ਅੱਧੀ ਦਰਜਨ ਡਾਕਟਰ ਸਿਹਤ ਅਫਸਰ ਬਣਨ ਦੀ ਦੌੜ ''ਚ ਸ਼ਾਮਿਲ

07/11/2018 10:58:42 AM

ਅੰਮ੍ਰਿਤਸਰ (ਵੜੈਚ) : ਨਗਰ ਨਿਗਮ ਦੇ ਸਿਹਤ ਅਫਸਰ ਲੱਗਣ ਲਈ ਕਈ ਡਾਕਟਰ ਰਾਜਸੀ ਲੀਡਰਾਂ ਦੀ ਸ਼ਰਨ 'ਚ ਪਹੁੰਚੇ ਗਏ ਹਨ। ਨਗਰ ਨਿਗਮ ਦੇ ਉਪਰੋਕਤ ਅਹੁਦੇ ਦੀ ਦੌੜ ਲਈ ਹੁਣ ਤੱਕ ਅੱਧੀ ਦਰਜਨ ਤੋਂ ਵੱਧ ਡਾਕਟਰਾਂ ਦੀ ਟੀਮ ਸ਼ਾਮਿਲ ਹੈ। ਜ਼ਿਲਾ ਤਰਨਤਾਰਨ ਦੇ ਸਿਵਲ ਸਰਜਨ ਦਫਤਰ 'ਚ ਤਾਇਨਾਤ ਇਕ ਡਾਕਟਰ ਦਾ ਨਾਂ ਸਿਹਤ ਅਫਸਰ ਲਈ ਦਾਅਵੇਦਾਰਾਂ 'ਚ ਸਭ ਤੋਂ ਮਜ਼ਬੂਤ ਸਾਹਮਣੇ ਆ ਰਿਹਾ ਹੈ। ਬਾਕੀ ਹੈਲਥ ਅਫਸਰ ਦੀ ਖਾਲੀ ਪਈ ਕੁਰਸੀ 'ਤੇ ਜੋ ਡਾਕਟਰ ਬਿਰਾਜਮਾਨ ਹੋਣਗੇ, ਉਸ ਨੂੰ ਨਾਮਵਰ ਨੇਤਾ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ। ਸ਼ਰਾਬ-ਕਬਾਬ ਦਾ ਕਾਫੀ ਸ਼ੌਕੀਨ ਇਕ ਡਾਕਟਰ ਵੀ ਹੈਲਥ ਅਧਿਕਾਰੀ ਤਾਇਨਾਤ ਹੋਣ ਲਈ ਹੱਥ-ਪੈਰ ਮਾਰ ਰਿਹਾ ਹੈ। ਨਗਰ ਨਿਗਮ ਦੇ ਹੈਲਥ ਵਿਭਾਗ 'ਚ ਡਾ. ਲਹਿੰਬਰ ਸਿੰਘ, ਡਾ. ਰਾਕੇਸ਼ ਭਾਰਤੀ, ਡਾ. ਸੁਭਾਸ਼ ਸ਼ਰਮਾ, ਡਾ. ਯੋਗੇਸ਼ ਸ਼ਰਮਾ, ਡਾ. ਚਰਨਜੀਤ ਸਿੰਘ. ਡਾ. ਅਜੇ ਕੁੰਵਰ, ਡਾ. ਰਾਜੂ ਚੌਹਾਨ ਆਦਿ ਸੇਵਾਵਾਂ ਅਦਾ ਕਰ ਚੁੱਕੇ ਹਨ। 
ਨਵੇਂ ਹੈਲਥ ਅਫਸਰ ਜਦੋਂ ਤੱਕ ਨਹੀਂ ਆਉਣਗੇ, ਉਦੋਂ ਤੱਕ ਡਾ. ਨਵਜੋਤ ਕੌਰ ਆਰਜ਼ੀ ਤੌਰ 'ਤੇ ਤਾਇਨਾਤ ਕੀਤੇ ਗਏ ਹਨ। ਸਿਹਤ ਅਫਸਰ ਦੀ ਕੁਰਸੀ 'ਤੇ ਬਿਰਾਜਮਾਨ ਹੋਣਾ ਸਿਰ 'ਤੇ ਕੰਡਿਆਂ ਦਾ ਤਾਜ ਸਜਾਉਣ ਤੋਂ ਘੱਟ ਨਹੀਂ ਹੈ। ਭਗਤਾਂਵਾਲਾ ਡੰਪ, ਡੰਪ 'ਤੇ ਜਾਣ ਵਾਲੇ ਕੂੜੇ ਦੀਆਂ ਮੁਸ਼ਕਿਲਾਂ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਦੇਰੀ, ਮਸ਼ੀਨਰੀ ਦੀ ਘਾਟ ਤੇ ਤੇਲ ਦੇ ਹੇਰ-ਫੇਰ ਸਮੇਤ ਕਈ ਅਜਿਹੀਆਂ ਚੁਣੌਤੀਆਂ ਹੋਰ ਵੀ ਹੋਣਗੀਆਂ, ਜਿਨ੍ਹਾਂ ਦਾ ਹੈਲਥ ਅਫਸਰ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। 


Related News