ਅੰਮ੍ਰਿਤਸਰ ''ਚ 5 ਸਾਲਾ ਬੱਚਾ ਅਗਵਾ, ਘਟਨਾ ਸੀ. ਸੀ. ਟੀ. ਵੀ. ''ਚ ਕੈਦ
Thursday, Nov 14, 2019 - 10:23 AM (IST)
ਅੰਮ੍ਰਿਤਸਰ (ਅਨਿਲ/ਇੰਦਰਜੀਤ) : ਜਿਸ ਬੱਚੇ ਨੂੰ ਗੋਦ 'ਚ ਲੈ ਕੇ ਮਾਂ ਨੇ ਛੱਠ ਪੂਜਾ 'ਤੇ ਦੇਵੀ ਮਾਤਾ ਨੂੰ ਆਪਣੇ ਲਾਡਲੇ ਪੁੱਤ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਸੀ, ਇਕ ਹਫਤੇ ਬਾਅਦ ਹੀ ਇਕ ਸ਼ੈਤਾਨ ਜੋੜੇ ਨੇ ਉਸ ਨੂੰ ਅਗਵਾ ਕਰ ਕੇ ਪਰਿਵਾਰ ਨੂੰ ਦੁੱਖਾਂ ਦੇ ਆਲਮ 'ਚ ਡੁਬੋ ਦਿੱਤਾ। ਇਹ ਉਸੇ ਘਟਨਾਚੱਕਰ ਦੀ ਇਕ ਕੜੀ ਹੈ, ਜਿਸ 'ਚ 3 ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਤੋਂ 5 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ।
ਅਗਵਾ ਹੋਏ ਬੱਚੇ ਦੀ ਜਾਂਚ ਦੀ ਨਵੀਂ ਕੜੀ 'ਚ ਪਤਾ ਲੱਗਾ ਹੈ ਕਿ ਉਕਤ ਬੱਚੇ ਨੂੰ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਉਕਤ ਔਰਤ ਦਾ ਸਾਥੀ ਰਿਕਸ਼ੇ 'ਤੇ ਬਿਠਾ ਕੇ ਲਿਜਾ ਰਿਹਾ ਸੀ। ਇਸ 'ਚ ਹੈਰਾਨੀ ਦੀ ਗੱਲ ਹੈ ਕਿ ਬੱਚੇ ਨੂੰ ਰਿਕਸ਼ੇ 'ਤੇ ਪਹਿਲਾਂ ਸਾਥੀ ਲਿਜਾ ਰਿਹਾ ਸੀ ਪਰ ਔਰਤ ਰਿਕਸ਼ੇ 'ਤੇ ਦਿਖਾਈ ਨਹੀਂ ਦਿੱਤੀ। ਇਸ ਘਟਨਾ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਔਰਤ ਅਤੇ ਪੁਰਸ਼ ਦਾ ਸਬੰਧ ਪਤੀ-ਪਤਨੀ ਦਾ ਨਾ ਹੋ ਕੇ ਬੱਚਾ ਚੋਰੀ ਕਰਨ ਦੇ ਮਾਮਲੇ 'ਚ ਕਿਸੇ ਵਿਕਰੇਤਾ ਅਤੇ ਖਰੀਦਦਾਰ ਸਬੰਧੀ ਡੀਲ ਨਾਲ ਸਬੰਧ ਰੱਖਦਾ ਹੋਵੇਗਾ, ਹਾਲ ਗੇਟ ਤੋਂ ਬਾਹਰ ਰਿਕਸ਼ਾ ਕਰ ਕੇ ਲਿਜਾਣ ਦਾ ਸਿੱਧਾ ਮਤਲਬ ਹੈ ਕਿ ਉਥੋਂ ਰੇਲਵੇ ਸਟੇਸ਼ਨ ਥੋੜ੍ਹੀ ਦੂਰੀ 'ਤੇ ਹੀ ਹੈ ਅਤੇ ਇਨ੍ਹਾਂ ਲੋਕਾਂ ਦੇ ਰੇਲ ਦੁਆਰਾ ਬੱਚੇ ਨੂੰ ਕਿਸੇ ਹੋਰ ਸਟੇਸ਼ਨ 'ਤੇ ਲਿਜਾਣ ਅਤੇ ਭੇਜੇ ਜਾਣ ਦੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫਿਲਹਾਲ ਪੁਲਸ ਇਸ ਐਂਗਲ 'ਤੇ ਵੀ ਜਾਂਚ ਕਰ ਰਹੀ ਹੈ। ਇਸ ਦੌਰਾਨ ਜੇਕਰ ਪੁਲਸ ਰਿਕਸ਼ਾ ਚਾਲਕ ਨੂੰ ਟ੍ਰੇਸ ਕਰਨ 'ਚ ਕਾਮਯਾਬ ਹੋ ਜਾਂਦੀ ਹੈ ਤਾਂ ਉਕਤ ਲੋਕਾਂ ਦਾ ਕੋਈ ਨਵਾਂ ਸੁਰਾਗ ਵੀ ਮਿਲ ਸਕਦਾ ਹੈ। ਇਸ ਮਾਮਲੇ ਦੀ ਜਾਂਚ ਲਈ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ 'ਤੇ ਇੰਸਪੈਕਟਰ ਸੁਖਦੇਵ ਸਿੰਘ ਨੂੰ ਇਸ ਅਗਵਾ ਕਾਂਡ ਵਿਚ ਪੂਰੇ ਅਧਿਕਾਰ ਦਿੰਦਿਆਂ ਨਿਰਦੇਸ਼ ਦਿੱਤੇ ਗਏ ਹਨ ਕਿ ਬੱਚੇ ਨੂੰ ਜਲਦ ਹੀ ਬਰਾਮਦ ਕੀਤਾ ਜਾਵੇ। ਉਥੇ ਹੀ ਜਾਂਚ ਪੁਲਸ ਅਧਿਕਾਰੀ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੀ ਬਰਾਮਦਗੀ ਨੂੰ ਲੈ ਕੇ ਪੁਲਸ ਦੀ ਟੀਮ ਦੂਜੇ ਸੂਬੇ ਨੂੰ ਭੇਜੀ ਗਈ ਹੈ।