ਪਤੀ ਦੇ ਜ਼ੁਲਮਾਂ ਤੋਂ ਦੁਖੀ ਵਿਅਹੁਤਾ ਮੰਗ ਰਹੀ ਹੈ ਸਰਕਾਰ ਤੋਂ ਇਨਸਾਫ

Sunday, Sep 22, 2019 - 11:04 AM (IST)

ਪਤੀ ਦੇ ਜ਼ੁਲਮਾਂ ਤੋਂ ਦੁਖੀ ਵਿਅਹੁਤਾ ਮੰਗ ਰਹੀ ਹੈ ਸਰਕਾਰ ਤੋਂ ਇਨਸਾਫ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੀ ਰਹਿਣਾ ਵਾਲੀ ਜਸਮੀਨ ਕੌਰ ਆਪਣੇ ਪਤੀ ਦੀ ਕੁੱਟਮਾਰ ਤੋਂ ਦੁਖੀ ਹੋ ਕੇ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਆ ਰਿਹਾ ਹੈ, ਜਦੋਂ ਇਸ ਦੀ ਸ਼ਿਕਾਇਤ ਉਹ ਪੁਲਸ ਜਾਂ ਅਦਾਲਤ 'ਚ ਕਰਦੀ ਹੈ ਤਾਂ ਦਬਾਅ ਪਾ ਕੇ ਰਾਜ਼ੀਨਾਮਾ ਕਰ ਲੈਂਦਾ ਹੈ ਤੇ ਫਿਰ ਮਾਮਲਾ ਠੰਡਾ ਹੋਣ 'ਤੇ  ਉਸ 'ਤੇ ਜ਼ੁਲਮ ਕਰਦਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਜਸਮੀਨ ਦੇ ਪਤੀ ਨੇ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ ਕਾਰਨ ਹੁਣ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਜਸਮੀਨ ਨੇ ਪੁਲਸ 'ਤੇ ਵੀ ਰਾਜਨੀਤਿਕ ਦਬਾਅ ਹੋਣ ਦਾ ਦੋਸ਼ ਲਗਾਇਆ ਹੈ।

ਪੀੜਤਾ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ ਤੇ ਉਸ ਦੇ ਦੋ ਬੱਚੇ ਵੀ ਹਨ। ਉਸ ਨੇ ਦੱਸਿਆ ਕਿ ਮੇਰਾ ਪਤੀ ਘਰ ਦੇ ਅੰਦਰ ਦਰਵਾਜ਼ੇ ਬੰਦ ਕਰਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਹੈ ਤੇ ਦਾਜ ਦੀ ਮੰਗ ਕਰਦਾ ਹੈ। ਹੁਣ ਵੀ ਉਹ ਦੋ ਲੱਖ ਰੁਪਏ ਮੰਗ ਰਿਹਾ ਹੈ, ਜੋ ਮੈਂ ਨਹੀਂ ਲਿਆ ਕੇ ਦੇ ਸਕੀ। ਉਸ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਆਪਣੇ ਪੇਕੇ ਪਰਿਵਾਰ ਤੋਂ ਪੈਸੇ ਲੈ ਕੇ ਆਈ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਉਨ੍ਹਾਂ ਖਿਲਾਫ ਦਰਜ ਹੋਏ ਹਨ ਪਰ ਰਾਜਨੀਤਕ ਦਬਾਅ ਕਾਰਨ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਕਾਰਨ ਹੁਣ ਉਹ ਦੁਖੀ ਹੋ ਕੇ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ।

ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।  


author

Baljeet Kaur

Content Editor

Related News