ਜਲੰਧਰ ਤੇ ਅੰਮ੍ਰਿਤਸਰ ਦੇ ਪਾਸਪੋਰਟ ਕੇਂਦਰਾਂ ''ਚ ਮਿਲੇਗੀ ਇਹ ਸਹੂਲਤ

Tuesday, Mar 12, 2019 - 05:25 PM (IST)

ਜਲੰਧਰ ਤੇ ਅੰਮ੍ਰਿਤਸਰ ਦੇ ਪਾਸਪੋਰਟ ਕੇਂਦਰਾਂ ''ਚ ਮਿਲੇਗੀ ਇਹ ਸਹੂਲਤ

ਜਲੰਧਰ— ਹੁਣ ਜਲੰਧਰ ਅਤੇ ਅੰਮ੍ਰਿਤਸਰ ਦੇ ਪਾਸਪੋਰਟ ਕੇਂਦਰਾਂ 'ਚ ਲੋਕਾਂ ਨੂੰ 'ਸਮਾਰਟ ਚਿੱਪ ਪਾਸਪੋਰਟ' ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜਲੰਧਰ ਅਤੇ ਅੰਮ੍ਰਿਤਸਰ ਦੇ ਪਾਸਪੋਰਟ ਕੇਂਦਰ ਭਾਰਤ ਦੇ ਉਨ੍ਹਾਂ 12 ਪਾਸਪੋਰਟ ਕੇਂਦਰਾਂ 'ਚੋਂ ਇਕ ਹਨ, ਜਿੱਥੇ ਪਾਸਪੋਰਟ ਰੀਨਿਊ ਲਈ ਯੋਜਨਾ ਦੇ ਪਹਿਲੇ ਪੜਾਅ ਤਹਿਤ 'ਸਮਾਰਟ ਚਿੱਪ ਪਾਸਪੋਰਟ' ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਦੇ ਤਹਿਤ ਨਵੀਆਂ ਪਾਸਪੋਰਟ ਬੁੱਕਲੈਟਸ 'ਚ ਸੁਰੱਖਿਆ ਸਹੂਲਤਾਂ 'ਚ ਵਾਧਾ ਹੋਵੇਗਾ। ਦੱਸਣਯੋਗ ਹੈ ਕਿ ਜਲੰਧਰ ਅਤੇ ਅੰਮ੍ਰਿਤਸਰ ਤੋਂ ਇਲਾਵਾ ਪਹਿਲੇ ਪੜਾਅ ਤਹਿਤ ਇਹ ਸਹੂਲਤ ਚੰਡੀਗੜ੍ਹ, ਜੰਮੂ, ਕੋਲਕਾਤਾ, ਮੁੰਬਈ, ਪੁਣੇ, ਦਿੱਲੀ, ਅਹਿਮਦਾਬਾਦ, ਬੈਂਗਲੁਰੂ, ਬਰੇਲੀ ਅਤੇ ਭੋਪਾਲ ਦੇ ਪਾਸਪੋਰਟ ਕੇਂਦਰਾਂ ਦਿੱਤੀ ਜਾਵੇਗੀ। ਸਰਕਾਰ ਦਾ ਟੀਚਾ ਵਿੱਤੀ ਸਾਲ ਦੇ ਅੰਦਰ ਭਾਰਤ ਦੇ 36 ਪਾਸਪੋਰਟ ਦਫਤਰਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਉਣਾ ਹੈ। ਇਹ ਸਹੂਲਤ ਵਿਦੇਸ਼ਾਂ 'ਚ ਦੂਤਘਰਾਂ ਅਤੇ ਵਣਜ ਦੂਤਘਰਾਂ 'ਚ ਵੀ ਉਪਲੱਬਧ ਕਰਵਾਈ ਜਾਵੇਗੀ। 

ਮੌਜੂਦਾ ਸਮੇਂ 'ਚ ਪਾਸਪੋਰਟ ਪ੍ਰਿੰਟਿੰਗ ਦਿੱਲੀ ਦੇ ਪਟਿਆਲਾ ਹਾਊਸ 'ਚ ਸਥਾਪਤ ਸੈਂਟਰਲ ਇੰਡੀਅਨ ਪਾਸਪੋਰਟ ਪ੍ਰਿੰਟਿੰਗ ਸਿਸਟਮ (ਸੀ. ਆਈ. ਪੀ. ਪੀ. ਐੱਸ) 'ਚ ਕੀਤੀ ਜਾ ਰਹੀ ਹੈ ਅਤੇ ਡਾਕ ਵੱਲੋਂ ਦੂਤਘਰਾਂ ਅਤੇ ਵਣਜ ਦੂਤਘਰਾਂ 'ਚ ਭੇਜੇ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਮੋਹਰ ਲਗਾ ਕੇ ਬਿਨੇਕਾਰਾਂ ਨੂੰ ਸੌਂਪ ਦਿੱਤੇ ਜਾਂਦੇ ਹਨ। ਹੁਣ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਸਰਵਿਸਿਜ਼ ਇਨਕਾਰਪੋਰੇਟਿਡ ਵਪਾਰਕ ਕੰਪਨੀ ਹੈ, ਜੋ ਖੇਤਰੀ ਦਫਤਰਾਂ ਨੂੰ 'ਸਮਾਰਟ ਚਿੱਪ ਪਾਸਪੋਰਟ 'ਲਈ ਪ੍ਰਿੰਟਰ ਅਤੇ ਲੈਮੀਨੇਟਰਸ ਭੇਜੇਗੀ।

ਖੇਤਰੀ ਪਾਸਪੋਰਟ ਅਧਿਕਾਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਹਾਲਾਂਕਿ ਵਿਦੇਸ਼ ਮੰਤਰਾਲਾ ਪਾਸੋਪਰਟ ਬੁੱਕਲੈਟਸ ਨੂੰ ਫਿਰ ਤੋਂ ਜਾਰੀ ਕਰ ਰਿਹਾ ਹੈ ਪਰ ਫਿਰ ਵੀ ਪੁਰਾਣੀਆਂ ਬੁੱਕਲੈਟਸ ਮਾਣਯੋਗ ਹੋਣਗੀਆਂ। ਗਿਲ ਨੇ ਦੱਸਿਆ ਕਿ ਲੋਕਾਂ ਨੂੰ ਇਸ ਸਹੂਲਤ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਨਵੀਨੀਕਰਨ ਦੇ ਸਮੇਂ ਉਨ੍ਹਾਂ ਨੂੰ ਇਕ ਨਵੀਂ ਬੁੱਕਲੈਟ ਦਿੱਤੀ ਜਾਵੇਗੀ। ਅਪ੍ਰੈਲ ਦੇ ਮੱਧ ਤੱਕ ਨਵੇਂ 'ਸਮਾਰਟ ਚਿੱਪ ਪਾਸਪੋਰਟਾਂ' ਦੀ ਛਪਾਈ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਸਮਾਰਟ ਚਿੱਪ ਪਾਸਪੋਰਟ ਬੁੱਕਲੈਟਸ ਦੇ ਬਰਾਬਰ ਜਾਣਕਾਰੀ ਰੱਖੇਗੀ। ਇਸ 'ਚ ਵਧੀਆ ਗੁਣਵੱਤਾ ਦੇ ਕਾਗਜ਼ ਹੋਣਗੇ।


Related News