ਬਦਮਾਸ਼ਾਂ ਦੀ ਗੁੰਡਾਗਰਦੀ : ਪੁੱਤ ਨਾ ਮਿਲਣ ''ਤੇ ਮਾਂ ਨਾਲ ਕੀਤੀ ਬਦਸਲੂਕੀ

Thursday, Mar 28, 2019 - 12:51 PM (IST)

ਬਦਮਾਸ਼ਾਂ ਦੀ ਗੁੰਡਾਗਰਦੀ : ਪੁੱਤ ਨਾ ਮਿਲਣ ''ਤੇ ਮਾਂ ਨਾਲ ਕੀਤੀ ਬਦਸਲੂਕੀ

ਅੰਮ੍ਰਿਤਸਰ (ਸੰਜੀਵ) : ਮੋਹਕਮਪੁਰਾ ਸਥਿਤ ਜੌੜਾ ਫਾਟਕ ਖੇਤਰ 'ਚ ਬਦਮਾਸ਼ਾਂ ਨੇ ਇਸ ਕਦਰ ਗੁੰਡਾਗਰਦੀ ਦਿਖਾਈ ਕਿ ਹੱਥਾਂ 'ਚ ਤੇਜ਼ਧਾਰ ਕ੍ਰਿਪਾਨਾਂ ਲਹਿਰਾਉਂਦਿਆਂ ਉਹ ਜਬਰੀ ਘਰ 'ਚ ਦਾਖਲ ਹੋ ਗਏ । ਨੌਜਵਾਨਾਂ ਦੀ ਇਸ ਰੰਜਿਸ਼ 'ਚ ਹਮਲਾਵਰਾਂ ਨੇ ਘਰ ਦੇ ਕੀਮਤੀ ਸਾਮਾਨ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ, ਜਦੋਂ ਘਰ 'ਚ ਮੌਜੂਦ ਲੜਕੇ ਦੀ ਮਾਂ ਰੇਖਾ ਨੇ ਹਮਲਾਵਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਵੀ ਉਨ੍ਹਾਂ ਬਦਸਲੂਕੀ ਕੀਤੀ ਤੇ ਉਸ ਦੇ ਲੜਕੇ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਰੇਖਾ ਦੀ ਸ਼ਿਕਾਇਤ 'ਤੇ ਰਾਹੁਲ, ਸਾਹਿਲ ਵਾਸੀ ਜੌੜਾ ਫਾਟਕ ਤੇ ਇਨ੍ਹਾਂ ਦੇ ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

PunjabKesari

ਰੇਖਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਪਿਛਲੇ ਦਿਨੀਂ ਉਕਤ ਦੋਸ਼ੀ ਜਬਰੀ ਉਸ ਦੇ ਘਰ 'ਚ ਦਾਖਲ ਹੋਏ ਤੇ ਗਾਲੀ-ਗਲੋਚ ਕਰਨ ਲੱਗੇ। ਉਸ ਦੇ ਪੁੱਛਣ 'ਤੇ ਦੋਸ਼ੀ ਇਹ ਕਹਿ ਕੇ ਵਾਪਸ ਚਲੇ ਗਏ ਕਿ ਅੱਜ ਤੇਰੇ ਲੜਕੇ ਨੂੰ ਨਹੀਂ ਛੱਡਾਂਗੇ, ਜਿਸ ਦੇ ਕੁਝ ਸਮੇਂ ਬਾਅਦ ਹੀ ਹਮਲਾਵਰ ਇਕ ਵਾਰ ਫਿਰ ਹੱਥਾਂ 'ਚ ਕ੍ਰਿਪਾਨਾਂ ਲਹਿਰਾਉਂਦੇ ਉਸ ਦੇ ਘਰ 'ਚ ਦਾਖਲ ਹੋ ਗਏ ਤੇ ਉਸ ਦੇ ਲੜਕੇ ਵਿਸ਼ਵਾਸ ਨੂੰ ਲੱਭਣ ਲੱਗੇ, ਜੋ ਆਪਣੀ ਜਾਨ ਬਚਾਉਣ ਲਈ ਭੱਜ ਕੇ ਕਿਸੇ ਦੇ ਘਰ 'ਚ ਲੁੱਕ ਚੁੱਕਾ ਸੀ।

PunjabKesari

ਹਮਲਾਵਰਾਂ ਨੇ ਘਰ 'ਚ ਪਈ ਵਾਸ਼ਿੰਗ ਮਸ਼ੀਨ, ਫਰਿੱਜ, ਟੇਬਲ ਤੇ ਹੋਰ ਸਾਮਾਨ ਪੂਰੀ ਤਰ੍ਹਾਂ ਤੋੜ ਦਿੱਤਾ ਤੇ ਅਲਮਾਰੀ 'ਚ ਪਈ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ, ਜਿਸ ਤੋਂ ਬਾਅਦ ਹਮਲਾਵਰ ਇਕ-ਇਕ ਕਰ ਕੇ ਘਰੋਂ ਨਿਕਲੇ ਤੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਦੀ ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਜਿਸ ਵਿਚ ਦਰਜਨ ਤੋਂ ਵੱਧ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲਲਕਾਰੇ ਮਾਰਦੇ ਘਰ 'ਚ ਦਾਖਲ ਹੋਏ ਤੇ ਭੰਨ-ਤੋੜ ਕਰਨ ਉਪਰੰਤ ਉਥੋਂ ਫਰਾਰ ਹੋ ਰਹੇ ਸਨ। ਸੀ. ਸੀ. ਟੀ. ਵੀ. ਦੀ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਹਮਲਾਵਰਾਂ ਦੀ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ ਹੈ।

PunjabKesari

ਲੜਕੇ ਵਿਸ਼ਵਾਸ ਦੀ ਮਾਂ ਰੇਖਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰ ਉਸ ਦੇ ਲੜਕੇ ਨੂੰ ਲੱਭਣ ਆਏ ਸਨ, ਪਹਿਲਾਂ ਤਾਂ ਇਹ ਕਹਿ ਕੇ ਚੱਲ ਗਏ ਕਿ ਅੱਜ ਉਸ ਨੂੰ ਸਬਕ ਸਿਖਾਉਣਗੇ, ਉਸ ਸਮੇਂ ਉਹ ਘਰ ਵਿਚ ਇਕੱਲੀ ਸੀ। ਉਸ ਤੋਂ ਬਾਅਦ ਹਮਲਾਵਰ ਇਕ ਵਾਰ ਫਿਰ ਹਥਿਆਰਾਂ ਨਾਲ ਲੈਸ ਹੋ ਕੇ ਆਏ। ਉਸ ਸਮੇਂ ਉਹ ਆਪਣੀ ਧੀ ਨਾਲ ਘਰ ਵਿਚ ਬੈਠੀ ਸੀ। ਉਸ ਨੇ ਨੌਜਵਾਨਾਂ ਦਾ ਰੌਲਾ ਸੁਣ ਕੇ ਅੰਦਰੋਂ ਦਰਵਾਜ਼ੇ ਦੀ ਕੁੰਡੀ ਲਾ ਲਈ ਪਰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਘਰ ਦਾ ਦਰਵਾਜ਼ਾ ਤੋੜ ਦਿੱਤਾ ਤੇ ਅੰਦਰ ਦਾਖਲ ਹੋ ਗਏ। ਉਹ ਆਪਣੀ ਲੜਕੀ ਨੂੰ ਛੱਤ 'ਤੇ ਲੈ ਗਈ ਅਤੇ ਉਸ ਨੇ ਕਿਸੇ ਤਰ੍ਹਾਂ ਕੰਧਾਂ ਟੱਪ ਕੇ ਗੁਆਢੀਆਂ ਦੇ ਘਰ ਜਾ ਕੇ ਆਪਣੀ ਤੇ ਆਪਣੀ ਬੇਟੀ ਦੀ ਜਾਨ ਬਚਾਈ। ਹਮਲਾਵਰਾਂ ਦੇ ਫਰਾਰ ਹੋ ਜਾਣ ਤੋਂ ਬਾਅਦ ਜਦੋਂ ਉਹ ਘਰ ਆਈ ਤਾਂ ਉਸ ਨੇ ਦੇਖਿਆ ਕਿ ਅਲਮਾਰੀ 'ਚ ਪਈ 60 ਹਜ਼ਾਰ ਰੁਪਏ ਦੀ ਨਕਦੀ ਜੋ ਉਸ ਨੂੰ ਕੁਝ ਦਿਨ ਪਹਿਲਾਂ ਹੀ ਕਮੇਟੀ ਦੀ ਮਿਲੀ ਸੀ, ਚੋਰੀ ਹੋ ਚੁੱਕੀ ਸੀ। ਨਕਦੀ ਦੇ ਨਾਲ ਹਮਲਾਵਰ ਸੋਨੇ ਦੇ ਗਹਿਣੇ ਵੀ ਲਿਜਾ ਚੁੱਕੇ ਸਨ। ਰੇਖਾ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਛੇਤੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ।


author

Baljeet Kaur

Content Editor

Related News