ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ''ਚ ਵਿਚਾਰਿਆਂ ਜਾ ਸਕਦੈ ਹੈਲਮਟ ਦਾ ਮਾਮਲਾ
Sunday, Jul 22, 2018 - 03:47 PM (IST)

ਅੰਮ੍ਰਿਤਸਰ (ਬਿਊਰੋ) : ਅਕਾਲ ਤਖਤ ਵਿਖੇ 23 ਜੁਲਾਈ ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਿੱਖ ਬੀਬੀਆਂ ਲਈ ਹੈਲਮਟ ਪਹਿਨਣਾ ਲਾਜ਼ਮੀ ਕੀਤਾ ਜਾਣ ਦਾ ਮਾਮਲਾ ਵਿਚਾਰੇ ਜਾਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਅਦਾਲਤੀ ਆਦੇਸ਼ਾਂ 'ਤੇ ਸਿੱਖ ਬੀਬੀਆਂ ਲਈ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਿਰਫ ਉਨ੍ਹਾਂ ਸਿੱਖ ਬੀਬੀਆਂ ਨੂੰ ਹੀ ਰਾਹਤ ਦਿੱਤੀ ਜਾਵੇਗੀ, ਜੋ ਸਿਰ 'ਤੇ ਦਸਤਾਰ ਸਜਾਉਂਦੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਇਨ੍ਹਾਂ ਆਦੇਸ਼ਾਂ ਤੋਂ ਬਾਅਦ ਸਿੱਖ ਬੀਬੀਆਂ ਵਲੋਂ ਸਖਤ ਵਿਰੋਧ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੀਆਂ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀਆਂ ਸਿੱਖ ਬੀਬੀਆਂ ਵਲੋਂ ਇਸ ਸਬੰਧ 'ਚ ਬੀਤੇ ਦਿਨੀਂ ਵੀ ਮੀਟਿੰਗ ਕੀਤੀ ਗਈ ਸੀ। ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ 'ਚ ਕੀਤੀ ਗਈ ਸੀ।
ਇਨ੍ਹਾਂ ਬੀਬੀਆਂ ਨੇ ਹੈਲਮਟ ਪਾਉਣ ਦੇ ਆਦੇਸ਼ ਦਾ ਸਖਤ ਵਿਰੋਧ ਕਰਦਿਆਂ ਇਸ ਸਬੰਧੀ ਅਕਾਲ ਤਖਤ ਦੇ ਜਥੇਦਾਰ ਨੂੰ ਪੱਤਰ ਸੌਂਪਿਆ ਸੀ, ਜਿਸ 'ਚ ਇਸ ਮਾਮਲੇ ਬਾਰੇ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ। ਸਿੱਖ ਬੀਬੀਆਂ ਵਲੋਂ ਇਸ ਸਬੰਧ 'ਚ ਰਾਜਪਾਲ ਨੂੰ ਵੀ ਮਿਲਣ ਦਾ ਫੈਸਲਾ ਕੀਤਾ ਗਿਆ ਸੀ। 23 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਇਸ ਮਾਮਲੇ ਨੂੰ ਵਿਚਾਰਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਸਿੱਖ ਮੁੱਦੇ ਇਸ ਮੀਟਿੰਗ 'ਚ ਵਿਚਾਰੇ ਜਾਣਗੇ।