ਦੁਨੀਆ ਦੇ 21 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ''ਚ ਅੰਮ੍ਰਿਤਸਰ ਵੀ

Wednesday, Oct 31, 2018 - 10:47 AM (IST)

ਦੁਨੀਆ ਦੇ 21 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ''ਚ ਅੰਮ੍ਰਿਤਸਰ ਵੀ

ਅੰਮ੍ਰਿਤਸਰ (ਵਾਲੀਆ) : ਸੰਯੁਕਤ ਰਾਸ਼ਟਰ ਦੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਸ਼ਾਖਾ 'ਅਰਬਨ ਏਅਰ ਪਾਲਿਊਸ਼ਨ ਆਬਜ਼ਰਵੇਟਰੀ' ਵੱਲੋਂ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ 'ਚ ਵਿਸ਼ਵ ਦੇ ਕੁਝ ਚੋਣਵੇਂ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਨਜਿੱਠਣ ਲਈ 'ਸਭਾ' ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਹਿਲੀ ਵਾਰ ਅਜਿਹੀ ਅੰਤਰਰਾਸ਼ਟਰੀ ਕਨਵੈਨਸ਼ਨ ਵਿਚ ਭਾਗ ਲਿਆ। ਕਨਵੈਨਸ਼ਨ 'ਚ ਉਨ੍ਹਾਂ ਸੰਯੁਕਤ ਰਾਸ਼ਟਰ ਦੀ 'ਵਿਸ਼ਵ ਸਿਹਤ ਸੰਸਥਾ' ਦੇ ਨੁਮਾਇੰਦਿਆਂ ਨੂੰ ਅੰਮ੍ਰਿਤਸਰ 'ਚ ਪ੍ਰਦੂਸ਼ਣ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਤੇ ਇਸ ਚੋਟੀ ਦੀ ਸੰਸਥਾ ਦਾ ਧਿਆਨ ਗੁਰੂ ਕੀ ਨਗਰੀ 'ਚ ਫੈਲੇ ਪ੍ਰਦੂਸ਼ਣ ਵੱਲ ਦਿਵਾ ਕੇ ਵਿਸ਼ਵ ਸਿਹਤ ਸੰਸਥਾ ਨੂੰ ਅੰਮ੍ਰਿਤਸਰ 'ਚ ਆਉਣ ਦੀ ਬੇਨਤੀ ਵੀ ਕੀਤੀ।  ਵਿਸ਼ਵ ਸਿਹਤ ਸੰਸਥਾ ਦੇ ਸਰਵੇਖਣ ਮੁਤਾਬਿਕ ਦੁਨੀਆ ਦੇ 21 ਸਭ ਤੋਂ ਵੱਧ ਪ੍ਰਦੂਸ਼ਿਤ  ਸ਼ਹਿਰਾਂ 'ਚੋਂ ਅੰਮ੍ਰਿਤਸਰ ਇਕ  ਹੈ ਜਦਕਿ ਦੁਨੀਆ ਦੇ 12 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ  'ਚ 11 ਭਾਰਤ ਦੇ  ਸ਼ਹਿਰ ਹਨ।

ਅੰਮ੍ਰਿਤਸਰ ਬਣੇਗਾ ਅਰਬਨ ਏਅਰ ਪਾਲਿਊਸ਼ਨ ਆਬਜ਼ਰਵੇਟਰੀ ਦਾ ਮੈਂਬਰ- ਔਜਲਾ ਨੇ ਦੱਸਿਆ ਕਿ 'ਅਰਬਨ ਏਅਰ ਪਾਲਿਊਸ਼ਨ ਆਬਜ਼ਰਵੇਟਰੀ' ਵਿਸ਼ਵ ਸਿਹਤ ਸੰਸਥਾ ਦੀ ਇਕ ਅਜਿਹੀ ਵੱਕਾਰੀ ਬਾਡੀ ਹੈ, ਜਿਸ ਦੇ ਮੈਂਬਰ ਦੁਨੀਆ ਦੇ ਕੁਝ ਚੋਣਵੇਂ ਸ਼ਹਿਰ ਹਨ, ਜਿਨ੍ਹਾਂ 'ਚ ਲੰਡਨ, ਨਿਊਯਾਰਕ, ਪੈਰਿਸ, ਟੋਕੀਓ, ਮੈਦਰੀਦ ਹਨ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜਲਦ ਹੀ ਅੰਮ੍ਰਿਤਸਰ ਵੀ ਇਸ ਵੱਕਾਰੀ ਗਰੁੱਪ ਦਾ ਮੈਂਬਰ ਬਣਨ ਜਾ ਰਿਹਾ ਹੈ। ਅੰਮ੍ਰਿਤਸਰ ਦੇ ਇਸ ਅੰਤਰਰਾਸ਼ਟਰੀ ਗਰੁੱਪ ਦੇ ਮੈਂਬਰ ਬਣਨ ਤੋਂ ਬਾਅਦ ਹੁਣ ਵਿਸ਼ਵ ਸਿਹਤ  ਸੰਸਥਾ ਅੰਮ੍ਰਿਤਸਰ ਆ ਕੇ ਸ਼ਹਿਰ ਦੇ ਪ੍ਰਦੂਸ਼ਣ ਤੇ ਇਸ ਦੇ ਕਾਰਨਾਂ ਨੂੰ ਘੋਖੇਗੀ ਤੇ  ਰਿਪੋਰਟ ਤਿਆਰ ਕਰੇਗੀ, ਜਿਸ ਵਿਚ ਸੂਬਾ ਤੇ ਕੇਂਦਰ ਸਰਕਾਰਾਂ ਦੀ ਸ਼ਮੂਲੀਅਤ ਹੋਵੇਗੀ ਤੇ  ਵਿਸ਼ਵ ਸਿਹਤ ਸੰਸਥਾ ਹੀ ਇਕ ਯੋਜਨਾ ਬਣਾ ਕੇ ਤੇ ਕੋਲੋਂ ਪੈਸਾ ਖਰਚ ਕੇ ਸ਼ਹਿਰ 'ਚੋਂ  ਪ੍ਰਦੂਸ਼ਣ ਨੂੰ ਖਤਮ ਕਰਨ ਲਈ ਯਤਨ ਕਰੇਗੀ।


Related News