ਪਿਛਲੇ ਸਾਲ ਦੇ ਮੁਕਾਬਲੇ 54 ਹਜ਼ਾਰ 430 ਵਿਦਿਆਰਥੀ ਹੋਏ ਪ੍ਰੀ-ਪ੍ਰਾਇਮਰੀ ਕਲਾਸਾਂ ''ਚ ਦਾਖਲ
Monday, Mar 18, 2019 - 11:55 AM (IST)
ਅੰਮ੍ਰਿਤਸਰ (ਦਲਜੀਤ) : ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਚਲਾਈ ਗਈ ਦਾਖਲਾ ਮੁਹਿੰਮ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ। ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਸਰਕਾਰੀ ਸਕੂਲਾਂ ਦੀ ਬਦਲ ਰਹੀ ਦਿੱਖ ਨੂੰ ਦੇਖਦਿਆ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਭਰਤੀ ਕਰਵਾਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪ੍ਰੀ-ਪ੍ਰਾਇਮਰੀ ਕਲਾਸਾਂ 'ਚ ਦਾਖਲਾ 35 ਫੀਸਦੀ ਹੋਇਆ। ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਵਧੀ ਗਿਣਤੀ ਪਿੱਛੇ ਅਧਿਆਪਕਾਂ ਦੀ ਸਖਤ ਮਿਹਨਤ ਹੈ, ਜਿਨ੍ਹਾਂ ਘਰ-ਘਰ ਜਾ ਕੇ ਸਿੱਖਿਆ ਵਿਭਾਗ ਦੀਆਂ ਨੀਤੀਆਂ ਤੋਂ ਮਾਪਿਆਂ ਨੂੰ ਜਾਣੂ ਕਰਵਾ ਕੇ ਜਾਗਰੂਕ ਕੀਤਾ। ਨਵੇਂ ਵਿਦਿਅਕ ਸੈਸ਼ਨ 'ਚ 54,430 ਦੇ ਕਰੀਬ ਵਿਦਿਆਰਥੀ ਸਕੂਲਾਂ 'ਚ ਆਉਣਗੇ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਹੀ ਪੰਜਾਬ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਪਿਛਲੇ ਸਾਲ ਪ੍ਰੀ-ਪ੍ਰਾਇਮਰੀ ਨੂੰ ਜ਼ਿਆਦਾਤਰ ਵਿਦਿਆਰਥੀ ਆਂਗਣਵਾੜੀ ਕੇਂਦਰਾਂ ਤੋਂ ਮਿਲਣ ਕਾਰਨ ਸਿੱਖਿਆ ਵਿਭਾਗ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਸੀ ਪਰ ਇਸ ਸਾਲ ਵੱਧ ਦਾਖਲਿਆਂ ਨੂੰ ਲੈ ਕੇ ਵੱਡੀ ਚੁਣੌਤੀ ਨੂੰ ਦੇਖਦਿਆਂ ਸਿੱਖਿਆ ਵਿਭਾਗ ਨੇ ਦਸੰਬਰ ਮਹੀਨੇ ਤੋਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਸਿੱਖਿਆ ਵਿਭਾਗ ਵੱਲੋਂ 'ਈਚ ਵਨ ਬਰਿੰਗ ਵਨ' ਮੁਹਿੰਮ ਦਾ ਦਸੰਬਰ ਮਹੀਨੇ 'ਚ ਆਗਾਜ਼ ਕਰਦਿਆਂ ਪਿੰਡ-ਪਿੰਡ, ਗਲੀ-ਗਲੀ ਅਧਿਆਪਕਾਂ ਨੂੰ ਭੇਜ ਦਿੱਤਾ ਸੀ ਤਾਂ ਕਿ ਉਨ੍ਹਾਂ ਦੇ ਇਲਾਕੇ 'ਚ ਕੋਈ ਵੀ ਵਿਦਿਆਰਥੀ ਸਰਕਾਰੀ ਸਕੂਲ 'ਚ ਦਾਖਲਾ ਲੈਣ ਤੋਂ ਰਹਿ ਨਾ ਜਾਵੇ। ਪ੍ਰੀ-ਪ੍ਰਾਇਮਰੀ ਸਕੂਲਾਂ 'ਚ 2.11 ਲੱਖ ਦੇ ਕਰੀਬ ਹੋਵੇਗੀ ਵਿਦਿਆਰਥੀਆਂ ਦੀ ਗਿਣਤੀ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਿਚ ਇਜ਼ਾਫਾ ਹੋਣਾ ਸਿੱਖਿਆ ਵਿਭਾਗ ਲਈ ਬੜੀ ਵੱਡੀ ਗੱਲ ਹੈ। ਵਿਭਾਗ ਦੀ ਇਸ ਕਾਮਯਾਬੀ ਦਾ ਸਿਹਰਾ ਅਧਿਆਪਕਾਂ ਨੂੰ ਜਾਂਦਾ ਹੈ, ਜਿਨ੍ਹਾਂ ਘਰ-ਘਰ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਾਉਣ ਲਈ ਪ੍ਰੇਰਿਤ ਕੀਤਾ। ਇਸ ਸਾਲ 1 ਅਪ੍ਰੈਲ ਤੋਂ 54,430 ਨਵੇਂ ਵਿਦਿਆਰਥੀ ਪ੍ਰੀ-ਪ੍ਰਾਇਮਰੀ ਸਕੂਲਾਂ 'ਚ ਪੜ੍ਹਾਈ ਕਰਨਗੇ। ਇਸ ਨਵੇਂ ਦਾਖਲੇ ਦੇ ਨਾਲ ਸਰਕਾਰੀ ਪ੍ਰੀ-ਪ੍ਰਾਇਮਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ 2 ਲੱਖ 10 ਹਜ਼ਾਰ 760 ਹੋਣ ਜਾ ਰਹੀ ਹੈ, ਜਿਹੜੀ ਪਿਛਲੇ ਸਾਲ 1 ਲੱਖ 56 ਹਜ਼ਾਰ 330 ਹੀ ਸੀ।
ਅਧਿਆਪਕਾਂ ਤੇ ਅਧਿਕਾਰੀਆਂ ਦੀ ਮਿਹਨਤ ਨੂੰ ਪਿਆ ਬੂਰ : ਰੰਧਾਵਾ
ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਜੁਗਰਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਵਿਭਾਗ ਕੋਈ ਵੀ ਮੁਹਿੰਮ ਸ਼ੁਰੂ ਕਰ ਲਵੇ ਪਰ ਉਸ ਨੂੰ ਸਫਲ ਕਰਨਾ ਅਧਿਆਪਕਾਂ ਦੇ ਹੱਥ 'ਚ ਹੀ ਹੁੰਦਾ ਹੈ। 'ਈਚ ਵਨ ਬਰਿੰਗ ਵਨ' ਮੁਹਿੰਮ ਦਾ ਆਗਾਜ਼ ਦਸੰਬਰ ਮਹੀਨੇ 'ਚ ਹੋਇਆ ਸੀ, ਜਿਸ ਨੂੰ ਸਫਲ ਬਣਾਉਣ ਲਈ ਅਧਿਆਪਕ ਤੋਂ ਲੈ ਕੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਪਿੰਡ-ਪਿੰਡ, ਗਲੀ-ਗਲੀ ਘੁੰਮ ਕੇ ਬੱਚਿਆਂ ਨੂੰ ਦਾਖਲੇ ਲਈ ਸਰਕਾਰੀ ਸਕੂਲਾਂ 'ਚ ਲੈ ਕੇ ਆਏ ਸਨ। ਪ੍ਰੀ-ਪ੍ਰਾਇਮਰੀ ਸਕੂਲਾਂ 'ਚ ਦਾਖਲੇ ਦੀ ਇਸ ਸਫਲਤਾ ਲਈ ਅਧਿਆਪਕਾਂ ਦੇ ਨਾਲ ਹੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕੰਮ ਵੀ ਸ਼ਲਾਘਾਯੋਗ ਹੈ।