ਗੈਂਗਸਟਰ ਸਿਮਰਨਜੀਤ ਸਿੰਘ ਜੁਝਾਰ ਗੈਂਗ ਦੇ 3 ਹੋਰ ਮੈਂਬਰ ਗ੍ਰਿਫ਼ਤਾਰ
Thursday, Oct 15, 2020 - 01:24 PM (IST)
ਅੰਮ੍ਰਿਤਸਰ (ਅਰੁਣ) : ਬੀਤੇ ਦਿਨੀਂ ਨਿਊ ਅੰਮ੍ਰਿਤਸਰ ਵਾਸੀ ਅਮਰੀਕ ਸਿੰਘ ਬਿੱਟਾ ਨੂੰ ਲੱਤ 'ਚ ਗੋਲੀ ਮਾਰ ਕੇ ਜਾਨਲੇਵਾ ਹਮਲਾ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਦਿਆਂ ਪੁਲਸ ਵਲੋਂ ਵਾਰਦਾਤ 'ਚ ਵਰਤੇ ਗਏ ਹਥਿਆਰ ਅਤੇ ਦੋਪਹੀਆ ਵਾਹਨ ਬਰਾਮਦ ਕਰ ਲਏ ਗਏ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਵਾਸੀ ਅਮਰੀਕ ਸਿੰਘ ਬਿੱਟਾ, ਜੋ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ, ਦੇ ਕੋਲੋਂ ਕੋਠੀ ਖਾਲ੍ਹੀ ਕਰਵਾਉਣ ਦੇ ਮੰਤਵ ਨਾਲ ਮਕਾਨ ਮਾਲਕ ਦੇ ਰਿਸ਼ਤੇਦਾਰ ਹੁਸ਼ਿਆਰਪੁਰ ਜੇਲ 'ਚ ਬੰਦ ਗੈਂਗਸਟਰ ਸਿਮਰਨਜੀਤ ਸਿੰਘ ਉਰਫ਼ ਜੁਝਾਰ ਵਲੋਂ ਸ਼ਾਰਪ ਸ਼ੂਟਰ ਕੋਲੋਂ ਇਹ ਵਾਰਦਾਤ ਕਰਵਾਈ ਗਈ ਸੀ। ਡੀ. ਸੀ. ਪੀ. ਨੇ ਦੱਸਿਆ ਕਿ ਪੁਲਸ ਵਲੋਂ ਪ੍ਰੋਡਕਸ਼ਨ ਵਾਰੰਟ ਉੱਪਰ ਲਿਆ ਕੇ ਗੈਂਗਸਟਰ ਜੁਝਾਰ ਕੋਲੋਂ ਕੀਤੀ ਪੁੱਛਗਿੱਛ ਮਗਰੋਂ ਉਸ ਦੀ ਨਿਸ਼ਾਨਦੇਹੀ 'ਤੇ ਇਰਾਦਾ ਕਤਲ ਦੇ ਦੋਸ਼ ਤਹਿਤ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਉਸਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਵੱਡੀ ਵਾਰਦਾਤ: ਬੀੜ ਬਾਬਾ ਬੁੱਢਾ ਸਾਹਿਬ ਨੇੜੇ ਗੰਡਾਸੀਆਂ ਨਾਲ ਵੱਢਿਆ ਨਿਹੰਗ ਸਿੰਘ
ਇਸ ਤੋਂ ਪਹਿਲਾਂ ਸੀ. ਆਈ. ਏ. ਸਟਾਫ਼ ਵਲੋਂ ਗੈਂਗਸਟਰ ਜੁਝਾਰ ਦੇ ਸਾਥੀ ਸਾਹਿਲ ਸਿੰਘ ਪੁੱਤਰ ਰਾਜਾ ਵਾਸੀ ਗੁੱਜਰਪੁਰਾ ਨੂੰ ਵਿਦੇਸ਼ੀ ਪਿਤਸੌਲ, 3 ਕਾਰਤੂਸਾਂ ਅਤੇ ਇਕ ਐਕਟਿਵਾ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਗਿਰੋਹ ਦੇ 2 ਹੋਰ ਮੈਂਬਰਾਂ ਮਾਣਕ ਸਿੰਘ ਸੰਨੀ ਪੁੱਤਰ ਰਵਿੰਦਰ ਸਿੰਘ ਵਾਸੀ ਲੁਧਿਆਣਾ ਅਤੇ ਕਰਨ ਸ਼ਰਮਾ ਪੁੱਤਰ ਰਵਿੰਦਰ ਸਿੰਘ ਵਾਸੀ ਸ਼ਰੀਫ਼ਪੁਰਾ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮ ਮਾਣਕ ਸੰਨੀ, ਜੋ ਸ਼ਾਰਪ ਸ਼ੂਟਰ ਹੈ, ਕੋਲੋਂ ਯੂ. ਐੱਸ. ਏ. ਮੇਡ 32 ਬੋਰ ਇਕ ਪਿਸਤੌਲ, 16 ਕਾਰਤੂਸ ਅਤੇ ਵਾਰਦਾਤ 'ਚ ਵਰਤਿਆ ਗਿਆ ਇਕ ਮੋਟਰਸਾਈਕਲ ਪੁਲਸ ਨੇ ਬਰਾਮਦ ਕਰ ਲਿਆ। ਗਿਰੋਹ ਦਾ ਇਕ ਹੋਰ ਮੈਂਬਰ ਮੋਨੂੰ ਕੁਲਚਾ ਪੁੱਤਰ ਬਸੰਤ ਲਾਲ ਵਾਸ ਮੁਸਤਫਾਬਾਦ, ਜਿਸਦੇ ਖਿਲਾਫ਼ ਇਰਾਦਾ ਕਤਲ ਦੋਸ਼ ਤਹਿਤ ਥਾਣਾ ਮੋਹਕਮਪੁਰਾ ਵਿਖੇ ਇਰਾਦਾ ਕਤਲ ਦੋਸ਼ ਤਹਿਤ ਮਾਮਲਾ ਦਰਜ ਸੀ, ਨੂੰ ਵੀ ਪੁਲਸ ਪਾਰਟੀ ਨੇ ਗ੍ਰਿਫ਼ਤਾਰ ਕਰਦਿਆਂ ਦੇਸੀ ਪਿਸਤੌਲ 315 ਬੋਰ ਅਤੇ 2 ਕਾਰਤੂਸ ਬਰਾਮਦ ਕਰ ਲਏ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅਜੇ ਨਹੀਂ ਖੋਲ੍ਹੇ ਜਾਣਗੇ ਸਿਨੇਮਾ ਹਾਲ
ਫੇਸਬੁੱਕ ਆਈ. ਡੀ. 'ਤੇ ਜੁਝਾਰ ਨੇ ਲਈ ਸੀ ਵਾਰਦਾਤ ਦੀ ਜ਼ਿੰਮੇਵਾਰੀ
ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਨੇ ਦੱਸਿਆ ਕਿ ਮਕਬੂਲਪੁਰਾ ਥਾਣੇ 'ਚ ਬੀਤੀ 10 ਸਤੰਬਰ 2020 ਨੂੰ ਦਰਜ ਮਾਮਲਾ ਨੰਬਰ 284, ਜਿਸ 'ਚ ਦਸਮੇਸ਼ ਐਵੀਨਿਊ ਵਾਸੀ ਸੱਜਣ ਸਿੰਘ ਨੂੰ ਨਕਾਬਪੋਸ਼ 2 ਲੁਟੇਰਿਆਂ ਵਲੋਂ ਲੱਤ 'ਚ ਗੋਲੀ ਮਾਰਕੇ ਜ਼ਖ਼ਮੀ ਕੀਤਾ ਗਿਆ ਸੀ, ਸਬੰਧੀ ਗੈਂਗਸਟਰ ਜੁਝਾਰ ਵਲੋਂ ਫ਼ੇਸਬੁਕ ਆਈ. ਡੀ. 'ਤੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਗਈ ਸੀ ਅਤੇ ਇਸ ਨੂੰ ਆਪਣੀ ਨਿੱਜੀ ਦੁਸ਼ਮਣੀ ਕਰਾਰ ਦਿੱਤਾ ਸੀ। ਇਸ ਵਾਰਦਾਤ ਨੂੰ ਸੰਨੀ ਲੁਧਿਆਣਾ ਅਤੇ ਹੀਰਾ ਸਿੰਘ ਵਲੋਂ ਅੰਜਾਮ ਦਿੱਤਾ ਗਿਆ ਸੀ ਅਤੇ ਜੁਝਾਰ ਦੇ ਇਸ਼ਾਰੇ 'ਤੇ ਉਨ੍ਹਾਂ ਵਲੋਂ ਗੋਲੀ ਮਾਰੀ ਗਈ।
ਇਹ ਵੀ ਪੜ੍ਹੋ : ਕਲਯੁੱਗੀ ਪੁੱਤਾਂ ਨੇ ਜਾਇਦਾਦ ਖ਼ਾਤਰ ਬਜ਼ੁਰਗ ਪਿਤਾ 'ਤੇ ਢਾਹਿਆ ਤਸ਼ੱਦਦ, CCTV 'ਚ ਕੈਦ ਹੋਈ ਵਾਰਦਾਤ
ਜੁਝਾਰ ਖ਼ਿਲਾਫ਼ ਦਰਜ ਹਨ 15 ਅਪਰਾਧਿਕ ਮਾਮਲੇ
ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਗੈਂਗਸਟਰ ਸਿਮਰਨਜੀਤ ਸਿੰਘ ਜੁਝਾਰ ਬਾਰੇ ਖ਼ੁਲਾਸਾ ਕਰਦਿਆਂ ਡੀ. ਸੀ. ਪੀ. ਜਗਮੋਹਨ ਸਿੰਘ ਨੇ ਦੱਸਿਆ ਕਿ ਗੈਂਗਸਟਰ ਜੁਝਾਰ ਖ਼ਿਲਾਫ਼ ਲੁੱਟਾਂ-ਖੋਹਾਂ , ਡਕੈਤੀ ਅਤੇ ਫ਼ਿਰੌਤੀ ਸਮੇਤ 15 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਸਦੇ 5 ਮੈਂਬਰੀ ਗਿਰੋਹ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਹੈ।