ਖੌਫ : ਢਾਈ ਸਾਲ ਪਹਿਲਾਂ ਗੈਂਗਸਟਰਾਂ ਵਲੋਂ ਚਲਾਈ ਗੋਲੀ ਨੌਜਵਾਨ ਦੇ ਸਿਰ ''ਚ ਅੱਜ ਵੀ ਫਸੀ

05/16/2019 12:34:31 PM

ਅੰਮ੍ਰਿਤਸਰ (ਸਫਰ) : 2017 'ਚ ਗੈਂਗਸਟਰਾਂ ਵੱਲੋਂ ਚਲਾਈ ਗਈ ਗੋਲੀ ਅੱਜ ਵੀ ਨੌਜਵਾਨ ਦੇ ਸਿਰ ਵਿਚ ਫਸੀ ਹੈ। ਪੁਲਸ ਨੇ ਮਾਮਲਾ ਤਾਂ ਦਰਜ ਕੀਤਾ ਪਰ ਗ੍ਰਿਫਤਾਰੀ ਨਹੀਂ ਕੀਤੀ। ਇੰਨਾ ਹੀ ਨਹੀਂ, ਗੈਂਗਸਟਰਾਂ ਦਾ ਇੰਨਾ ਰਸੂਖ ਸੀ ਕਿ ਪੁਲਸ ਨੇ ਗ੍ਰਿਫਤਾਰੀ ਨਹੀਂ ਕੀਤੀ ਅਤੇ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਡਾਕਟਰ ਨੇ ਬਿਨਾਂ ਗੋਲੀ ਕੱਢੇ ਹੀ ਇਹ ਕਹਿ ਕੇ 5 ਦਿਨਾਂ ਬਾਅਦ ਘਰ ਭੇਜ ਦਿੱਤਾ ਕਿ ਗੋਲੀ ਕੱਢਣ ਲਈ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਆਦੇਸ਼ ਜਾਰੀ ਕਰਵਾਉਣੇ ਹੋਣਗੇ। ਉਦੋਂ ਤੋਂ ਲੈ ਕੇ ਹੁਣ ਤੱਕ ਗੋਲੀ ਸਿਰ 'ਚੋਂ ਕਢਵਾਉਣ ਲਈ ਪੀੜਤ ਦਰ-ਦਰ ਭਟਕ ਰਿਹਾ ਹੈ। ਗੈਂਗਸਟਰਾਂ ਦਾ ਖੌਫ ਇੰਨਾ ਹੈ ਕਿ ਉਸ ਦੀ ਕਈ ਵਾਰ ਕੁੱਟ-ਮਾਰ ਵੀ ਕੀਤੀ ਗਈ। ਉਸ ਦਾ ਸੱਜਾ ਪੈਰ ਕੰਮ ਨਹੀਂ ਕਰ ਰਿਹਾ, ਇਸ ਲਈ ਉਸ ਨੂੰ ਨੌਕਰੀ ਵੀ ਨਹੀਂ ਮਿਲ ਰਹੀ।

ਅਸੀਂ ਗੱਲ ਕਰ ਰਹੇ ਹਾਂ ਫੈਜ਼ਪੁਰਾ ਆਬਾਦੀ 'ਚ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ 'ਆਸ਼ੂ' ਦੇ ਜਿਗਰੀ ਦੋਸਤ ਸੋਨੂੰ ਦੀ, ਜੋ ਦੱਸਦਾ ਹੈ ਕਿ 2 ਸਤੰਬਰ 2017 ਦੀ ਗੱਲ ਹੈ, ਗੈਂਗਸਟਰ ਕੈਮੀ ਅਤੇ ਪਵਨ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਸੀ। ਪਵਨ ਨੇ ਹਵਾਈ ਫਾਇਰ ਪਿਸਤੌਲ ਨਾਲ ਕੀਤਾ ਸੀ, ਜਦੋਂ ਕਿ ਕੈਮੀ ਵੱਲੋਂ ਦੋਨਾਲੀ ਨਾਲ ਚਲਾਈ ਗਈ ਗੋਲੀ ਉਸ ਦੇ ਸਿਰ 'ਚ ਲੱਗੀ ਸੀ। ਗੋਲੀ ਦਿਮਾਗ ਕੋਲ ਅਤੇ ਕੰਨ 'ਚ ਜਾ ਕੇ ਫਸ ਗਈ। ਪੁਲਸ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੋਂ 5 ਸਤੰਬਰ 2017 ਨੂੰ ਬਿਨਾਂ ਗੋਲੀ ਕੱਢੇ ਉਸ ਨੂੰ ਛੁੱਟੀ ਦੇ ਦਿੱਤੀ ਗਈ।

ਸੋਨੂੰ ਦੇ ਸਿਰ 'ਚ 2 ਸਤੰਬਰ 2017 ਨੂੰ ਗੋਲੀ ਲੱਗੀ ਸੀ, 5 ਸਤੰਬਰ 2017 ਨੂੰ ਉਸ ਨੂੰ ਛੁੱਟੀ ਦੇ ਦਿੱਤੀ ਗਈ। ਅੱਜ ਪੂਰੇ 2 ਸਾਲ 6 ਮਹੀਨੇ 12 ਦਿਨ ਹੋ ਗਏ ਹਨ ਗੋਲੀ ਲੱਗੇ ਨੂੰ। ਸੋਨੂੰ ਨੂੰ ਗੈਂਗਸਟਰ ਲਾਪ੍ਰਵਾਹੀ ਨਾਲ ਤਿਆਗ ਦੇਣ ਦੇ 2 ਮਹੀਨੇ ਬਾਅਦ ਗਲੀ ਤੋਂ ਅਗਵਾ ਕਰ ਕੇ ਆਪਣੇ ਘਰ ਲੈ ਗਏ, ਜਿਥੇ ਉਸ ਨੂੰ 7-8 ਗੈਂਗਸਟਰਾਂ ਨੇ ਮਿਲ ਕੇ ਇੰਨਾ ਕੁੱਟਿਆ ਕਿ ਉਹ ਬਿਨਾਂ ਸਹਾਰੇ ਚੱਲ ਵੀ ਨਹੀਂ ਸਕਦਾ। ਸੋਨੂੰ ਇੰਨੀ ਦਹਿਸ਼ਤ ਵਿਚ ਹੈ ਕਿ ਉਹ ਘਰੋਂ ਬਾਹਰ ਨਹੀਂ ਨਿਕਲਦਾ। ਕਈ-ਕਈ ਮਹੀਨੇ ਆਪਣੇ ਰਿਸ਼ਤੇਦਾਰਾਂ ਦੇ ਇਥੇ ਸ਼ਰਨ ਲੈ ਕੇ ਰਹਿ ਰਿਹਾ ਹੈ। ਕਹਿੰਦਾ ਹੈ ਕਿ ਮੈਨੂੰ ਮਾਰਨ ਦੀਆਂ ਧਮਕੀਆਂ ਅੱਜ ਵੀ ਮਿਲ ਰਹੀਆਂ ਹਨ। ਹਾਲਾਂਕਿ ਸੋਨੂੰ 'ਤੇ ਗੋਲੀ ਚਲਾਉਣ ਵਾਲੇ ਦੋਵਾਂ ਗੈਂਗਸਟਰਾਂ ਨੂੰ ਪੁਲਸ ਨੇ ਹੱਤਿਆਕਾਂਡ ਦੇ ਬਾਅਦ ਜਲਦੀ ਗ੍ਰਿਫਤਾਰ ਕਰ ਲਿਆ ਪਰ ਉਨ੍ਹਾਂ ਦੇ ਗੈਂਗ ਦੇ ਬਾਕੀ ਲੋਕ ਅਜੇ ਵੀ ਫਰਾਰ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

'ਜਗ ਬਾਣੀ' ਨੇ ਇਸ ਮਾਮਲੇ 'ਚ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਸ਼ਿਵਚਰਨ ਸਿੰਘ ਨਾਲ ਗੱਲ ਕਰ ਕੇ ਜਾਣਿਆ ਕਿ ਆਖਿਰ ਗੋਲੀ ਕੱਢਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕਿਹੜੇ ਆਦੇਸ਼ ਲੈ ਕੇ ਆਇਆ ਜਾਵੇ, ਜਿਸ ਨਾਲ ਗੋਲੀ ਕੱਢੀ ਜਾ ਸਕੇ। ਡਾ. ਸ਼ਿਵਚਰਨ ਸਿੰਘ ਨੇ ਕਿਹਾ ਕਿ ਅਜਿਹਾ ਕੋਈ ਆਦੇਸ਼ ਲਿਆਉਣ ਦੀ ਲੋੜ ਨਹੀਂ ਹੈ, ਸਵੇਰੇ ਸੋਨੂੰ ਨੂੰ ਉਨ੍ਹਾਂ ਕੋਲ ਭੇਜ ਦੇਵੋ। ਮਾਮਲਾ ਪੁਰਾਣਾ ਹੈ। ਅਜਿਹੇ 'ਚ ਸੋਨੂੰ ਦਾ ਇਲਾਜ ਕਰਨ ਵਾਲੇ ਡਾ. ਰਾਕੇਸ਼ ਸ਼ਰਮਾ ਤੋਂ ਗੋਲੀ ਕਿਉਂ ਨਹੀਂ ਕੱਢੀ ਗਈ, ਬਾਰੇ ਉਨ੍ਹਾਂ ਤੋਂ ਜਾਣਕਾਰੀ ਲੈਣਗੇ। ਸੋਨੂੰ ਦੇ ਸਿਰ 'ਚੋਂ ਗੋਲੀ ਕੱਢ ਦਾ ਯਤਨ ਕੀਤਾ ਜਾਵੇਗਾ।

ਕਈ ਵਾਰ ਚੱਕਰ ਖਾ ਕੇ ਹੋ ਚੁੱਕਾ ਹਾਂ ਬੇਹੋਸ਼
ਸੋਨੂੰ ਕਈ ਵਾਰ ਚੱਕਰ ਖਾ ਕੇ ਬੇਹੋਸ਼ ਹੋ ਚੁੱਕਾ ਹੈ। ਦੱਸਦਾ ਹੈ ਕਿ ਕਈ ਵਾਰ ਸਿਰ 'ਚ ਤੇਜ਼ ਦਰਦ ਹੋਣ ਲੱਗਦਾ ਹੈ। ਅੱਖਾਂ 'ਚ ਹਨੇਰਾ ਛਾ ਜਾਂਦਾ ਹੈ। ਬੇਹੋਸ਼ੀ ਆ ਜਾਂਦੀ ਹੈ। ਯਾਦਦਾਸ਼ਤ ਵੀ ਘੱਟ ਹੋਣ ਲੱਗੀ ਹੈ। ਪ੍ਰਾਈਵੇਟ ਇਲਾਜ ਲਈ ਪੈਸਾ ਨਹੀਂ ਹੈ ਅਤੇ ਸਰਕਾਰੀ ਇਲਾਜ ਹੋ ਨਹੀਂ ਰਿਹਾ। ਪੈਰ ਨਾਕਾਮ ਹੋ ਗਿਆ ਹੈ। 23 ਸਾਲ ਦੀ ਉਮਰ ਵਿਚ ਮੇਰੀ ਜ਼ਿੰਦਗੀ 'ਚ ਗੈਂਗਸਟਰਾਂ ਨੇ ਇੰਨਾ ਜ਼ਹਿਰ ਘੋਲਿਆ ਹੈ ਕਿ ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਮੈਂ ਜ਼ਿੰਦਾ ਤਾਂ ਹਾਂ ਪਰ ਕਦੋਂ ਤੱਕ, ਇਹ ਰੱਬ ਹੀ ਜਾਣਦਾ ਹੈ।

 


Baljeet Kaur

Content Editor

Related News