ਲੋਹੜੀ ''ਤੇ ਲੋਕਾਂ ਦਾ ਮਜ਼ਾ ਹੋਵੇਗਾ ਕਿਰਕਿਰਾ, ਪਵੇਗਾ ਭਾਰੀ ਮੀਂਹ

01/13/2020 10:20:27 AM

ਅੰਮ੍ਰਿਤਸਰ (ਰਮਨ) : ਲੋਹੜੀ ਦੇ ਤਿਉਹਾਰ 'ਤੇ ਮੌਸਮ ਨੇ ਫਿਰ ਕਰਵਟ ਬਦਲ ਲਈ ਹੈ। ਪਿਛਲੇ ਇਕ ਹਫਤੇ ਤੋਂ ਇੰਟਰਨੈੱਟ 'ਤੇ ਲੋਹੜੀ ਵਾਲੇ ਦਿਨ ਮੀਂਹ ਪੈਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ, ਜਿਸ ਦੀ ਪੁਸ਼ਟੀ ਮੌਸਮ ਵਿਭਾਗ ਨੇ ਵੀ ਕਰ ਦਿੱਤੀ ਹੈ ਕਿ ਸੋਮਵਾਰ ਭਾਰੀ ਮੀਂਹ ਪਵੇਗਾ। ਐਤਵਾਰ ਨੂੰ ਸ਼ਹਿਰ 'ਚ 20.1 ਤਾਪਮਾਨ ਨੋਟ ਕੀਤਾ ਗਿਆ, ਉਥੇ ਹੀ ਲੋਕਾਂ ਨੇ ਛੁੱਟੀ ਵਾਲੇ ਦਿਨ ਕਦੇ ਧੁੱਪ ਤੇ ਕਦੇ ਬੱਦਲਾਂ 'ਚ ਪਤੰਗਾਂ ਉਡਾ ਕੇ ਆਨੰਦ ਮਾਣਿਆ।

ਦੁਕਾਨਦਾਰਾਂ ਦਾ ਤਿਉਹਾਰ ਹੋਵੇਗਾ ਫਿੱਕਾ!
ਸ਼ਹਿਰ 'ਚ ਦੁਕਾਨਦਾਰਾਂ ਨੇ ਪਤੰਗਾਂ ਦਾ ਕਾਫੀ ਸਟਾਕ ਇਕੱਠਾ ਕੀਤਾ ਹੋਇਆ ਹੈ ਪਰ ਮੌਸਮ ਨੂੰ ਦੇਖਦਿਆਂ ਉਨ੍ਹਾਂ ਲਈ ਪਤੰਗਾਂ ਤੇ ਹੋਰ ਖਰੀਦੋ-ਫਰੋਖਤ ਦੀ ਮੰਦੀ ਪੈ ਗਈ ਹੈ। ਟੈਕਨੀਕਲ ਯੁੱਗ 'ਚ ਲੋਕਾਂ ਨੂੰ ਮੋਬਾਇਲਾਂ ਜ਼ਰੀਏ ਪਹਿਲਾਂ ਹੀ ਆਉਣ ਵਾਲੇ ਦਿਨਾਂ ਦੇ ਮੌਸਮ ਦਾ ਪਤਾ ਲੱਗ ਜਾਂਦਾ ਹੈ, ਜਿਸ ਨੂੰ ਲੈ ਕੇ ਲੋਕ ਆਪਣੇ ਪ੍ਰੋਗਰਾਮ ਤੈਅ ਕਰਦੇ ਹਨ।

ਨੌਜਵਾਨਾਂ ਦਾ ਪਤੰਗਾਂ ਉਡਾਉਣ ਦਾ ਘਟੇਗਾ ਉਤਸ਼ਾਹ
ਗੁਰੂ ਨਗਰੀ 'ਚ ਪਤੰਗਬਾਜ਼ੀ ਬੜੀ ਮਸ਼ਹੂਰ ਹੈ। ਲੋਕ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਲੋਹੜੀ ਵਾਲੇ ਦਿਨ ਘਰ ਦੀਆਂ ਛੱਤਾਂ 'ਤੇ ਡੀ. ਜੇ. ਲਾ ਕੇ ਪਤੰਗਾਂ ਉਡਾਉਂਦੇ ਹਨ। ਆਸਮਾਨ 'ਚ ਪਤੰਗਾਂ ਹੀ ਨਜ਼ਰ ਆਉਂਦੀਆਂ ਹਨ ਪਰ ਇਸ ਵਾਰ ਲੋਹੜੀ ਵਾਲੇ ਦਿਨ ਪੈਣ ਵਾਲੇ ਮੀਂਹ ਨੇ ਸਾਰਿਆਂ ਦਾ ਮਜ਼ਾ ਕਿਰਕਿਰਾ ਕਰ ਦੇਣਾ ਹੈ। ਨੌਜਵਾਨ ਰੱਬ ਅੱਗੇ ਅਰਦਾਸਾਂ ਕਰ ਰਹੇ ਹਨ ਕਿ ਲੋਹੜੀ ਵਾਲੇ ਦਿਨ ਮੀਂਹ ਨਾ ਪਵੇ, ਜਿਸ ਨਾਲ ਉਨ੍ਹਾਂ ਦਾ ਉਤਸ਼ਾਹ ਮਾਰਿਆ ਜਾਣਾ ਹੈ।


cherry

Content Editor

Related News