ਪਤਨੀ ਦੀ ਫਰਮਾਇਸ਼ ਦੇ ਚੱਕਰ ''ਚ ਪੁਲਸ ਦੇ ਹੱਥੇ ਚੜ੍ਹਿਆ ਸਾਗਰ

Sunday, Apr 29, 2018 - 02:18 PM (IST)

ਪਤਨੀ ਦੀ ਫਰਮਾਇਸ਼ ਦੇ ਚੱਕਰ ''ਚ ਪੁਲਸ ਦੇ ਹੱਥੇ ਚੜ੍ਹਿਆ ਸਾਗਰ

ਅੰਮ੍ਰਿਤਸਰ (ਸੰਜੀਵ) : ਪਤਨੀ ਦੀ ਫਰਮਾਇਸ਼ ਦੇ ਚੱਕਰ 'ਚ ਲੁੱਟ-ਖਸੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਸਾਗਰ ਭੱਟੀ ਵਾਸੀ ਹਾਥੀ ਗੇਟ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਪੁਲਸ ਦੇ ਹੱਥੇ ਚੜ੍ਹ ਗਿਆ ਜਦੋਂ ਪਤਨੀ ਦੇ ਕਹਿਣ 'ਤੇ ਲੁੱਟਿਆ ਗਿਆ 4-ਜੀ ਮੋਬਾਇਲ ਉਸ ਨੂੰ ਚਲਾਉਣ ਨੂੰ ਦੇ ਦਿੱਤਾ ਅਤੇ ਪੁਲਸ ਨੇ ਸਰਵੀਲਾਂਸ 'ਤੇ ਲਾਏ ਉਸ ਮੋਬਾਇਲ ਦੇ ਰਸਤੇ ਗਿਰੋਹ ਨੂੰ ਬੇਨਕਾਬ ਕਰ ਦਿੱਤਾ। ਸਿਵਲ ਲਾਈਨ ਪੁਲਸ ਨੇ ਸਾਗਰ ਭੱਟੀ ਦੀ ਨਿਸ਼ਾਨਦੇਹੀ 'ਤੇ ਉਸ ਦੇ ਸਾਥੀ ਮੋਹਿਤ ਕੁਮਾਰ ਵਾਸੀ ਕੱਟੜਾ ਸ਼ੇਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ 'ਚੋਂ ਲੁੱਟੇ ਗਏ 12 ਮੋਬਾਇਲ, 1 ਟੈਬ, ਐਕਟਿਵਾ ਅਤੇ 30 ਪਰਸ ਬਰਾਮਦ ਕੀਤੇ ਗਏ, ਜਦੋਂ ਕਿ ਇਨ੍ਹਾਂ ਦੇ 2 ਹੋਰ ਸਾਥੀ ਤਾਨਿਸ਼ ਵਾਸੀ ਗੋਦਾਮ ਮਹੱਲਾ ਤੇ ਮੁਨੀਸ਼ ਉਰਫ ਘੋਲੂ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਚੱਲ ਰਹੇ ਹਨ।
ਪੁਲਸ ਨੇ ਉਕਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ। ਇਹ ਖੁਲਾਸਾ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਸ਼ਹਿਰ ਵਿਚ ਆਉਣ ਵਾਲੇ ਟੂਰਿਸਟਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਤੇ ਉਨ੍ਹਾਂ ਤੋਂ ਮੋਬਾਇਲ ਅਤੇ ਨਕਦੀ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਸਾਗਰ ਭੱਟੀ ਨੇ 6 ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ, ਜਿਸ ਦੀ ਪਤਨੀ ਨੇ ਉਸ ਤੋਂ 4-ਜੀ ਮੋਬਾਇਲ ਦੀ ਮੰਗ ਕੀਤੀ ਤਾਂ ਉਸ ਨੇ ਬਾਜ਼ਾਰ ਤੋਂ ਖਰੀਦ ਕੇ ਦੇਣ ਦੀ ਬਜਾਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਆਪਣੀ ਪਤਨੀ ਨੂੰ ਇਕ ਵਧੀਆ 4-ਜੀ ਫੋਨ ਲਿਆ ਕੇ ਦੇ ਦਿੱਤਾ। ਪੁਲਸ ਨੇ ਉਸ ਫੋਨ ਨੂੰ ਸਰਵੀਲਾਂਸ 'ਤੇ ਲਾ ਰੱਖਿਆ ਸੀ, ਜਿਸ ਨਾਲ ਸਾਗਰ ਦੇ ਘਰ ਦਾ ਪਤਾ ਲੱਗਦੇ ਹੀ ਪੁਲਸ ਨੇ ਛਾਪੇਮਾਰੀ ਕਰ ਕੇ ਉਸ ਨੂੰ ਦਬੋਚ ਲਿਆ।
ਉਕਤ ਗਿਰੋਹ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਲੁੱਟੇ ਗਏ ਪਰਸਾਂ ਨੂੰ ਇਕ ਸਥਾਨ 'ਤੇ ਸੁੱਟ ਦਿੰਦਾ ਸੀ, ਜਿਥੋਂ ਪੁਲਸ ਨੇ ਪਰਸਾਂ ਦੇ ਨਾਲ-ਨਾਲ ਕੁਝ ਜ਼ਰੂਰੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪੁਲਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਲਬੀਰ ਸਿੰਘ ਵਾਸੀ ਕੋਟ ਮਿੱਤ ਸਿੰਘ ਤੇ ਅਮਰੀਕ ਸਿੰਘ ਵਾਸੀ ਤਰਨਤਾਰਨ ਰੋਡ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਐਕਟਿਵਾ ਤੇ ਲੁੱਟਿਆ ਗਿਆ ਇਕ ਮੋਬਾਇਲ ਬਰਾਮਦ ਕੀਤਾ। ਆਰੰਭ ਕੀਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਬਲਬੀਰ ਸਿੰਘ ਹਾਲ ਹੀ 'ਚ ਜ਼ਮਾਨਤ 'ਤੇ ਰਿਹਾਅ ਹੋ ਕੇ ਬਾਹਰ ਆਇਆ ਸੀ ਅਤੇ ਉਸ ਨੇ ਆਪਣੇ ਪੁਰਾਣੇ ਸਾਥੀ ਅਮਰੀਕ ਸਿੰਘ ਨਾਲ ਸੰਪਰਕ ਕੀਤਾ ਅਤੇ ਫਿਰ ਤੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਾ। ਪੁਲਸ ਨੇ ਦੋਵਾਂ ਨੂੰ ਦਬੋਚ ਕੇ ਫਿਰ ਤੋਂ ਵਾਪਸ ਜੇਲ ਭੇਜ ਦਿੱਤਾ ਹੈ।  


Related News