ਮੋਦੀ ਸਰਕਾਰ ਦੇ ਜਨਹਿੱਤ ਕੰਮਾਂ ''ਤੇ ਕਾਂਗਰਸ ਵਿਰੋਧ ਕਰਨ ਤੋਂ ਬਾਜ਼ ਆਏ : ਮਲਿਕ

07/20/2019 10:42:53 AM

ਅੰਮ੍ਰਿਤਸਰ (ਕਮਲ) : ਰਾਜ ਸਭਾ 'ਚ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਨਵੀਂ ਦਿੱਲੀ ਵਿਚ ਖੁੱਲ੍ਹਣ ਵਾਲੇ ਅੰਤਰਰਾਸ਼ਟਰੀ ਆਰਬਿਟ੍ਰੇਸ਼ਨ ਸੈਂਟਰ ਆਰਡੀਨੈਂਸ ਦਾ ਬਿੱਲ ਪੇਸ਼ ਕੀਤਾ, ਜਿਸ 'ਤੇ ਜਿਥੇ ਕਾਂਗਰਸ ਦੇ ਉੱਘੇ ਨੇਤਾ ਆਨੰਦ ਸ਼ਰਮਾ ਨੇ ਵਿਰੋਧ ਕੀਤਾ, ਉਥੇ ਭਾਜਪਾ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਸ਼ਰਮਾ ਦੇ ਵਿਰੋਧ 'ਤੇ ਤੱਥਾਂ ਨਾਲ ਜ਼ੋਰਦਾਰ ਹਮਲਾ ਕਰਦਿਆਂ ਕਾਂਗਰਸ ਨੂੰ ਜਨਵਿਰੋਧੀ ਦੱਸਿਆ।

ਮਲਿਕ ਨੇ ਕਿਹਾ ਕਿ ਹੁਣ ਤੱਕ ਭਾਰਤ ਅਤੇ ਹੋਰ ਦੇਸ਼ਾਂ ਦੇ ਵਪਾਰੀਆਂ ਦੇ ਵਿਵਾਦ ਲੰਡਨ, ਚੀਨ, ਟੋਕੀਆ, ਸਿੰਗਾਪੁਰ, ਹਾਂਗਕਾਂਗ ਅਤੇ ਹੋਰ ਅੰਤਰਰਾਸ਼ਟਰੀ ਆਰਬਿਟ੍ਰੇਸ਼ਨ ਵਿਵਾਦ ਨਿਵਾਰਨ ਕੇਂਦਰਾਂ 'ਚ ਪੇਸ਼ ਹੁੰਦੇ ਸਨ ਕਿਉਂਕਿ ਕਾਂਗਰਸ ਦੇ ਲੰਮੇ ਕੁਸ਼ਾਸਨ ਕਾਰਨ ਆਜ਼ਾਦੀ ਦੇ 70 ਸਾਲ ਬਾਅਦ ਵੀ ਭਾਰਤ 'ਚ ਅਜਿਹਾ ਕੋਈ ਕੇਂਦਰ ਨਹੀਂ ਬਣਿਆ। ਭਾਰਤੀ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਆਪਣੇ ਵਿਵਾਦ ਹੱਲ ਕਰਵਾਉਣ ਲਈ ਵੱਧ ਪੈਸਾ ਖਰਚ ਕਰ ਕੇ ਦੂਜੇ ਦੇਸ਼ਾਂ 'ਚ ਜਾਣਾ ਪੈਂਦਾ ਸੀ, ਜਿਸ ਨਾਲ ਫ਼ੈਸਲੇ ਲੈਣ 'ਚ ਬਹੁਤ ਜ਼ਿਆਦਾ ਸਮਾਂ ਲੱਗਦਾ ਅਤੇ ਵਪਾਰਕ ਨੁਕਸਾਨ ਚੁੱਕਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਦਿੱਲੀ 'ਚ ਇਸ ਵਪਾਰਕ ਵਿਵਾਦ ਨਿਵਾਰਨ ਆਰਬਿਟ੍ਰੇਸ਼ਨ ਸੈਂਟਰ ਦੇ ਖੁੱਲ੍ਹਣ ਨਾਲ ਭਾਰਤ ਦੇ ਆਈ. ਟੀ., ਟੈਲੀਕਾਮ, ਕੈਮੀਕਲ, ਟੈਕਸਟਾਈਲ, ਇੰਜੀਨੀਅਰਸ, ਵਕੀਲ ਅਤੇ ਸੇਵਾਮੁਕਤ ਉੱਚ ਸਰਕਾਰੀ ਅਧਿਕਾਰੀਆਂ ਨੂੰ ਆਰਬਿਟ੍ਰੇਟਰ ਦੇ ਰੂਪ ਵਿਚ ਨਵੇਂ ਰੋਜ਼ਗਾਰ ਦੇ ਮੌਕੇ ਮਿਲਣਗੇ। ਸਥਾਨਕ ਵਪਾਰੀ ਵਿਵਾਦ ਸੁਲਝਾਉਣ ਲਈ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਵੀ ਵਿਵਾਦ ਨਿਵਾਰਨ ਕੇਂਦਰ ਖੋਲ੍ਹੇ ਜਾਣਗੇ।

ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਵਿਰੋਧ ਕਰਦਿਆਂ ਕਿਹਾ ਕਿ ਭਾਰਤ ਕੋਲ ਅਜਿਹੇ ਸਿੱਖਿਅਤ ਆਰਬਿਟ੍ਰੇਟਰ ਨਾ ਹੋਣ ਕਾਰਨ ਸੈਂਟਰ ਕਿਵੇਂ ਚੱਲਣਗੇ। ਮਲਿਕ ਨੇ ਆਨੰਦ ਸ਼ਰਮਾ ਨੂੰ ਕਰਾਰਾ ਜਵਾਬ ਦਿੱਤਾ ਕਿ ਭਾਰਤ ਵਿਸ਼ਵ ਗੁਰੂ ਸੀ ਤੇ ਟੈਕਸਿਲਾ ਅਤੇ ਨਾਲੰਦਾ ਯੂਨੀਵਰਸਿਟੀ ਵਿਚ ਦੁਨੀਆ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਸਨ। ਅੱਜ ਦੁਨੀਆ ਵਿਚ ਸਪੇਸ, ਡਿਫੈਂਸ, ਮੈਡੀਕਲ ਅਤੇ ਇੰਜੀਨੀਅਰਿੰਗ ਵਿਚ ਸਭ ਤੋਂ ਵੱਧ ਉੱਚ ਸਥਾਨਾਂ 'ਤੇ ਭਾਰਤੀ ਕੰਮ ਕਰ ਰਹੇ ਹਨ। ਮਲਿਕ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੇ ਕੌਸ਼ਲ 'ਚ ਕਾਂਗਰਸ ਨੂੰ ਵਿਸ਼ਵਾਸ ਨਹੀਂ, ਇਸ ਆਤਮਵਿਸ਼ਵਾਸ ਦੀ ਕਮੀ ਕਾਰਨ ਕਾਂਗਰਸ ਦੇਸ਼ ਦਾ ਵਿਕਾਸ ਨਹੀਂ ਕਰਵਾ ਸਕੀ ਅਤੇ ਦੇਸ਼ ਨੂੰ ਬਰਬਾਦ ਕਰ ਦਿੱਤਾ। ਅੱਜ ਦੇਸ਼ ਨੇ ਵੀ ਕਾਂਗਰਸ ਨੂੰ ਨਕਾਰ ਦਿੱਤਾ ਹੈ। ਮਲਿਕ ਨੇ ਕਿਹਾ ਕਿ ਅਜੋਕਾ ਨਾਅਰਾ ਹੈ 'ਮੋਦੀ ਹੈ ਤਾਂ ਸਭ ਸੰਭਵ ਹੈ।'


Baljeet Kaur

Content Editor

Related News