ਢੱਡਰੀਆਂ ਵਾਲੇ ਦੇ ਸਾਥੀ ਤੋਂ ਜਥੇਦਾਰ ਨੇ ਮੰਗਿਆ 15 ਦਿਨਾਂ ''ਚ ਸਪੱਸ਼ਟੀਕਰਨ, ਜਾਣੋ ਵਜ੍ਹਾ

Friday, Jan 10, 2020 - 11:18 AM (IST)

ਅੰਮ੍ਰਿਤਸਰ (ਮਮਤਾ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਾਥੀ ਹਰਿੰਦਰ ਸਿੰਘ ਜਥਾ ਨਿਰਵੈਰ ਖਾਲਸਾ ਯੂ. ਕੇ. ਨੂੰ ਉਸ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਖਿਲਾਫ਼ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਜਿਸ ਪ੍ਰਤੀ ਸੰਗਤ ਨੇ ਭਾਰੀ ਰੋਸ ਪ੍ਰਗਟ ਕੀਤਾ। ਇਸ ਸਬੰਧੀ ਹੋਈ ਵੱਡੀ ਭੁੱਲ ਲਈ 15 ਦਿਨਾਂ 'ਚ ਆਪਣਾ ਸਪੱਸ਼ਟੀਕਰਨ ਭੇਜਣ ਲਈ ਦਿੱਤੇ ਗਏ ਆਦੇਸ਼ ਦਾ ਯੂ. ਕੇ. ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਭਰਵਾਂ ਸਵਾਗਤ ਕੀਤਾ ਹੈ।

ਪ੍ਰੋ. ਸਰਚਾਂਦ ਸਿੰਘ ਵਲੋਂ ਜਾਰੀ ਬਿਆਨ 'ਚ ਸਿੱਖ ਕੌਂਸਲ ਯੂ. ਕੇ. ਦੇ ਸਕੱਤਰ ਜਨਰਲ ਜਤਿੰਦਰ ਸਿੰਘ ਅਤੇ ਬੁਲਾਰੇ ਸੁਖਜੀਵਨ ਸਿੰਘ ਨੇ ਕਿਹਾ ਕਿ ਗੁਰਮਤਿ ਦੇ ਉਲਟ ਪ੍ਰਚਾਰ ਨੂੰ ਲੈ ਕੇ ਭਾਈ ਢੱਡਰੀਆਂ ਵਾਲਾ ਅਤੇ ਉਸ ਦੇ ਸਾਥੀ ਹਰਿੰਦਰ ਸਿੰਘ ਖਿਲਾਫ਼ ਯੂ. ਕੇ. ਦੇ ਸ਼ਰਧਾਵਾਨ ਸਿੱਖਾਂ 'ਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਕਤ ਪ੍ਰਚਾਰਕਾਂ ਵਿਰੁੱਧ ਸਿੱਖ ਕੌਂਸਲ ਦੇ ਸੱਦੇ 'ਤੇ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਬਰਮਿੰਘਮ ਵਿਖੇ ਪੰਥਕ ਇਕੱਤਰਤਾ ਬੁਲਾਈ ਗਈ ਹੈ, ਜਿਥੇ ਦੀਰਘ ਵਿਚਾਰਾਂ ਉਪਰੰਤ ਇਕ ਰਾਇ ਨਾਲ ਮਤੇ ਪਾਸ ਕਰਦਿਆਂ ਹਰਿੰਦਰ ਸਿੰਘ ਜਥਾ ਨਿਰਵੈਰ ਖ਼ਾਲਸਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਅਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਪੰਥ 'ਚ ਫੁੱਟ ਅਤੇ ਸ਼ੰਕਾਪਾਊ ਪ੍ਰਚਾਰ ਖਿਲਾਫ਼ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਗਟ ਕਰਦਿਆਂ ਇਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਨ੍ਹਾਂ ਵਿਰੁੱਧ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਲਈ ਬੇਨਤੀ ਕੀਤੀ ਗਈ।

ਇਸ ਪ੍ਰਤੀ ਇਕ ਵਫ਼ਦ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਦਸਤੀ ਮੰਗ-ਪੱਤਰ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਯੂ. ਕੇ. ਦੇ ਸਿੱਖ ਸੰਗਠਨਾਂ ਵੱਲੋਂ ਉਕਤ ਵਿਵਾਦਿਤ ਪ੍ਰਚਾਰਕਾਂ ਪ੍ਰਤੀ ਯੂ. ਕੇ. ਵਿਚ ਕਿਸੇ ਵੀ ਜਗ੍ਹਾ ਪ੍ਰਚਾਰ ਕਰਨ 'ਤੇ ਮੁਕੰਮਲ ਪਾਬੰਦੀ ਲਾਈ ਜਾ ਚੁੱਕੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦ ਤੱਕ ਫ਼ੈਸਲਾ ਨਹੀਂ ਆਉਂਦਾ, ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਹਰਿੰਦਰ ਸਿੰਘ ਨੂੰ ਕੋਈ ਵੀ ਪ੍ਰੋਗਰਾਮ ਇੰਗਲੈਂਡ 'ਚ ਨਹੀਂ ਕਰਨ ਦਿੱਤਾ ਜਾਵੇਗਾ।


Baljeet Kaur

Content Editor

Related News