ਨਰਸ ਨੇ ਔਰਤ ਦੇ ਮਾਰਿਆ ਥੱਪੜ
Thursday, Feb 21, 2019 - 02:06 PM (IST)
ਅੰਮ੍ਰਿਤਸਰ : ਅੰਮ੍ਰਿਤਸਰ 'ਚ ਇਕ ਔਰਤ ਦੀ ਕੁੱਖ 'ਚ ਹੀ ਉਸ ਦੇ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੇਰਕਾ ਵਾਸੀ ਜੱਜ ਨੇ ਦੱਸਿਆ ਕਿ ਉਸ ਦੀ ਪਤਨੀ ਰਿਤੂ ਤਿੰਨ ਮਹੀਨੇ ਦੀ ਗਰਭਵਤੀ ਸੀ। ਚਾਰ ਦਿਨ ਪਹਿਲਾਂ ਉਸ ਦੇ ਢਿੱਡ ਵਿਚ ਤੇਜ਼ ਦਰਦ ਹੋਇਆ। ਉਹ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਲੈ ਗਏ। ਸਟਾਫ ਨੇ ਇਕ ਟੀਕਾ ਲਗਾਇਆ ਤੇ ਘਰ ਭੇਜ ਦਿੱਤਾ। ਮੰਗਲਵਾਰ ਅੱਧੀ ਰਾਤ ਨੂੰ ਰਿਤੂ ਨੂੰ ਅਚਾਨਕ ਫਿਰ ਦਰਦ ਸ਼ੁਰੂ ਹੋ ਗਿਆ। ਉਹ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲੈ ਗਏ, ਜਿਥੇ ਗਾਇਨੀ ਵਾਰਡ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਨਰਸ ਨੇ ਦੱਸਿਆ ਕਿ ਕੁੱਖ 'ਚ ਪਲ ਰਹੇ ਬੱਚੇ ਦੀ ਮੌਤ ਹੋ ਚੁੱਕੀ ਹੈ। ਗਰਭਪਾਤ ਕਰਵਾ ਕੇ ਭਰੂਣ ਨੂੰ ਬਾਹਰ ਕੱਢਿਆ ਜਾਵੇਗਾ।
ਉਸ ਨੇ ਦੱਸਿਆ ਕਿ ਰਿਤੂ ਨੇ ਪੂਰੀ ਬਾਂਹ ਵਾਲੇ ਕੱਪੜੇ ਪਹਿਨੇ ਹੋਏ ਸਨ। ਨਰਸ ਨੇ ਕਿਹਾ,''ਇਲਾਜ ਕਰਵਾਉਣ ਆਏ ਓ, ਕਿ ਫੈਸ਼ਨ ਦਿਖਾਉਣ। ਜਲਦੀ ਬਾਹਾਂ ਉੱਚੀਆਂ ਕਰੋ।'' ਸੂਟ ਤੰਗ ਹੋਣ ਕਾਰਨ ਰਿਤੂ ਨੂੰ ਬਾਹਾਂ ਫੋਲਡ ਕਰਨ 'ਚ ਸਮਾਂ ਲੱਗ ਗਿਆ। ਇਸ 'ਤੇ ਨਰਸ ਭੜਕ ਪਈ ਤੇ ਉਸ ਨੇ ਰਿਤੂ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਰਿਤੂ ਨੂੰ ਖਰੀਆਂ-ਖੋਟੀਆਂ ਸੁਣਾਈਆਂ। ਇਸ ਘਟਨਾ ਦੇ ਬਾਅਦ ਰਿਤੂ ਰੋਣ ਲੱਗ ਪਈ। ਜਦ ਉਨ੍ਹਾਂ ਨਰਸ ਤੋਂ ਦੁਰਵਿਵਹਾਰ ਦਾ ਕਾਰਨ ਪੁੱਛਿਆ ਤਾਂ ਉਸ ਨਾਲ ਵੀ ਦੁਰਵਿਵਹਾਰ ਕੀਤਾ। ਇਸ ਦੇ ਬਾਅਦ ਜਦ ਉਹ ਰਿਤੂ ਨੂੰ ਵਾਪਸ ਲਿਜਾਣ ਲੱਗੇ ਤਾਂ ਹਸਪਤਾਲ ਦੇ ਕੁਝ ਮੁਲਾਜ਼ਮਾਂ ਨੇ ਸ਼ਾਂਤ ਕਰਵਾਉਂਦੇ ਹੋਏ ਰਿਤੂ ਨੂੰ ਐਮਰਜੈਂਸੀ ਵਾਰਡ ਪਹੁੰਚਾਇਆ ਤੇ ਮਰ ਚੁੱਕੇ ਭਰੂਣ ਨੂੰ ਬਾਹਰ ਕੱਢਿਆ।ਜੱਜ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੀ ਨਰਸ ਨੇ ਜੋ ਵਿਵਹਾਰ ਕੀਤਾ ਹੈ, ਉਹ ਸਹਿਣਯੋਗ ਨਹੀਂ ਸੀ। ਇੰਨਾ ਹੀ ਨਹੀਂ ਗਰਭਪਾਤ ਲਈ ਸਰਜੀਕਲ ਸਾਮਾਨ ਤੇ ਦਵਾਈਆਂ ਵੀ ਉਸ ਕੋਲੋਂ ਬਾਹਰੋਂ ਮੰਗਵਾਈਆਂ ਗਈਆਂ। ਉਸ ਕੋਲ ਪੈਸੇ ਨਾ ਹੋਣ ਕਾਰਨ ਦਵਾਈਆਂ ਲਈ ਉਸ ਨੂੰ ਮੋਟਰਸਾਈਕਲ ਗਿਰਵੀ ਰੱਖਣਾ ਪਿਆ।
ਇਸ ਸਬੰਧੀ ਜਦੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੁਰਿੰਦਰਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਸ਼ਿਕਾਇਤ ਨਹੀਂ ਦਿੱਤੀ। ਜੇਕਰ ਨਰਸ 'ਤੇ ਦੋਸ਼ ਸਾਬਤ ਹੋਏ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।