ਦੁਬਈ ਗਈ ਸਰਬਜੀਤ ਭੇਤਭਰੇ ਹਾਲਾਤ ''ਚ ਤੀਜੀ ਮੰਜ਼ਿਲ ਤੋਂ ਡਿੱਗੀ
Sunday, Aug 04, 2019 - 01:05 PM (IST)

ਅੰਮ੍ਰਿਤਸਰ (ਸੰਜੀਵ) : ਪੈਸੇ ਕਮਾਉਣ ਖਾੜੀ ਦੇਸ਼ਾਂ 'ਚ ਜਾਣ ਵਾਲੇ ਭਾਰਤੀ ਕਈ ਵਾਰ ਮੁਸੀਬਤ 'ਚ ਫਸ ਜਾਂਦੇ ਹਨ, ਜਿਸ ਤੋਂ ਬਾਅਦ ਨਾ ਤਾਂ ਉਥੋਂ ਦੀ ਸਰਕਾਰ ਉਨ੍ਹਾਂ ਦਾ ਸਾਥ ਦਿੰਦੀ ਹੈ ਤੇ ਨਾ ਹੀ ਛੇਤੀ ਕਿਤੇ ਉਨ੍ਹਾਂ ਨੂੰ ਦੇਸ਼ ਤੋਂ ਕੋਈ ਰਾਹਤ ਪਹੁੰਚਾਈ ਜਾ ਸਕਦੀ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਜੇਲਾਂ ਤੱਕ ਕੱਟਣੀਆਂ ਪੈ ਜਾਂਦੀਆਂ ਹਨ। ਅਜਿਹੇ ਮਾਮਲਿਆਂ 'ਚ ਟ੍ਰੈਵਲ ਏਜੰਟ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੁੰਦੇ ਹਨ। ਏਜੰਟ ਬਿਨਾਂ ਜਾਣਕਾਰੀ ਦਿੱਤੇ ਆਪਣੇ ਸ਼ਿਕਾਰ ਨੂੰ ਖਾੜੀ ਦੇਸ਼ਾਂ 'ਚ ਭੇਜ ਕੇ ਮੋਟੀ ਰਕਮ ਤਾਂ ਲੈ ਲੈਂਦੇ ਹਨ ਪਰ ਲੋਕਾਂ ਦੀ ਜਾਨ ਜੋਖਮ 'ਚ ਪਾ ਦਿੰਦੇ ਹਨ।
ਅੱਜ 'ਜਗ ਬਾਣੀ' ਦਫ਼ਤਰ 'ਚ ਅਜਿਹਾ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ, ਜਿਸ ਵਿਚ ਟ੍ਰੈਵਲ ਏਜੰਟ ਦੀ ਸ਼ਿਕਾਰ ਹੋਈ ਸਰਬਜੀਤ ਕੌਰ ਦੁਬਈ ਦੇ ਇਕ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਟ੍ਰੈਵਲ ਏਜੰਟ ਨੇ ਉਸ ਨੂੰ ਦੁਬਈ ਭੇਜਿਆ, ਜਿਥੇ ਉਹ ਕੰਮ ਕਰਨ ਲੱਗੀ, ਜਦੋਂ ਉਸ ਦੇ ਬਦਲੇ ਉਸ ਨੂੰ ਤਨਖਾਹ ਨਹੀਂ ਦਿੱਤੀ ਗਈ ਤਾਂ ਉਹ ਭਾਰਤ ਆਉਣ ਦੀ ਜ਼ਿੱਦ ਕਰਨ ਲੱਗੀ।
ਇਹ ਹੈ ਮਾਮਲਾ
ਦੁਬਈ ਦੇ ਰਾਸ਼ਿਦ ਹਸਪਤਾਲ ਦੇ ਵਾਰਡ-30 ਦੇ ਕਮਰੇ ਨੰ. 8315 ਦੇ ਆਈ. ਸੀ. ਯੂ. ਵਿਚ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਸਰਬਜੀਤ ਕੌਰ ਦੇ ਜੀਜੇ ਅਵਤਾਰ ਮਸੀਹ ਨੇ ਦੱਸਿਆ ਕਿ ਉਸ ਦੀ ਸਾਲ਼ੀ ਨੂੰ ਟ੍ਰੈਵਲ ਏਜੰਟ ਮਬਰੂਬ ਮਸੀਹ ਵਾਸੀ ਚੰਡੀਗੜ੍ਹ ਪੱਤੀ ਕਾਲਾ ਅਫਗਾਨਾ ਨੇ 13 ਫਰਵਰੀ 2019 ਨੂੰ ਟੂਰਿਸਟ ਵੀਜ਼ੇ 'ਤੇ ਇਹ ਕਹਿ ਕੇ ਦੁਬਈ ਭੇਜਿਆ ਸੀ ਕਿ ਉਥੇ ਵੀਜ਼ਾ ਵਰਕ ਪਰਮਿਟ 'ਚ ਤਬਦੀਲ ਕਰਵਾ ਦਿੱਤਾ ਜਾਵੇਗਾ, ਜਦੋਂ ਸਰਬਜੀਤ ਕੌਰ ਦੁਬਈ ਪਹੁੰਚੀ ਤਾਂ ਉਸ ਨੂੰ ਉਥੇ ਘਰ 'ਚ ਨੌਕਰੀ ਲਈ ਰੱਖਿਆ ਗਿਆ। 5 ਮਹੀਨੇ ਕੰਮ ਕਰਨ ਤੋਂ ਬਾਅਦ ਉਸ ਨੂੰ ਡੇਢ ਮਹੀਨੇ ਦੀ ਤਨਖਾਹ ਦਿੱਤੀ ਗਈ, ਜਦੋਂ ਇਸ ਬਾਰੇ ਮਾਲਕਣ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਐਗਰੀਮੈਂਟ ਮੁਤਾਬਕ ਉਸ ਨੂੰ 10 ਮਹੀਨੇ ਫ੍ਰੀ ਵਿਚ ਕੰਮ ਕਰਨਾ ਹੋਵੇਗਾ, ਨਹੀਂ ਤਾਂ ਉਹ ਮਾਮਲੇ ਨੂੰ ਪੁਲਸ ਵਿਚ ਦੇ ਦੇਣਗੇ। ਪੁਲਸ ਦਾ ਡਰ ਦਿਖਾ ਕੇ ਸਰਬਜੀਤ ਕੌਰ ਤੋਂ ਜਬਰੀ ਕੰਮ ਕਰਵਾਇਆ ਜਾਣ ਲੱਗਾ। ਜਦੋਂ ਇਸ ਬਾਰੇ ਉਸ ਨੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਤਾਂ ਉਹ ਟ੍ਰੈਵਲ ਏਜੰਟ ਕੋਲ ਗਏ ਤਾਂ ਉਸ ਨੇ ਉਨ੍ਹਾਂ ਦਾ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ। ਘਰ ਵਾਲਿਆਂ ਨੇ ਸਰਬਜੀਤ ਕੌਰ ਨਾਲ ਆਖਰੀ ਵਾਰ 18 ਜੂਨ 2019 ਨੂੰ ਫੋਨ 'ਤੇ ਗੱਲ ਕੀਤੀ। ਉਸ ਨੇ ਕਿਹਾ ਕਿ ਮਾਲਕਣ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੀ ਹੈ। ਇਸ ਤੋਂ ਬਾਅਦ ਉਸ ਦੀ ਮਾਲਕਣ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਤੁਹਾਡੀ ਲੜਕੀ ਨੇ ਛੱਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਹੈ ਤੇ ਉਹ ਗੰਭੀਰ ਹਾਲਤ 'ਚ ਆਈ. ਸੀ. ਯੂ. ਵਿਚ ਇਲਾਜ ਅਧੀਨ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਪੂਰੀ ਘਟਨਾ ਨੂੰ ਸਰਬਜੀਤ ਕੌਰ ਦੀ ਮਾਲਕਣ ਨੇ ਅੰਜਾਮ ਦਿੱਤਾ ਹੈ। ਉਹ ਹਸਪਤਾਲ ਪ੍ਰਬੰਧਨ ਦੇ ਸੰਪਰਕ ਵਿਚ ਹੈ, ਜਿਥੇ ਸਰਬਜੀਤ ਕੌਰ ਦਾ ਇਲਾਜ ਚੱਲ ਰਿਹਾ ਹੈ।
ਜ਼ਿੰਦਗੀ ਭਰ ਚੱਲ ਨਹੀਂ ਸਕੇਗੀ ਸਰਬਜੀਤ
ਹੁਣ ਤੱਕ ਦੀ ਮਿਲੀ ਮੈਡੀਕਲ ਰਿਪੋਰਟ ਅਨੁਸਾਰ ਸਰਬਜੀਤ ਕੌਰ ਦਾ ਸੱਜਾ ਹਿੱਸਾ ਪੂਰੀ ਡੈਮੇਜ ਹੋ ਚੁੱਕਾ ਹੈ। ਡਾਕਟਰਾਂ ਅਨੁਸਾਰ ਉਹ ਕਿੰਨੇ ਸਾਲ ਜ਼ਿੰਦਾ ਰਹੇਗੀ, ਇਸ ਬਾਰੇ ਸਪੱਸ਼ਟ ਕਰਨਾ ਮੁਸ਼ਕਿਲ ਹੈ ਪਰ ਉਹ ਬਿਸਤਰੇ ਤੋਂ ਉਠ ਕੇ ਕਦੇ ਚੱਲ ਨਹੀਂ ਸਕੇਗੀ। ਪੂਰਾ ਜੀਵਨ ਅਪਾਹਜ ਦੀ ਤਰ੍ਹਾਂ ਬਤੀਤ ਕਰਨਾ ਹੋਵੇਗਾ। ਅਵਤਾਰ ਮਸੀਹ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੀ ਹੌਲੀ-ਹੌਲੀ ਪੁਸ਼ਟੀ ਹੋ ਰਹੀ ਹੈ ਕਿ ਉਸ ਦੀ ਸਾਲ਼ੀ ਨੂੰ ਉਸ ਦੀ ਮਾਲਕਣ ਜਾਂ ਉਸ ਦੇ ਰਿਸ਼ਤੇਦਾਰ ਵੱਲੋਂ ਤੀਜੀ ਮੰਜ਼ਿਲ ਤੋਂ ਸੁੱਟਿਆ ਗਿਆ ਹੈ। ਇਸ ਬਾਰੇ ਉਨ੍ਹਾਂ ਵਿਦੇਸ਼ ਮੰਤਰਾਲਾ, ਪ੍ਰਧਾਨ ਮੰਤਰੀ ਤੇ ਹਿਊਮਨ ਰਾਈਟਸ ਨੂੰ ਵੀ ਪੱਤਰ ਲਿਖੇ ਹਨ ਤਾਂ ਕਿ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਅਵਤਾਰ ਮਸੀਹ ਨੇ ਦੱਸਿਆ ਕਿ ਉਨ੍ਹਾਂ ਟ੍ਰੈਵਲ ਏਜੰਟ ਬਾਰੇ ਫਤਿਹਗੜ੍ਹ ਚੂੜੀਆਂ ਦੇ ਡੀ. ਐੱਸ. ਪੀ. ਨੂੰ 22 ਜੂਨ ਨੂੰ ਸ਼ਿਕਾਇਤ ਦਿੱਤੀ ਸੀ ਪਰ ਅੱਜ ਤੱਕ ਪੁਲਸ ਨੇ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਡੀ. ਸੀ. ਪੀ. ਫਤਿਹਗੜ੍ਹ ਚੂੜੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਉਪਰੰਤ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਰਿਪੋਰਟ ਬਣਾ ਕੇ ਭੇਜ ਦਿੱਤੀ ਗਈ ਹੈ।