550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸੰਗਤ ਲਈ ਜਾਰੀ ਕੀਤੇ ਜਾਣਗੇ 10 ਹਜ਼ਾਰ ਵੀਜ਼ੇ

06/26/2019 12:59:51 PM

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ 'ਤੇ ਭਾਰੀ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਹਿਤ ਭਾਰਤ ਤੋਂ ਆਉਣ ਵਾਲੀ ਸੰਗਤ ਲਈ 10 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਣਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਨਿਯੁਕਤ ਕੀਤੇ ਗਏ ਧਾਰਮਿਕ ਸੈਰ-ਸਪਾਟਾ ਤੇ ਹੈਰੀਟੇਜ ਕਮੇਟੀ ਦੇ ਪ੍ਰਮੁੱਖ ਤੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਆਪਣੇ ਜਨ ਸੰਪਰਕ ਅਧਿਕਾਰੀ ਪਵਨ ਸਿੰਘ ਅਰੋੜਾ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਦੇ ਬਾਵਜੂਦ ਜੇਕਰ ਕਿਸੇ ਵਿਅਕਤੀ ਜਾਂ ਜਥੇ ਦਾ ਵੀਜ਼ਾ ਨਹੀਂ ਲੱਗਦਾ ਜਾਂ ਵੀਜ਼ਾ ਸਬੰਧੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਹ ਸਿੱਧਾ ਲਾਹੌਰ ਸਥਿਤ ਗਵਰਨਰ ਹਾਊਸ ਨਾਲ ਸੰਪਰਕ ਕਰ ਸਕਦਾ ਹੈ।

ਚੌਧਰੀ ਸਰਵਰ ਅਨੁਸਾਰ ਪ੍ਰਕਾਸ਼ ਪੁਰਬ ਮੌਕੇ ਸੰਗਤ ਨੂੰ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੱਕ ਪਹੁੰਚਣ ਲਈ ਛੋਟੀਆਂ-ਛੋਟੀਆਂ ਗਲੀਆਂ 'ਚੋਂ ਹੋ ਕੇ ਨਹੀਂ ਲੰਘਣਾ ਪਵੇਗਾ ਤੇ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਤੱਕ ਸਿੱਧੀ ਲਿੰਕ ਰੋਡ ਬਣਾਈ ਜਾਵੇਗੀ। ਇਸ ਸੜਕ ਰਾਹੀਂ ਸੰਗਤ ਸ੍ਰੀ ਨਨਕਾਣਾ ਸਾਹਿਬ ਵਿਚਲੇ 7 ਗੁਰਦੁਆਰਾ ਸਾਹਿਬਾਨਾ ਦੇ ਦਰਸ਼ਨ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਯਾਤਰੂਆਂ ਨੂੰ ਪੀਣ ਵਾਲਾ ਸਾਫ ਪਾਣੀ ਉਪਲੱਬਧ ਕਰਵਾਉਣ ਲਈ ਉਨ੍ਹਾਂ ਦੀ ਨਿੱਜੀ ਸਮਾਜ ਸੇਵੀ ਸੰਸਥਾ ਸਫਦਰ ਫਾਊਂਡੇਸ਼ਨ ਵਲੋਂ ਗੁਰਦੁਆਰਾ ਸਾਹਿਬ ਵਿਖੇ ਫਿਲਟਰੇਸ਼ਨ ਪਲਾਂਟ ਵੀ ਲਗਾਇਆ ਜਾ ਰਿਹਾ ਹੈ। ਗਵਰਨਰ ਸਫਦਰ ਮੁਤਾਬਕ ਪਾਕਿਸਤਾਨ ਕੋਲ ਇਕੱਲੇ ਸੈਰ ਸਪਾਟਾ ਸੈਕਟਰ ਤੋਂ ਹੀ ਹਰ ਵਰ੍ਹੇ 3.8 ਅਰਬ ਡਾਲਰ ਦੀ ਆਮਦਨ ਪੈਦਾ ਕਰਨ ਦੀ ਸਮਰੱਥਾ ਹੈ, ਜਿਸ ਨੂੰ ਵਿਚਾਰਦਿਆਂ ਮੌਜੂਦਾ ਸਰਕਾਰ ਨੇ ਖਾਸ ਤੌਰ 'ਤੇ ਆਮ ਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿ 'ਚ ਹਿੰਦੂਆਂ ਤੇ ਸਿੱਖਾਂ ਸਮੇਤ ਵੱਕ-ਵੱਖ ਧਾਰਮਿਕ ਭਾਈਚਾਰੇ ਦੇ ਸੈਂਕੜੇ ਧਾਰਮਿਕ ਅਸਥਾਨ ਹਨ, ਜਿਨ੍ਹਾਂ ਦੇ ਰੱਖ-ਰਖਾਅ ਲਈ ਪਾਕਿ ਸਰਕਾਰ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। 


Baljeet Kaur

Content Editor

Related News