ਸੋਨੇ ਦੇ ਲੈਣ-ਦੇਣ ਸਬੰਧੀ ਗੁਰੂ ਬਾਜ਼ਾਰ ਕੋਲ ਚੱਲੀ ਗੋਲੀ

08/18/2019 12:28:31 PM

ਅੰਮ੍ਰਿਤਸਰ (ਸਫਰ, ਗੁਰਪ੍ਰੀਤ) : ਸੋਨੇ ਦੇ ਲੈਣ-ਦੇਣ 'ਚ ਦੁਪਹਿਰ ਬਾਅਦ ਗੁਰੂ ਬਾਜ਼ਾਰ ਕੋਲ ਕਾਠੀਆਂ ਵਾਲੇ ਬਾਜ਼ਾਰ 'ਚ ਗੋਲੀ ਚੱਲਣ ਨਾਲ 'ਸੋਨਾ ਬਾਜ਼ਾਰ' 'ਚ ਦਹਿਸ਼ਤ ਫੈਲ ਗਈ। ਖਬਰ ਮਿਲਦੇ ਹੀ ਕੋਤਵਾਲੀ ਪੁਲਸ ਮੌਕੇ 'ਤੇ ਪਹੁੰਚੀ। ਗੋਲੀ ਚਲਾਉਣ ਵਾਲੇ ਦੋਸ਼ੀ ਮੌਕੇ ਤੋਂ ਭੱਜ ਗਏ ਸਨ। ਪੁਲਸ ਸ਼ਿਕਾਇਤਕਰਤਾ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਖਬਰ ਲਿਖੇ ਜਾਣ ਤੱਕ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰਨ 'ਚ ਜੁਟੀ ਹੋਈ ਸੀ। ਗੋਲੀ ਚਲਾਉਣ ਦਾ ਦੋਸ਼ ਦੋਵਾਂ ਧਿਰਾਂ ਵੱਲੋਂ ਲਾਇਆ ਜਾ ਰਿਹਾ ਹੈ, ਕੁਲ 11 ਗੋਲੀਆਂ ਚੱਲਣ ਦੀ ਖਬਰ ਹੈ।

ਜਾਣਕਾਰੀ ਅਨੁਸਾਰ ਗੁਰੂ ਬਾਜ਼ਾਰ ਕੋਲ ਕਾਠੀਆਂ ਵਾਲਾ ਬਾਜ਼ਾਰ 'ਚ ਸੋਨੇ ਦੇ ਗਹਿਣੇ ਵੇਚਣ ਵਾਲੇ ਬਾਰਡਰ ਸਿੰਘ 'ਤੇ ਮਨਦੀਪ ਸਿੰਘ ਅਤੇ ਤਰਲੋਚਨ ਸਿੰਘ ਵਾਸੀ ਭਗਤਾਂਵਾਲਾ ਨੇ ਆਪਣੇ 3-4 ਸਾਥੀਆਂ ਨਾਲ ਮਿਲ ਕੇ ਹਮਲਾ ਬੋਲ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਹਵਾ 'ਚ 11 ਫਾਇਰ ਕੀਤੇ। ਗੋਲੀ ਦੀ ਆਵਾਜ਼ ਸੁਣਦੇ ਹੀ ਬਾਜ਼ਾਰ 'ਚ ਦਹਿਸ਼ਤ ਫੈਲ ਗਈ। ਆਸ-ਪਾਸ ਦੀਆਂ ਦੁਕਾਨਾਂ ਬੰਦ ਗਈਆਂ। ਮੌਕੇ 'ਤੇ ਪਹੁੰਚੀ ਪੁਲਸ ਨੇ ਬਾਜ਼ਾਰ 'ਚ ਪਹਿਰਾ ਬਿਠਾ ਦਿੱਤਾ ਹੈ।

ਏ. ਡੀ. ਸੀ. ਪੀ.-1 ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਸ ਮਾਮਲੇ 'ਚ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਕਰਨ ਦੀਆਂ ਹਦਾਇਤਾਂ ਥਾਣਾ ਕੋਤਵਾਲੀ ਪੁਲਸ ਨੂੰ ਦੇ ਦਿੱਤੀਆਂ ਗਈਆਂ ਹਨ। ਉੱਧਰ, ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਮੱਲ੍ਹੀ ਕਹਿੰਦੇ ਹਨ ਕਿ ਮਾਮਲੇ 'ਚ ਜਾਂਚ ਚੱਲ ਰਹੀ ਹੈ, ਸੀ. ਸੀ. ਟੀ. ਵੀ. ਫੁਟੇਜ ਦੇਖੀ ਜਾ ਰਹੀ ਹੈ।

ਕਾਠੀਆਂ ਵਾਲਾ ਬਾਜ਼ਾਰ 'ਚ ਅੱਜ 11 ਹਵਾਈ ਫਾਇਰ ਕੀਤੇ ਗਏ, ਜਿਸ ਨਾਲ ਜਿਥੇ ਇਲਾਕੇ 'ਚ ਦਹਿਸ਼ਤ ਫੈਲ ਗਈ, ਉਥੇ ਤਲਵਾਰ ਦੇ ਵਾਰ ਨਾਲ 2 ਜ਼ਖਮੀ ਹੋ ਗਏ। ਜ਼ਖਮੀ ਮਨਦੀਪ ਸਿੰਘ ਅਤੇ ਤਰਲੋਚਨ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਖਬਰ ਲਿਖੇ ਜਾਣ ਤੱਕ ਮੁਲਜ਼ਮਾਂ ਖਿਲਾਫ ਪੁਲਸ ਮਾਮਲਾ ਦਰਜ ਕਰਨ 'ਚ ਲੱਗੀ ਹੋਈ ਸੀ।

ਗੁਰੂ ਬਾਜ਼ਾਰ ਸਥਿਤ ਕਾਠੀਆਂ ਵਾਲਾ ਬਾਜ਼ਾਰ 'ਚ ਸੋਨੇ ਦੇ ਗਹਿਣਿਆਂ ਦਾ ਕੰਮ ਕਰਨ ਵਾਲੇ ਰਣਜੀਤ ਸਿੰਘ ਦੇ ਬੇਟੇ ਬਾਰਡਰ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਅਤੇ ਤਰਲੋਚਨ ਸਿੰਘ ਆਪਣੇ ਕੁਝ ਸਾਥੀਆਂ ਨਾਲ ਉਨ੍ਹਾਂ ਦੀ ਦੁਕਾਨ 'ਤੇ ਆਏ, ਆਉਂਦੇ ਹੀ 15 ਲੱਖ ਰੁਪਏ ਮੰਗਣ ਲੱਗੇ। ਇਸ ਦੌਰਾਨ ਬਾਰਡਰ ਸਿੰਘ ਤੇ ਮਨਦੀਪ ਸਿੰਘ 'ਚ ਕਿਹਾ-ਸੁਣੀ ਵੱਧ ਗਈ। ਮਨਦੀਪ ਸਿੰਘ ਨੇ ਦੁਕਾਨ ਅੰਦਰ ਬਾਰਡਰ ਸਿੰਘ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਬਾਰਡਰ ਸਿੰਘ ਦੇ ਪਿਤਾ ਰਣਜੀਤ ਸਿੰਘ ਅਚਾਨਕ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਬੇਟੇ 'ਤੇ ਕੁਝ ਲੋਕ ਹਮਲਾ ਕਰ ਰਹੇ ਹਨ ਤਾਂ ਉਨ੍ਹਾਂ ਨੇ ਆਪਣਾ ਪਿਸਤੌਲ ਤਾਣ ਦਿੱਤਾ ਤੇ ਹਵਾ 'ਚ 3 ਫਾਇਰ ਕਰ ਦਿੱਤੇ। ਮੁਲਜ਼ਮ ਹਵਾ 'ਚ 8 ਗੋਲੀਆਂ ਮਾਰਦੇ ਭੱਜ ਗਏ।

ਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰਣਜੀਤ ਸਿੰਘ ਅਤੇ ਬਾਰਡਰ ਸਿੰਘ ਤੋਂ 15 ਲੱਖ ਰੁਪਏ ਲੈਣੇ ਸਨ, ਅੱਜ ਬਾਰਡਰ ਸਿੰਘ ਨੇ ਉਨ੍ਹਾਂ ਨੂੰ ਦੁਕਾਨ 'ਤੇ ਬੁਲਾਇਆ ਸੀ, ਜਦੋਂ ਉਹ ਦੁਕਾਨ 'ਤੇ ਪੁੱਜੇ ਤਾਂ ਬਾਰਡਰ ਸਿੰਘ ਨੇ 15 ਲੱਖ ਰੁਪਏ ਵਾਪਸ ਦੇਣ ਦੀ ਬਜਾਏ ਉਨ੍ਹਾਂ 'ਤੇ ਦੋਸ਼ ਲਾ ਦਿੱਤਾ ਕਿ 500 ਗ੍ਰਾਮ ਸੋਨਾ ਚੁੱਕ ਕੇ ਲੈ ਗਿਆ ਹੈ। ਇਸ ਦੌਰਾਨ ਗੱਲ ਵਧੀ ਤਾਂ ਬਾਰਡਰ ਸਿੰਘ ਨੇ ਤਲਵਾਰ ਨਾਲ ਉਨ੍ਹਾਂ ਦੇ ਗਲੇ 'ਤੇ ਵਾਰ ਕਰ ਦਿੱਤਾ। ਤਰਲੋਚਨ ਸਿੰਘ ਬਚਾਅ ਕਰਨ ਪੁੱਜਾ ਤਾਂ ਉਸ 'ਤੇ ਵੀ ਹਮਲਾ ਕਰ ਦਿੱਤਾ। ਸੀ. ਸੀ. ਟੀ. ਵੀ. ਕੈਮਰੇ 'ਚ ਸਭ ਕੁਝ ਰਿਕਾਰਡ ਹੈ ਪਰ ਪੁਲਸ ਨੂੰ ਫੁਟੇਜ ਨਹੀਂ ਦਿੱਤੀ ਗਈ।
 


Baljeet Kaur

Content Editor

Related News