''ਪੁਰੀ ਫਾਰ ਗੁਰੂ ਕੀ ਨਗਰੀ'' ਵੈੱਬਸਾਈਟ ਜ਼ਰੀਏ ਹਰਦੀਪ ਪੁਰੀ ਸੁਣਨਗੇ ਅੰਮ੍ਰਿਤਸਰੀਆਂ ਦੀਆਂ ਸਮੱਸਿਆਵਾਂ
Sunday, Jun 02, 2019 - 09:43 AM (IST)
ਅੰਮ੍ਰਿਤਸਰ/ਰਾਜਾਸਾਂਸੀ (ਛੀਨਾ/ਮਮਤਾ/ਨਿਰਵੈਲ/ਰਾਜਵਿੰਦਰ) : ਅੰਮ੍ਰਿਤਸਰ ਦੇ ਲੋਕਾਂ ਨੇ ਚਾਹੇ ਮੈਨੂੰ ਲੋਕ ਸਭਾ ਮੈਂਬਰ ਨਹੀਂ ਚੁਣਿਆ ਪਰ ਇਸ ਦੇ ਬਾਵਜੂਦ ਮੈਂ ਆਪਣੇ ਸੰਕਲਪ ਪੱਤਰ 'ਤੇ ਕਾਇਮ ਰਹਿੰਦਿਆਂ ਗੁਰੂ ਕੀ ਨਗਰੀ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਹ ਵਿਚਾਰ ਕੇਂਦਰੀ ਰਾਜ ਨਾਗਰਿਕ, ਹਵਾਬਾਜ਼ੀ ਅਤੇ ਸ਼ਹਿਰੀ ਗ੍ਰਹਿ ਯੋਜਨਾ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਅੰਮ੍ਰਿਤਸਰ ਤੋਂ ਵਾਪਸੀ ਦੌਰਾਨ ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਸਮੇਂ ਜ਼ਾਹਿਰ ਕੀਤੇ।
ਪੁਰੀ ਨੇ ਦਲੇਰੀ ਨਾਲ ਆਪਣੀ ਹਾਰ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਚੋਣਾਂ 'ਚ ਜਿੱਤ-ਹਾਰ ਤਾਂ ਲੱਗੀ ਰਹਿੰਦੀ ਹੈ ਪਰ 19 ਦਿਨਾਂ ਦੇ ਚੋਣ ਪ੍ਰਚਾਰ ਵਿਚ ਅੰਮ੍ਰਿਤਸਰ ਦੇ ਸਾਢੇ 3 ਲੱਖ ਵੋਟਰਾਂ ਨੇ ਉਨ੍ਹਾਂ ਦੇ ਹੱਕ 'ਚ ਵੋਟ ਪਾ ਕੇ ਉਨ੍ਹਾਂਂ ਪ੍ਰਤੀ ਆਪਣਾ ਵਿਸ਼ਵਾਸ ਜਤਾਇਆ ਹੈ, ਜਿਸ ਤੋਂ ਉਹ ਕਾਫ਼ੀ ਸੰਤੁਸ਼ਟ ਹਨ। ਉਨ੍ਹਾਂਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਛੇਤੀ ਹੀ ਇਕ ਵੈੱਬਸਾਈਟ 'ਪੁਰੀ ਫਾਰ ਗੁਰੂ ਕੀ ਨਗਰੀ' ਤਿਆਰ ਕੀਤੀ ਜਾਵੇਗੀ, ਜਿਸ ਦੇ ਜ਼ਰੀਏ ਅੰਮ੍ਰਿਤਸਰ ਦੇ ਲੋਕ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਵਿਚਾਰ ਭੇਜ ਸਕਣਗੇ ਅਤੇ ਉਸ ਦੇ ਆਧਾਰ 'ਤੇ ਉਹ ਅੰਮ੍ਰਿਤਸਰ ਦੇ ਵਿਕਾਸ ਲਈ ਕੰਮ ਕਰਨਗੇ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 5 ਸਾਲ ਬਾਅਦ ਉਨ੍ਹਾਂਂ ਦਾ ਚਾਹੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਪਰ ਇਸ ਦੇ ਬਾਵਜੂਦ ਜੇਕਰ ਅੰਮ੍ਰਿਤਸਰ ਦੇ ਵਿਕਾਸ ਲਈ ਇਥੋਂ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਉਨ੍ਹਾਂਂ ਕੋਲ ਆਉਂਦੇ ਹਨ ਤਾਂ ਉਹ ਉਨ੍ਹਾਂਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਇਸ ਉਪਰੰਤ ਹਰਦੀਪ ਪੁਰੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ। ਇਸ ਮੌਕੇ ਪੰਜਾਬ ਵਪਾਰ ਸੈੱਲ ਸ਼੍ਰੋਮਣੀ ਅਕਾਲੀ ਦਲ ਮਾਝਾ ਵਿੰਗ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ, ਜਨਰਲ ਸਕੱਤਰ ਹਰਪਾਲ ਸਿੰਘ ਵਾਲੀਆ ਅਤੇ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਰੀਨਾ ਜੇਤਲੀ ਵੀ ਮੌਜੂਦ ਸਨ।