ਅੰਮ੍ਰਿਤਸਰ ਦਾ ਰਾਜਨੀਤੀ ‘ਇਤਿਹਾਸ’, ਮੰਤਰੀ ਨਹੀਂ ਬਣਿਆ ਮੁੜ ਵਿਧਾਇਕ

Sunday, May 16, 2021 - 02:35 PM (IST)

ਅੰਮ੍ਰਿਤਸਰ ਦਾ ਰਾਜਨੀਤੀ ‘ਇਤਿਹਾਸ’, ਮੰਤਰੀ ਨਹੀਂ ਬਣਿਆ ਮੁੜ ਵਿਧਾਇਕ

ਅੰਮ੍ਰਿਤਸਰ (ਰਮਨ) - ਗੁਰੂ ਨਗਰੀ ਸਾਰੇ ਵਿਸ਼ਵ ’ਚ ਪ੍ਰਸਿੱਧ ਹੈ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਵਿਅਕਤੀ ਅਤੇ ਰਾਜਨੀਤਿਕ ਲੋਕਾਂ ਦਾ ਇੱਥੇ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਦੇਸ਼ ਦੇ ਕਈ ਰਾਜਾਂ ਤੋਂ ਨੇਤਾ ਜਦੋਂ ਕਦੇ ਚੋਣਾਂ ’ਚ ਜਿੱਤ ਹਾਸਲ ਕਰਦੇ ਹਨ ਤਾਂ ਸ੍ਰੀ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਣ ਆਉਂਦੇ ਹਨ। ਪੰਜਾਬ ’ਚ ਤਾਂ ਹਰੇਕ ਚਿਹਰਾ ਟਿਕਟ ਲੈਣ ਅਤੇ ਮਿਲਣ ਤੋਂ ਲੈ ਕੇ ਜਿੱਤਣ ਤੱਕ ਗੁਰੂ ਘਰ ’ਚ ਨਤਮਸਤਕ ਹੋਣ ਆਉਂਦਾ ਹੈ। ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੁੰਦੀ ਹੈ। ਅੰਮ੍ਰਿਤਸਰ ਦੀ ਰਾਜਨੀਤੀ ਦੇਸ਼ ਤੋਂ ਉਲਟ ਚੱਲਦੀ ਹੈ। ਇੱਥੇ ਕਿਸੇ ਦੇ ਚਿਹਰੇ ਤੇ ਉਸਦੇ ਕੱਦ ਤੋਂ ਕੋਈ ਮਤਲਬ ਨਹੀਂ ਰੱਖਿਆ ਜਾਂਦਾ। ਅੰਮ੍ਰਿਤਸਰ ਦੇ 30 ਸਾਲਾਂ ਦੇ ਇਤਿਹਾਸ ’ਚ ਜੋ ਕੋਈ ਵੀ ਮੰਤਰੀ ਬਣਿਆ ਹੈ, ਉਹ ਕਦੇ ਮੁੜ ਵਿਧਾਇਕ ਨਹੀਂ ਬਣ ਸਕਿਆ। ਇਹ ਕਿਸੇ ਦੀ ਸੁਣੀ-ਸੁਣਾਈ ਨਹੀਂ, ਇਕ ਸੱਚਾਈ ਹੈ, ਜੋ ਸਰਕਾਰੀ ਰਿਕਾਰਡਾਂ ’ਚ ਦਰਜ ਹੈ ।

ਅੰਮ੍ਰਿਤਸਰ ਦੀ ਰਾਜਨੀਤੀ ਦਾ 30 ਸਾਲਾ ਦਾ ਇਤਿਹਾਸ
ਗੁਰੂ ਨਗਰੀ ’ਚ ਜੋ ਨੇਤਾ ਇਕ ਵਾਰ ਵਿਧਾਇਕ ਤੋਂ ਮੰਤਰੀ ਬਣ ਗਿਆ, ਉਹ ਮੁੜ ਕਦੇ ਵਿਧਾਇਕ ਨਹੀਂ ਬਣਿਆ। ਇਹ ਸਰਕਾਰੀ ਰਿਕਾਰਡਾਂ ’ਚ ਵੀ ਦਰਜ ਹੈ, ਜੋ ਪਿਛਲੇ 30 ਸਾਲਾ ਤੋਂ ਚੱਲਦਾ ਆ ਰਿਹਾ ਹੈ। ਕਈ ਵਾਰ ਵਿਧਾਇਕ, ਮੰਤਰੀ ਬਣੇ ਤਾਂ ਮੁੜ ਚੋਣ ਲੜੀ ਤਾਂ ਉਹ ਹਾਰ ਗਏ ਜਾਂ ਤਾਂ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਜਾਂ ਖ਼ੁਦ ਚੋਣ ਨਹੀਂ ਲੜਿਆ ਪਰ ਇਹ ਇਕ 30 ਸਾਲਾ ਦੀ ਅਟਲ ਸੱਚਾਈ ਹੈ, ਜੋ ਇਕ ਬਾਰ ਮੰਤਰੀ ਬਣਿਆ ਮੁੜ ਵਿਧਾਇਕ ਨਹੀਂ ਬਣ ਸਕਿਆ ।

ਸਾਲ 1992 ’ਚ ਬੇਅੰਤ ਸਿੰਘ ਦੀ ਸਰਕਾਰ ’ਚ ਮਨਿੰਦਰਜੀਤ ਸਿੰਘ ਬਿੱਟਾ ਅੰਮ੍ਰਿਤਸਰ ਤੋਂ ਪੰਜਾਬ ’ਚ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਅਤੇ ਕੈਬਨਿਟ ਮੰਤਰੀ ਬਣੇ ਸਨ। ਉਨ੍ਹਾਂ ਦੇ ਬਾਅਦ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣੇ ਉਸ ਦੇ ਬਾਅਦ ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੀ ਤਾਂ ਉਨ੍ਹਾਂ ਪੰਡਿਤ ਫ਼ਕੀਰ ਚੰਦ ਨੂੰ ਆਪਣੀ ਕੈਬਨਿਟ ’ਚ ਜਗ੍ਹਾ ਦਿੱਤੀ, ਜਦੋਂ ਫ਼ਕੀਰ ਚੰਦ ਨੇ ਚੋਣ ਲੜੀ ਤਾਂ ਉਹ ਹਾਰ ਗਏ ਅਤੇ ਵਿਧਾਇਕ ਨਹੀਂ ਬਣ ਸਕੇ । 1997 ’ਚ ਮਨਿੰਦਰ ਬਿੱਟਾ ਦਾ ਨਾਮਜ਼ਦਗੀ ਪੱਤਰ ਰੱਦ ਹੋ ਗਿਆ ਸੀ, ਜਿਸ ਕਾਰਨ ਉਹ ਚੋਣ ਲੜਣ ਤੋਂ ਰਹਿ ਗਏ ਸਨ । 1997 ’ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਤਾਂ ਅਕਾਲੀ ਦਲ ਦੀ ਹਲਕਾ ਦੱਖਣ ਦੀ ਸੀਟ ’ਤੇ ਜੇਤੂ ਹੋਏ ਮਨਜੀਤ ਸਿੰਘ ਕਲਕੱਤਾ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਅਤੇ ਬਾਅਦ ’ਚ 2002 ਦੀ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ । 

ਹਲਕਾ ਉੱਤਰੀ ਦੀ ਸੀਟ ’ਤੇ ਡਾ. ਬਲਦੇਵ ਰਾਜ ਚਾਵਲਾ ਜਿੱਤੇ ਅਤੇ ਉਨ੍ਹਾਂ ਨੂੰ ਸਿਹਤ ਮੰਤਰੀ ਬਣਾਇਆ ਗਿਆ, 2002 ’ਚ ਡਾ. ਬਲਦੇਵ ਰਾਜ ਚਾਵਲਾ ਨੇ ਚੋਣ ਤਾਂ ਲੜੀ ਤੇ ਹਾਰ ਜਾਣ ਦੇ ਬਾਅਦ ਵਿਧਾਇਕ ਨਹੀਂ ਬਣ ਸਕੇ। 2002 ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੱਤਾ ’ਚ ਆਈ ਤਾਂ ਪ੍ਰੋ: ਦਰਬਾਰੀ ਲਾਲ ਨੂੰ ਸਿੱਖਿਆ ਮੰਤਰੀ ਬਣਾਇਆ ਅਤੇ ਉਨ੍ਹਾਂ ਨੂੰ ਡਿਪਟੀ ਸਪੀਕਰ ਬਣਾਇਆ ਪਰ 2007 ਵਿਧਾਨ ਸਭਾ ਚੋਣ ’ਚ ਹਾਰ ਗਏ। ਜਦੋਂ 2007 ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਬਣਾਈ ਭਾਜਪਾ ਟਿਕਟ ’ਤੇ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਜਿੱਤ ਹਾਸਲ ਕੀਤੀ ਤਾਂ ਉਨ੍ਹਾਂ ਨੂੰ ਸਿਹਤ ਮੰਤਰੀ ਬਣਾਇਆ ਅਤੇ 2012 ’ਚ ਉਨ੍ਹਾਂ ਚੋਣ ਨਹੀਂ ਲੜੀ । 2012 ’ਚ ਅਕਾਲੀ ਦਲ ਭਾਜਪਾ ਦੀ ਸਰਕਾਰ ’ਚ ਹਲਕਾ ਉੱਤਰੀ ਤੋਂ ਅਨਿਲ ਜੋਸ਼ੀ ਜਿੱਤੇ ਤਾਂ ਉਨ੍ਹਾਂ ਨੂੰ ਪਹਿਲਾਂ ਇੰਡਸਟਰੀ ਮੰਤਰੀ ਬਣਾਇਆ ਅਤੇ ਉਸਦੇ ਬਾਅਦ ਲੋਕਲ ਬਾਡੀ ਮੰਤਰੀ ਬਣਾਇਆ ਗਿਆ ਅਤੇ ਉਨ੍ਹਾਂ ਆਪਣੇ ਕਾਰਜਕਾਲ ’ਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਪਰ ਸਾਲ 2017 ’ਚ ਇਤਿਹਾਸ ਦੁਹਰਾਇਆ ਅਤੇ ਉਹ ਹਾਰ ਗਏ ।

2017 ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤਾਂ ਹਲਕਾ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਮੰਤਰੀ ਰਹੇ ਅਤੇ ਉਨ੍ਹਾਂ ਖ਼ੁਦ 2 ਸਾਲ ਦੇ ਅੰਦਰ ਮੰਤਰੀ ਦਾ ਅਹੁਦਾ ਛੱਡ ਦਿੱਤਾ। ਉਸਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਓ.ਪੀ. ਸੋਨੀ ਨੂੰ ਸਿੱਖਿਆ ਮੰਤਰੀ ਬਣਾਇਆ ਅਤੇ ਉਸਦੇ ਬਾਅਦ ਮੈਡੀਕਲ ਖੋਜ਼ ਮੰਤਰੀ ਬਣਾਇਆ ਗਿਆ। ਸੋਨੀ ਅੰਮ੍ਰਿਤਸਰ ਦੇ ਪਹਿਲੇ ਮੇਅਰ ਵੀ ਰਹਿ ਚੁੱਕੇ ਹਨ ਅਤੇ 5 ਵਾਰ ਵਿਧਾਇਕ ਬਣੇ ਹਨ। ਹੁਣ 2022 ਦੇ ਵਿਧਾਨ ਸਭਾ ਚੋਣਾਂ ’ਚ ਕੀ ਹੁੰਦਾ ਹੈ ਇਹ ਭਵਿੱਖ ਦੇ ਗਰਵ ਹੈ ਕਿ ਇਤਿਹਾਸ ਦੁਹਰਾਉਂਦਾ ਹੈ ਜਾਂ ਬਦਲਦਾ ਹੈ ਇਹ ਆਉਂਦੇ ਸਮੇਂ ’ਚ ਹੀ ਤੈਅ ਹੋਵੇਗਾ।

ਗੁਰੂ ਨਗਰੀ ਨੇ ਕੇਂਦਰ ਦੀ ਰਾਜਨੀਤੀ ’ਤੇ ਵੀ ਮਾਰੀ ਹੈ ਸੱਟ
ਸਾਲ 2014 ’ਚ ਲੋਕ ਸਭਾ ਚੋਣਾਂ ’ਚ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਸੀਟ ਤੋਂ ਕਰਾਰੀ ਹਾਰ ਮਿਲੀ ਸੀ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ 1 ਲੱਖ ਦੇ ਲਗਭਗ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਉਥੇ ਜਦੋਂ ਜੇਤਲੀ ਦੀ ਟਿਕਟ ਦੀ ਗੱਲ ਚੱਲ ਰਹੀ ਸੀ ਤਾਂ ਅਕਾਲੀ ਦਲ ਭਾਜਪਾ ਦੇ ਨੇਤਾ ਸਾਫ਼ ਸ਼ਬਦਾਂ ’ਚ ਐਲਾਨ ਕਰਦੇ ਸਨ ਕਿ ਇਕ ਵਾਰ ਟਿਕਟ ਲੈ ਕੇ ਆਓ ਤੁਹਾਡੇ ਆਉਣ ਦੀ ਜ਼ਰੂਰਤ ਨਹੀਂ। ਸੀਟ ਤੁਹਾਡੀ ਝੋਲੀ ’ਚ ਹੈ ਪਰ ਪੰਜਾਬ ਅੰਮ੍ਰਿਤਸਰ ’ਚ ਲੋਕਾਂ ਨੇ ਮੌਜੂਦਾ ਸਰਕਾਰ ’ਤੇ ਪੂਰੀ ਨਰਾਜ਼ਗੀ ਸਾਫ਼ ਕੀਤੀ ਅਤੇ ਕੇਂਦਰ ਦੇ ਵਿੱਤ ਮੰਤਰੀ ਨੂੰ ਹਰਾ ਕੇ ਭੇਜ ਦਿੱਤਾ। ਉਸਦੇ ਬਾਅਦ ਭਾਵੇਂ ਵਿੱਤ ਮੰਤਰੀ ਰਹੇ ਪਰ ਅੰਮ੍ਰਿਤਸਰ ਦੇ ਰਾਜਨੀਤੀ ਹਿਸਾਬ ’ਚ ਸਾਰੇ ਨੇਤਾ ਫ਼ੇਲ ਹੋ ਗਏ ਸਨ ਅਤੇ ਉਸਨੂੰ ਕੋਈ ਨਹੀਂ ਸਮਝ ਸਕਿਆ ਸੀ। ਉਥੇ ਹੀ ਦੂਜੀ ਵਾਰ ਮੰਤਰੀ ਹਰਦੀਪ ਪੁਰੀ ਨੂੰ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਲੋਕਾਂ ਨੇ ਨਾਕਰਿਆ ਅਤੇ ਗੁਰਜੀਤ ਸਿੰਘ ਔਜਲਾ ਨੂੰ ਸੰਸਦ ਬਣਾ ਕੇ ਲੋਕ ਸਭਾ ’ਚ ਭੇਜਿਆ।


author

rajwinder kaur

Content Editor

Related News