ਹਰਿਆਣਾ ''ਚ ਗੁਰਦੁਆਰਾ ਸਾਹਿਬ ਅੰਦਰ ਸਿੱਖਾਂ ''ਤੇ ਹਮਲੇ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ

03/25/2019 9:53:25 AM

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਹਰਿਆਣਾ ਦੇ ਕੈਥਲ ਜ਼ਿਲੇ ਵਿਚ ਪੈਂਦੇ ਪਿੰਡ ਬਦਸੂਈ ਵਿਖੇ ਗੁਰਦੁਆਰਾ ਸਾਹਿਬ 'ਤੇ ਦੰਗਾਕਾਰੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਘਟਨਾ ਦੀ ਪੜਤਾਲ ਲਈ ਆਦੇਸ਼ ਜਾਰੀ ਕੀਤੇ, ਉਥੇ ਹੀ ਕਾਨੂੰਨੀ ਕਾਰਵਾਈ ਕਰਨ ਲਈ ਵੀ ਕਿਹਾ ਹੈ। ਜਾਰੀ ਬਿਆਨ ਵਿਚ ਭਾਈ ਲੌਂਗੋਵਾਲ ਨੇ ਕਿਹਾ ਕਿ ਹਰਿਆਣਾ ਦੇ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਹਮਲਾ ਕਰਕੇ ਪ੍ਰਦਰਸ਼ਨਕਾਰੀਆਂ ਵੱਲੋਂ ਇਕ ਸਿੱਖ ਨੂੰ ਮੌਤ ਦੇ ਘਾਟ ਉਤਾਰ ਦੇਣਾ ਅਤੇ ਦਰਜਨ ਤੋਂ ਵਧ ਸਿੱਖਾਂ ਨੂੰ ਜ਼ਖਮੀ ਕਰਨਾ ਮੰਦਭਾਗਾ ਹੈ, ਇਹ ਘੱਟਗਿਣਤੀਆਂ ਨਾਲ ਧੱਕਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਮ ਦਾ ਕੋਈ ਵਿਵਾਦਤ ਮਾਮਲਾ ਸੀ ਤਾਂ ਉਹ ਮਿਲ-ਬੈਠ ਕੇ ਸੁਲਝਾਇਆ ਜਾਣਾ ਚਾਹੀਦਾ ਸੀ। ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਕਿ ਦੰਗਾਕਾਰੀ ਘੱਟਗਿਣਤੀ ਸਿੱਖਾਂ ਨੂੰ ਦਬਾਉਣ ਲਈ ਮਾਰੂ ਹਮਲਾ ਕਰਨ। ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਘੱਟਗਿਣਤੀਆਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕੇ ਜਾਣ। ਭਾਈ ਲੌਂਗੋਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਕੰਮ ਕਰਨ ਦੀ ਹਿੰਮਤ ਨਾ ਕਰੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਘਟਨਾ ਦੇ ਮੁਕੰਮਲ ਤੱਕ ਜਾਣਨ ਲਈ ਹਰਿਆਣਾ ਸੂਬੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਪਾਸੋਂ ਰਿਪੋਰਟ ਲਵੇਗੀ ਅਤੇ ਸਿੱਖਾਂ ਦੇ ਕੇਸ ਦੀ ਪੈਰਵਾਈ ਕਰਨ ਲਈ ਹਰ ਸੰਭਵ ਕਾਨੂੰਨੀ ਸਹਾਇਆ ਪ੍ਰਦਾਨ ਕਰੇਗੀ।


cherry

Content Editor

Related News