੇ ਰੂਪ ਵਿਚ ਕਦੇ-ਕਦੇ ਦੇ ਦਿੰਦੇ ਸਨ। ਬੱਸ ਇਸੇ ਕਾਰਣ ਆਗੂਆਂ ਦੇ ਗੁਰਗਿਆਂ ਦੀ ਆਦਤ ਵਿਗੜ ਗਈ ਸੀ l ਸਰਕਾਰ ਵੱਲੋਂ ਡਿਪੂ ਹੋਲਡਰਾਂ ਨੂੰ ਹੁਣ ਬਾਇਓਮੈਟਰਿਕ ਮਸ਼ੀਨਾਂ ਦਿੱਤੀਆਂ ਗਈਆਂ ਹਨ। ਜੇਕਰ ਕੋਈ ਵਿਅਕਤੀ ਆਪਣਾ ਰਾਸ਼ਨ ਲੈਣ ਨਹੀਂ ਆਉਂਦਾ ਤਾਂ ਉਹ ਸਟਾਕ ਵਿਭਾਗ ਨੂੰ ਵਾਪਸ ਚਲਾ ਜਾਂਦਾ ਹੈ। ਅਜਿਹੇ ਹਾਲਾਤ ਵਿਚ ਡਿਪੂ ਹੋਲਡਰ ਕਿਸੇ ਵੀ ਤਰ੍ਹਾਂ ਦੀ ਵੰਗਾਰ ਝੱਲਣ ਤੋਂ ਅਸਮਰਥ ਹਨ।
ਇਹ ਵੀ ਪੜ੍ਹੋ : ਨਵ-ਵਿਆਹੁਤਾ ਨੇ ਥਾਣਾ ਮੁਖੀ 'ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼, ਅੱਗਿਓਂ ਥਾਣਾ ਮੁਖੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ