ਅੰਮ੍ਰਿਤਸਰ : ਤੇਜ਼ ਰਫਤਾਰ ਗੱਡੀ ਪਲਟਣ ਨਾਲ 2 ਦੀ ਮੌਤ 20 ਜ਼ਖਮੀ
Friday, Dec 27, 2019 - 05:07 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਕੱਥੂ ਨੰਗਲ ਨੇੜੇ ਇਕ ਤੇਜ਼ ਰਫਤਾਰ ਗੱਡੀ ਪਲਟਣ ਕਾਰਨ 2 ਦੀ ਮੌਤ ਜਦਕਿ 20 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮਟਰਾਂ ਦੀ ਤੁੜਾਈ ਲਈ ਮਜ਼ਦੂਰਾਂ ਨਾਲ ਭਰੀ ਗੱਡੀ ਕਥੂਨੰਗਲ ਤੋਂ ਦੋਧਾਲੇ ਨੂੰ ਜਾ ਰਹੀ ਸੀ ਅਜੇ ਗੱਡੀ 2 ਕੁ ਕਿਲੋਮੀਟਰ ਦੂਰ ਹੀ ਪਹੁੰਚੀ ਸੀ ਕਿ ਰਫਤਾਰ ਕਾਫੀ ਤੇਜ਼ ਹੋਣ ਕਰਕੇ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਪਲਟ ਗਈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਹਾਦਸਾ ਡਰਾਈਵਰ ਦੀ ਗਲਤੀ ਕਾਰਣ ਹੋਇਆ। ਹਾਲਾਂਕਿ ਗੱਡੀ ਪਲਟਣ ਤੋਂ ਪਹਿਲਾਂ ਹੀ ਡਰਾਈਵਰ ਨੇ ਛਾਲ ਮਾਰ ਦਿੱਤੀ। ਉਧਰ ਪੁਲਸ ਦਾ ਕਹਿਣਾ ਹੈ ਕਿ ਡਰਾਈਵਰ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖਮੀਆਂ 'ਚ ਵੱਡੀ ਗਿਣਤੀ 'ਚ ਔਰਤਾਂ ਤੇ ਬੱਚੇ ਸ਼ਾਮਲ ਹਨ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।