ICP ਅਟਾਰੀ ਬਾਰਡਰ: ਕੁਲੀਆਂ ਦੀ ਹੜਤਾਲ ਨਾਲ ਵਪਾਰੀਆਂ ਨੂੰ ਛੇ ਲੱਖ ਦਾ ਡੈਮਰੇਜ ਨੁਕਸਾਨ

Thursday, Oct 15, 2020 - 12:53 PM (IST)

ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਸੀ. ਡਬਲਿਊ. ਸੀ. ਦੇ ਠੇਕੇਦਾਰ ਵਲੋਂ ਕੁਲੀਆਂ ਨੂੰ ਸਮੇਂ ਸਿਰ ਮਿਹਨਤਾਨਾ ਨਾ ਦਿੱਤੇ ਜਾਣ ਕਾਰਣ ਪਿਛਲੇ ਦਿਨੀਂ ਕੁਲੀਆਂ ਵਲੋਂ ਕੀਤੀ ਗਈ ਹੜਤਾਲ ਨਾਲ ਵਪਾਰੀਆਂ ਨੂੰ ਬਿਨਾਂ ਕਿਸੇ ਕਾਰਣ 6 ਲੱਖ ਰੁਪਏ ਤੋਂ ਜ਼ਿਆਦਾ ਡੈਮਰੇਜ ਚਾਰਜਿਜ਼ ਨੁਕਸਾਨ ਹੋ ਗਿਆ ਹੈ । ਇਸ ਮਾਮਲੇ 'ਚ ਵਪਾਰੀਆਂ ਦਾ ਕੋਈ ਕਸੂਰ ਵੀ ਨਹੀਂ ਸੀ ਪਰ ਫਿਰ ਵੀ ਸੀ. ਡਬਲਿਊ. ਸੀ. ਨੇ ਵਪਾਰੀਆਂ ਦੇ ਮਾਲ 'ਤੇ ਡੈਮਰੇਜ ਠੋਕ ਦਿੱਤਾ ਹੈ, ਜਿਸ ਨਾਲ ਵਪਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਬੰਧਤ ਵਪਾਰੀ ਇਕ ਵਾਰ ਫਿਰ ਅਦਾਲਤ ਦੀ ਸ਼ਰਨ 'ਚ ਜਾ ਸਕਦੇ ਹਨ ।ਇਸ ਮਾਮਲੇ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਕੁਲੀਆਂ ਦੀ ਹੜਤਾਲ ਕਾਰਣ ਆਯਾਤ ਸਾਮਾਨ ਸਮੇਂ ਸਿਰ ਚੁੱਕਿਆ ਨਹੀਂ ਗਿਆ। ਇਸ 'ਚ ਨਾ ਤਾਂ ਵਪਾਰੀਆਂ ਦਾ ਕੋਈ ਕਸੂਰ ਹੈ, ਨਾ ਹੀ ਕਸਟਮ ਵਿਭਾਗ ਦਾ ਪਰ ਸੀ. ਡਬਲਿਊ. ਸੀ. ਵਿਭਾਗ ਹਾਈਕੋਰਟ ਦੇ ਹੁਕਮਾਂ ਨੂੰ ਵੀ ਨਹੀਂ ਮੰਨਦਾ ਹੈ ।

ਇਹ ਵੀ ਪੜ੍ਹੋ : ਵੱਡੇ ਢਿੱਡ ਵਾਲੇ ਪੁਲਸ ਮੁਲਾਜ਼ਮਾਂ ਦੀ ਆਈ ਸ਼ਾਮਤ, ਹਾਈਕੋਰਟ ਨੇ ਜਾਰੀ ਕੀਤੇ ਇਹ ਹੁਕਮ

ਇਸ ਤੋਂ ਪਹਿਲਾਂ 22 ਫਰਵਰੀ 2019 ਨੂੰ ਜਦੋਂ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਤੋਂ ਆਯਾਤ ਵਸਤਾਂ 'ਤੇ ਰਾਤੋ-ਰਾਤ 200 ਫ਼ੀਸਦੀ ਕਸਟਮ ਡਿਊਟੀ ਲਾ ਦਿੱਤੀ ਗਈ ਸੀ ਉਦੋਂ ਵੀ ਪਾਕਿਸਤਾਨ ਤੋਂ ਸੀਮੈਂਟ , ਜਿਪਸਮ ਅਤੇ ਹੋਰ ਵਸਤਾਂ ਦਾ ਆਯਾਤ ਕਰਨ ਵਾਲੇ ਵਪਾਰੀਆਂ ਨੇ ਕਈ ਮਹੀਨੇ ਸਾਮਾਨ ਨਹੀਂ ਚੁੱਕਿਆ ਸੀ ਕਿਉਂਕਿ ਸੀ. ਡਬਲਿਊ. ਸੀ. ਨੇ 10 ਕਰੋੜ ਦੀਆਂ ਆਯਾਤ ਵਸਤਾਂ 'ਤੇ 20 ਕਰੋੜ ਰੁਪਏ ਦਾ ਡੈਮਰੇਜ ਲਾ ਦਿੱਤਾ ਸੀ। ਇਸ ਤੋਂ ਬਾਅਦ ਵਪਾਰੀਆਂ ਨੇ ਹਾਈਕੋਰਟ ਦੀ ਸ਼ਰਨ ਲਈ ਅਤੇ ਹਾਈਕੋਰਟ ਨੇ ਵਪਾਰੀਆਂ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਹੁਕਮ ਦਿੱਤਾ ਸੀ ਕਿ 200 ਫ਼ੀਸਦੀ ਡਿਊਟੀ ਲੱਗਣ ਵਾਲੇ ਦਿਨ ਜਿੰਨਾ ਵੀ ਸਾਮਾਨ ਪਾਕਿਸਤਾਨ ਤੋਂ ਆਯਾਤ ਹੋਇਆ ਹੈ, ਉਸ 'ਤੇ ਸਾਧਾਰਨ ਡਿਊਟੀ ਹੀ ਵਸੂਲ ਕੀਤੀ ਜਾਵੇ । ਇਹ ਹੁਕਮ ਸਾਫ਼ ਤੌਰ 'ਤੇ ਦਰਸਾਉਂਦਾ ਹੈ ਕਿ ਵਪਾਰੀਆਂ 'ਤੇ ਬਿਨਾਂ ਕਾਰਣ ਡੈਮਰੇਜ ਜਾਂ ਕਸਟਮ ਡਿਊਟੀ ਨਹੀਂ ਲਾਈ ਜਾ ਸਕਦੀ ਹੈ ਪਰ ਸੀ. ਡਬਲਿਊ. ਸੀ. ਵਿਭਾਗ ਹੈ ਕਿ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕੈਪਟਨ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅਜੇ ਨਹੀਂ ਖੋਲ੍ਹੇ ਜਾਣਗੇ ਸਿਨੇਮਾ ਹਾਲ

ਇਹੀ ਹਾਲ ਰਿਹਾ ਤਾਂ ਭਾਰਤ-ਅਫਗਾਨਿਸਤਾਨ ਕੰਮਕਾਜ ਵੀ ਬੰਦ ਹੋ ਜਾਵੇਗਾ 
ਕੁੱਲੀਆਂ ਦੀ ਹੜਤਾਲ ਕਾਰਣ ਵਪਾਰੀ ਅਫਗਾਨਿਸਤਾਨ ਤੋਂ ਆਯਾਤ ਸਾਮਾਨ ਨਹੀਂ ਚੁੱਕ ਸਕੇ ਸਨ ਪਰ ਸੀ. ਡਬਲਿਊ. ਸੀ. ਨੇ ਫਿਰ ਵੀ ਆਯਾਤ ਵਸਤੂਆਂ 'ਤੇ ਡੈਮਰੇਜ ਲਾ ਦਿੱਤਾ ਹੈ । ਅਰਬਾਂ ਰੁਪਏ ਦਾ ਭਾਰਤ-ਪਾਕਿਸਤਾਨ ਕੰਮਕਾਜ ਪਹਿਲਾਂ ਹੀ ਬੰਦ ਹੋ ਚੁੱਕਿਆ ਹੈ ਅਤੇ ਅੰਮ੍ਰਿਤਸਰ ਦੇ ਸਰਹੱਦੀ ਅਤੇ ਸ਼ਹਿਰੀ ਇਲਾਕਿਆਂ ਦੇ 50 ਹਜ਼ਾਰ ਪਰਿਵਾਰ ਦੋ ਵਕਤ ਦੀ ਰੋਟੀ ਤੋਂ ਵਾਂਝੇ ਹਨ। ਜੇਕਰ ਸੀ. ਡਬਲਿਊ. ਸੀ. ਨੇ ਆਪਣਾ ਪੁਰਾਣਾ ਰਵੱਈਆ ਜਾਰੀ ਰੱਖਿਆ ਤਾਂ ਭਾਰਤ-ਅਫਗਾਨਿਸਤਾਨ ਕੰਮਕਾਜ ਵੀ ਜਲਦ ਹੀ ਬੰਦ ਹੋ ਜਾਵੇਗਾ । ਜੇਕਰ ਵਪਾਰੀ ਦੀ ਗਲਤੀ ਨਾਲ ਆਈ. ਸੀ. ਪੀ. 'ਤੇ ਪਿਆ ਸਾਮਾਨ ਨਹੀਂ ਚੁੱਕਿਆ ਜਾਂਦਾ ਹੈ ਤਾਂ ਡੈਮਰੇਜ ਚਾਰਜਿਜ਼ ਲੱਗਣਾ ਚਾਹੀਦਾ ਹੈ ਪਰ ਜੇਕਰ ਵਪਾਰੀ ਦੀ ਕੋਈ ਗਲਤੀ ਹੀ ਨਹੀਂ ਹੈ ਤਾਂ ਬਿਨਾਂ ਕਾਰਣ ਡੈਮਰੇਜ ਚਾਰਜਿਜ਼ ਕਿਉਂ ਲਾਏ ਜਾ ਰਹੇ ਹਨ ।


Baljeet Kaur

Content Editor

Related News