ਲਾਸ਼ ਦਫਨਾਉਣ ਨੂੰ ਲੈ ਕੇ ਕ੍ਰਿਸ਼ਚੀਅਨ ਭਾਈਚਾਰੇ ਅਤੇ ਪਿੰਡ ਵਾਸੀਆਂ ''ਚ ਖੜਕੀ, ਘੰਟਿਆਂਬੱਧੀ ਉਲਝੇ

07/17/2019 3:09:28 PM

ਅੰਮ੍ਰਿਤਸਰ (ਸੰਜੀਵ, ਗੁਰਪ੍ਰੀਤ) : ਲਾਸ਼ ਦਫਨਾਉਣ ਨੂੰ ਲੈ ਕੇ ਅੱਜ ਕ੍ਰਿਸ਼ਚੀਅਨ ਭਾਈਚਾਰੇ ਅਤੇ ਪਿੰਡ ਭਰਾੜੀਵਾਲ ਦੇ ਲੋਕਾਂ 'ਚ ਖੜਕ ਗਈ। ਦਿਨ ਭਰ ਉਲਝਣ ਦੇ ਮਾਹੌਲ ਨੂੰ ਭਾਰੀ ਪੁਲਸ ਬਲ ਦੀ ਹਾਜ਼ਰੀ 'ਚ ਕਾਬੂ ਕੀਤਾ ਗਿਆ ਅਤੇ ਦੋਵਾਂ ਧਿਰਾਂ 'ਚ ਸਮਝੌਤਾ ਕਰਵਾ ਕੇ ਸ਼ਾਮ 4:30 ਵਜੇ ਦੇ ਕਰੀਬ ਲਾਸ਼ ਨੂੰ ਦਫਨਾਇਆ ਗਿਆ। ਪੰਜਾਬ ਸਰਕਾਰ ਵੱਲੋਂ ਕ੍ਰਿਸ਼ਚੀਅਨ ਭਾਈਚਾਰੇ ਨੂੰ ਲਾਸ਼ ਦਫਨਾਉਣ ਲਈ ਜ਼ਮੀਨ ਦਿੱਤੀ ਗਈ ਸੀ, ਜਦੋਂ ਕਿ ਪਿੰਡ ਭਰਾੜੀਵਾਲ ਦੇ ਲੋਕ ਉਥੇ ਖੇਡ ਮੈਦਾਨ ਬਣਾਉਣ ਦੇ ਹੱਕ ਵਿਚ ਸਨ, ਜਿਸ ਨੂੰ ਲੈ ਕੇ ਦੋਵੇਂ ਧਿਰਾਂ ਕਈ ਮਹੀਨਿਆਂ ਤੋਂ ਆਹਮੋ-ਸਾਹਮਣੇ ਸਨ ਅਤੇ ਰਾਜਨੇਤਾ ਉਨ੍ਹਾਂਂ ਵਿਚ ਲਗਾਤਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕੋਈ ਵੀ ਧਿਰ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ। ਅੱਜ ਸਥਿਤੀ ਉਸ ਸਮੇਂ ਤਣਾਅ ਭਰੀ ਹੋ ਗਈ, ਜਦੋਂ ਈਸਾਈ ਭਾਈਚਾਰੇ ਵੱਲੋਂ ਗੁਲਸ਼ਨ ਮਸੀਹ ਵਾਸੀ ਖਾਈ ਮੁਹੱਲੇ ਦੀ ਲਾਸ਼ ਨੂੰ ਦਫਨਾਉਣ ਲਈ ਗਰਾਊਂਡ 'ਚ ਲਿਜਾਇਆ ਗਿਆ, ਜਿਥੇ ਪਿੰਡ ਵਾਲੇ ਵੀ ਇਕੱਠੇ ਹੋ ਕੇ ਮੌਕੇ 'ਤੇ ਪਹੁੰਚ ਗਏ। ਇਸ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਕੇਂਦਰੀ ਸੁਖਪਾਲ ਸਿੰਘ ਅਤੇ ਥਾਣਾ ਗੇਟ ਹਕੀਮਾਂ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਵਿਗੜ ਰਹੀ ਸਥਿਤੀ ਨੂੰ ਕਾਬੂ ਕੀਤਾ। ਮੌਕੇ 'ਤੇ ਪੁੱਜੇ ਨਗਰ ਨਿਗਮ ਦੇ ਡਿਪਟੀ ਮੇਅਰ ਯੂਨਿਸ ਮਸੀਹ ਨੇ ਪੁਲਸ ਦੀ ਹਾਜ਼ਰੀ 'ਚ ਦੋਵਾਂ ਧਿਰਾਂ 'ਚ ਸਮਝੌਤਾ ਕਰਵਾਇਆ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੀ ਗਈ ਜ਼ਮੀਨ ਦੇ ਕਾਗਜ਼ ਦਿੱਤੇ।

ਇਹ ਹੈ ਮਾਮਲਾ- ਕ੍ਰਿਸ਼ਚੀਅਨ ਭਾਈਚਾਰਾ ਕਿਲਾ ਗੋਬਿੰਦਗੜ੍ਹ ਦੇ ਨੇੜੇ ਬਣੇ ਮੁਰਦਾਘਰ 'ਚ ਪਿਛਲੇ ਕਈ ਸਾਲਾਂ ਤੋਂ ਲਾਸ਼ਾਂ ਦਫਨਾ ਰਿਹਾ ਸੀ ਪਰ ਸੁਰੱਖਿਆ ਕਾਰਨਾਂ ਕਰ ਕੇ ਭਾਰਤੀ ਸੈਨਾ ਵੱਲੋਂ ਕਿਲਾ ਗੋਬਿੰਦਗੜ੍ਹ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਘੇਰੇ 'ਚ ਲੈ ਲਿਆ ਗਿਆ ਸੀ, ਜਿਸ ਤੋਂ ਬਾਅਦ ਕ੍ਰਿਸ਼ਚੀਅਨ ਭਾਈਚਾਰੇ ਨੂੰ ਮੁਰਦਾ ਦਫਨਾਉਣ 'ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਪੱਤਰ ਨੰਬਰ ਈ. ਓ./2026 ਜ਼ਰੀਏ ਈਸਾਈ ਭਾਈਚਾਰੇ ਨੂੰ ਮੁਰਦੇ ਦਫਨਾਉਣ ਲਈ ਪਿੰਡ ਭਰਾੜੀਵਾਲ ਦੇ ਖਸਰਾ ਨੰਬਰ 81/82 ਵਿਚ 8 ਕਨਾਲ 18 ਮਰਲੇ ਜ਼ਮੀਨ ਅਲਾਟ ਕਰ ਦਿੱਤੀ ਸੀ, ਜਿਸ ਦੇ ਕਾਗਜ਼ ਨਗਰ ਨਿਗਮ ਦੇ ਮੇਅਰ ਵੱਲੋਂ ਈਸਾਈ ਭਾਈਚਾਰੇ ਨੂੰ ਕੁਝ ਸ਼ਰਤਾਂ ਦੇ ਆਧਾਰ 'ਤੇ ਦੇ ਦਿੱਤੇ ਗਏ ਸਨ। ਜ਼ਮੀਨ ਦੀ ਇਸ ਅਲਾਟਮੈਂਟ ਤੋਂ ਬਾਅਦ ਪਿੰਡ ਭਰਾੜੀਵਾਲ ਦੇ ਲੋਕ ਇਸ 'ਤੇ ਅੜ ਗਏ ਅਤੇ ਉਥੇ ਬੱਚਿਆਂ ਲਈ ਖੇਡ ਦਾ ਮੈਦਾਨ ਬਣਾਉਣ ਦੀ ਮੰਗ ਕਰਨ ਲੱਗੇ। ਅੱਜ ਜਦੋਂ ਈਸਾਈ ਭਾਈਚਾਰੇ ਵੱਲੋਂ ਗੁਲਸ਼ਨ ਮਸੀਹ ਦੀ ਲਾਸ਼ ਨੂੰ ਦਫਨਾਉਣ ਲਈ ਲਿਜਾਇਆ ਗਿਆ ਤਾਂ ਉਸ ਸਮੇਂ ਪਿੰਡ ਭਰਾੜੀਵਾਲ ਦੇ ਲੋਕ ਵੀ ਉਥੇ ਪਹੁੰਚ ਗਏ ਅਤੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਕਰੀਬ 6 ਘੰਟੇ ਚੱਲੀ ਇਸ ਤਣਾਅਪੂਰਨ ਸਥਿਤੀ ਤੋਂ ਬਾਅਦ ਦੋਵਾਂ ਧਿਰਾਂ 'ਚ ਸਮਝੌਤਾ ਕਰਵਾਇਆ ਗਿਆ ਅਤੇ ਲਾਸ਼ ਨੂੰ ਦਫਨਾ ਦਿੱਤਾ ਗਿਆ।

ਈਸਾਈ ਭਾਈਚਾਰੇ ਲਈ ਪੰਜਾਬ ਸਰਕਾਰ ਨੇ ਅਲਾਟ ਕੀਤੀ ਸੀ ਜ਼ਮੀਨ : ਡਿਪਟੀ ਮੇਅਰ
ਡਿਪਟੀ ਮੇਅਰ ਯੂਨਿਸ ਮਸੀਹ ਦਾ ਕਹਿਣਾ ਹੈ ਕਿ ਈਸਾਈ ਭਾਈਚਾਰੇ ਲਈ ਇਹ ਜ਼ਮੀਨ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੀ ਗਈ ਸੀ, ਜਿਸ ਸਬੰਧੀ ਉਨ੍ਹਾਂ ਨੂੰ ਪੱਤਰ ਨੰਬਰ 16603/793 ਵਿਚ ਜ਼ਮੀਨ ਦੇ ਸਾਰੇ ਅਧਿਕਾਰ ਦਿੱਤੇ ਗਏ ਸਨ ਤਾਂ ਕਿ ਈਸਾਈ ਭਾਈਚਾਰਾ ਲਾਸ਼ਾਂ ਨੂੰ ਇਥੇ ਦਫਨਾ ਸਕੇਗਾ। ਕੁਝ ਪਿੰਡ ਵਾਲਿਆਂ ਅਤੇ ਈਸਾਈ ਭਾਈਚਾਰੇ ਵਿਚ ਗਲਤ ਫਹਿਮੀ ਸੀ, ਜਿਸ ਨੂੰ ਅੱਜ ਮਿਲ ਕੇ ਸੁਲਝਾ ਲਿਆ ਗਿਆ ਹੈ।
 


Baljeet Kaur

Content Editor

Related News