ਲਗਾਤਾਰ ਵੱਧ ਰਹੇ ਪ੍ਰਦੂਸ਼ਣ ਕਾਰਨ ਫਿੱਕੀ ਪੈ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ ’ਚ ਲੱਗੇ ਸੋਨੇ ਦੀ ਚਮਕ

04/04/2022 2:39:24 PM

ਅੰਮ੍ਰਿਤਸਰ (ਬਿਊਰੋ) - ਅੰਮ੍ਰਿਤਸਰ ’ਚ ਸਿੱਖਾਂ ਦੇ ਧਾਰਮਿਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਪਰਤ ਅਤੇ ਸੰਗਮਰਮਰ ਦੀ ਸਤ੍ਹਾ ਪ੍ਰਦੂਸ਼ਣ ਕਾਰਨ ਆਪਣੀ ਚਮਕ ਗੁਆ ਰਹੀ ਹੈ। ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਤੇਜ਼ੀ ਨਾਲ ਵਧ ਰਹੀ ਆਵਾਜਾਈ, ਹੋਟਲ ਅਤੇ ਉਦਯੋਗਾਂ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨਾਲ ਸ੍ਰੀ ਦਰਬਾਰ ਸਾਹਿਬ ਦੇ ਗੁਬੰਦ ਅਤੇ ਕੰਧਾਂ 'ਤੇ ਲਗਾਈਆਂ ਸੋਨੇ ਦੀਆਂ ਪਲੇਟਾਂ ਨੂੰ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਰ-ਵਾਰ ਇਸ ਦੀ ਸਾਫ਼-ਸਫ਼ਾਈ ਕਰਵਾਉਣੀ ਪੈ ਰਹੀ ਹੈ।

ਦਰਬਾਰ ਸਾਹਿਬ ਦੇ ਅੰਦਰ ਅਤੇ ਆਲੇ ਦੁਆਲੇ ਵਾਤਾਵਰਣ ਦੀ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਲਈ ਇਸ ਦੇ ਅਹਾਤੇ ’ਚ 2016 ਵਿੱਚ ਇੱਕ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ ਸਥਾਪਤ ਕੀਤਾ ਗਿਆ ਸੀ। ਪੀ.ਪੀ.ਸੀ.ਬੀ. ਦੀ ਕਲੀਨ ਏਅਰ ਅੰਮ੍ਰਿਤਸਰ-2019 ਐਕਸ਼ਨ ਪਲਾਨ ਅਨੁਸਾਰ, ਸੜਕ ਦੀ ਧੂੜ ਹਵਾ ਦੇ ਪ੍ਰਦੂਸ਼ਣ ਵਿੱਚ 47 ਫੀਸਦੀ ਯੋਗਦਾਨ ਪਾਉਂਦੀ ਹੈ, ਜਦੋਂ ਕਿ ਵਾਹਨਾਂ ਦਾ 7 ਫੀਸਦੀ ਹਿੱਸਾ ਹੁੰਦਾ ਹੈ। ਅੰਤਰ-ਰਾਜੀ ਬੱਸ ਟਰਮੀਨਲ (ISBT) ਸ਼ਹਿਰ ਦੇ ਕੇਂਦਰ ਤੇ ਹਰਿਮੰਦਰ ਸਾਹਿਬ ਦੇ ਨੇੜੇ ਹੈ।
 
ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 2016 ਵਿੱਚ ਉਕਤ ਸ਼ਹਿਰ ਵਿੱਚ ਟ੍ਰੈਫਿਕ ਜਾਮ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਆਈ.ਐੱਸ.ਬੀ.ਟੀ. ਨੂੰ ਵੱਲਾ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਦਿੱਤੀ ਸੀ, ਜਿਸ ਸਬੰਧ ਵਿੱਚ ਕੁਝ ਨਹੀਂ ਹੋਇਆ। ਇਸ ਤੋਂ ਇਲਾਵਾ ਸੀਵਰੇਜ ਵੀ ਪ੍ਰਦੂਸ਼ਣ ਫੈਲਾਉਣ ਵਿਚ ਭੂਮਿਕਾ ਨਿਭਾਉਂਦਾ ਹੈ। ਭਗਤਾਂਵਾਲਾ ਵਿਖੇ ਸਭ ਤੋਂ ਵੱਡੀ ਕੂੜਾ ਡੰਪਿੰਗ ਸਾਈਟ ਵੀ ਗੁਰਦੁਆਰੇ ਦੇ ਨੇੜੇ ਹੀ ਪੈਂਦੀ ਹੈ, ਜੋ 25 ਏਕੜ ਵਿੱਚ ਫੈਲੀ ਹੋਈ ਹੈ। ਇਸ ਨਾਲ ਮੀਥੇਨ ਸਮੇਤ ਕਈ ਖ਼ਤਰਨਾਕ ਗੈਸਾਂ ਦਾ ਨਿਕਾਸ ਹੁੰਦਾ ਹੈ। 


rajwinder kaur

Content Editor

Related News