ਕੋਰੋਨਾਵਾਇਰਸ : ਸਿਹਤ ਵਿਭਾਗ ਅਲਰਟ, ਡਾਕਟਰਾਂ ਨੂੰ 24 ਘੰਟੇ ਡਿਊਟੀ ''ਤੇ ਰਹਿਣ ਦੇ ਹੁਕਮ

03/05/2020 11:09:51 AM

ਅੰਮ੍ਰਿਤਸਰ (ਦਲਜੀਤ) : ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਜਾਣ ਤੋਂ ਬਾਅਦ ਪੰਜਾਬ ਦਾ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਚੌਕਸ ਹੋ ਗਿਆ ਹੈ। ਵਿਭਾਗ ਵਲੋਂ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਜ਼ਿਲਾ ਪੱਧਰੀ ਸਿਵਲ ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਸਮੇਤ ਜ਼ਿਲੇ ਦੇ 30 ਪ੍ਰਾਈਵੇਟ ਹਸਪਤਾਲਾਂ 'ਚ ਵਿਸ਼ੇਸ਼ ਆਈਸੋਲੇਸ਼ਨ ਵਾਰਡਾਂ ਬਣਾ ਕੇ 40 ਦੇ ਕਰੀਬ ਵੈਂਟੀਲੇਟਰਾਂ ਦਾ ਪ੍ਰਬੰਧ ਕਰ ਲਿਆ ਹੈ। ਵਿਭਾਗ ਵਲੋਂ ਨਾਲ ਹੀ ਜਿੱਥੇ ਸਰਕਾਰੀ ਹਸਪਤਾਲਾਂ ਦੇ ਸਟਾਫ ਨੂੰ 24 ਘੰਟੇ ਡਿਊਟੀ 'ਤੇ ਮੁਸਤੈਦ ਰਹਿਣ ਦੇ ਹੁਕਮ ਦਿੱਤੇ ਹਨ, ਉਥੇ ਹੀ ਵਿਭਾਗ ਨੇ ਜ਼ਿਲੇ ਦੇ ਵਿੱਦਿਅਕ ਅਦਾਰਿਆਂ ਨੂੰ ਵਾਇਰਸ ਦੇ ਸਬੰਧ 'ਚ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਭਾਗ ਦੀਆਂ ਟੀਮਾਂ ਅਟਾਰੀ ਬਾਰਡਰ ਅਤੇ ਅੰਤਰਰਾਸ਼ਟਰੀ ਏਅਰਪੋਰਟ 'ਤੇ ਟੀਮਾਂ ਦਾ ਗਠਨ ਕਰ ਕੇ ਵਿਦੇਸ਼ ਤੋਂ ਆਉਣ ਵਾਲੇ ਹਰੇਕ ਨਾਗਰਿਕ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਜਾਣ ਤੋਂ ਬਾਅਦ ਜਿੱਥੇ ਲੋਕਾਂ 'ਚ ਭਾਰੀ ਦਹਿਸ਼ਤ ਹੈ, ਉਥੇ ਹੀ ਸਿਹਤ ਵਿਭਾਗ ਵਲੋਂ ਸਰਹੱਦੀ ਜ਼ਿਲੇ ਅੰਮ੍ਰਿਤਸਰ 'ਚ ਵਾਇਰਸ ਨਾਲ ਨਜਿੱਠਣ ਲਈ ਤਿਆਰੀਆਂ ਮੁਕੰਮਲ ਕਰ ਰੱਖੀਆਂ ਹਨ। ਇਸ ਤੋਂ ਪਹਿਲਾਂ ਇਸ ਵਾਇਰਸ ਨੇ ਚੀਨ 'ਚ ਆਪਣੀ ਕਰੋਪੀ ਫੈਲਾਈ ਹੋਈ ਹੈ, ਚੀਨ 'ਚ ਹੁਣ ਤੱਕ ਕਈ ਮਰੀਜ਼ ਇਸ ਵਾਇਰਸ ਦੀ ਲਪੇਟ 'ਚ ਆਉਣ ਨਾਲ ਮੌਤ ਦਾ ਸ਼ਿਕਾਰ ਹੋ ਗਏ ਹਨ। ਸਿਹਤ ਵਿਭਾਗ ਨੇ ਅੰਮ੍ਰਿਤਸਰ ਸਮੇਤ ਪ੍ਰਮੁੱਖ ਸ਼ਹਿਰਾਂ 'ਚ ਹਰ ਹਾਲਾਤ ਨਾਲ ਨਜਿੱਠਣ ਲਈ ਸਰਕਾਰੀ ਹਸਪਤਾਲਾਂ 'ਚ ਆਈਸੋਲੇਸ਼ਨ ਵਾਰਡਾਂ ਬਣਾ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਵਿਭਾਗ ਨੇ ਅੰਮ੍ਰਿਤਸਰ 'ਚ ਜ਼ਿਲਾ ਪੱਧਰ ਸਿਵਲ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ 'ਚ 8-8 ਬੈੱਡਾਂ ਦੀ ਸਪੈਸ਼ਲ ਆਈਸੋਲੇਸ਼ਨ ਵਾਰਡ ਬਣਾ ਦਿੱਤੀ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਹਸਪਤਾਲ 'ਚ 10 ਬੈੱਡਾਂ ਦੀ ਹੋਰ ਵਿਸ਼ੇਸ਼ ਵਾਰਡ ਬਣਾਈ ਜਾ ਰਹੀ ਹੈ। ਉਕਤ ਬੀਮਾਰੀ ਦੇ ਮਰੀਜ਼ਾਂ ਦੇ ਲਈ ਵਿਸ਼ੇਸ਼ ਵੈਂਟੀਲੇਟਰ ਦਾ ਪ੍ਰਬੰਧ ਗਿਆ ਹੈ, ਜਦਕਿ ਤਹਿਸੀਲ ਬਾਬਾ ਬਕਾਲਾ, ਅਜਨਾਲਾ ਦੇ ਸਰਕਾਰੀ ਹਸਪਤਾਲਾਂ ਵਿਚ ਵੀ ਆਈਸੋਲੇਸ਼ਨ ਵਾਰਡਾਂ ਬਣਾ ਦਿੱਤੀਆਂ ਹਨ। ਵਿਭਾਗ ਨੇ ਜ਼ਿਲੇ ਦੇ ਪ੍ਰਮੁੱਖ 30 ਪ੍ਰਾਈਵੇਟ ਹਸਪਤਾਲਾਂ ਨਾਲ ਸੰਪਰਕ ਕਰ ਕੇ 10-10 ਬੈੱਡ ਦੀਆਂ ਵਿਸ਼ੇਸ਼ ਵਾਰਡਾਂ ਬਣਾ ਕੇ 25 ਵੈਂਟੀਲੇਟਰ ਦਾ ਪ੍ਰਬੰਧ ਕਰ ਲਿਆ ਹੈ। ਕੁੱਲ ਮਿਲਾ ਕੇ 350 ਦੇ ਕਰੀਬ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਵਿਭਾਗ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਬਣਾਈਆਂ ਗਈਆਂ ਵਾਰਡਾਂ 'ਚ ਮੈਡੀਸਨ, ਛਾਤੀ ਰੋਗ ਮਾਹਰ ਆਦਿ ਸਪੈਸ਼ਲਿਸਟ ਡਾਕਟਰ ਦੀਆਂ ਟੀਮਾਂ ਨੂੰ ਤਾਇਨਾਤ ਕਰ ਕੇ ਰੱਖਿਆ ਹੋਇਆ ਹੈ। ਵਾਇਰਸ ਨੂੰ ਲੈ ਕੇ ਰਾਜ ਦੇ ਲੋਕਾਂ 'ਚ ਵੀ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਜਦੋਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ 'ਚ ਬਣਾਈ ਗਈ ਆਈਸੋਲੇਸ਼ਨ ਵਾਰਡ ਦੀ ਜਾਂਚ ਕੀਤੀ ਗਈ ਤਾਂ ਵੇਖਿਆ ਗਿਆ ਕਿ ਵਿਭਾਗ ਦੇ ਨਿਰਦੇਸ਼ਾਂ 'ਤੇ ਵਾਰਡ 'ਚ ਹਰ ਤਰ੍ਹਾਂ ਦੀਆਂ ਦਵਾਈਆਂ, ਆਕਸੀਜ਼ਨ ਨੇਬੁਲਾਇਜ਼ਰ ਮਾਰਕਸ ਪੀ. ਪੀ. ਟੀ. ਕਿੱਟ ਗਲੂਕੋਜ਼ ਵੈਂਟੀਲੇਟਰ ਆਦਿ ਦਾ ਪੁਖਤਾ ਪ੍ਰਬੰਧ ਕੀਤਾ ਹੋਇਆ ਸੀ, ਕਿਸੇ ਮਰੀਜ਼ ਨੂੰ ਦੂਜੇ ਮਰੀਜ਼ ਤੋਂ ਇੰਫੈਕਸ਼ਨ ਨਾ ਹੋਵੇ ਇਸ ਲਈ ਸਿਵਲ ਹਸਪਤਾਲ 'ਚ ਵਿਸ਼ੇਸ਼ ਤੌਰ 'ਤੇ ਇਕ ਕਮਰੇ 'ਚ 2-2 ਹੀ ਬੈੱਡ ਲਾਏ ਹੋਏ ਸਨ। ਹਸਪਤਾਲ 'ਚ ਆਉਣ ਵਾਲੀ ਆਮ ਪਬਲਿਕ ਨੂੰ ਇਸ ਬਾਰੇ ਜਾਣੂ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਫਲੂ ਕਾਰਨਰ ਬਣਾਇਆ ਹੋਇਆ ਸੀ, ਜਿਸ 'ਚ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਇਲਾਵਾ ਸਵਾਈਨ ਫਲੂ ਦੇ ਸਬੰਧ 'ਚ ਜਾਣਕਾਰੀ ਉਪਲੱਬਧ ਕਰਵਾਈ ਜਾ ਰਹੀ ਸੀ।

ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ ਹੋਏ ਦਾਖਲ

ਸਾਹ ਦੇ ਜ਼ਰੀਏ ਫੈਲਦਾ ਹੈ ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਸਾਹ ਰਾਹੀਂ ਫੈਲਦਾ ਹੈ ਅਤੇ ਇਸ ਤੋਂ ਵਾਇਰਲ ਹੋਣ ਅਤੇ ਰੋਗ ਦੇ ਹੋਰ ਫੈਲਣ ਦਾ ਸ਼ੱਕ ਬਣਿਆ ਰਹਿੰਦਾ ਹੈ। ਇਸਦੇ ਅਸਰ ਕਾਰਣ ਸਰਦੀ ਜ਼ੁਕਾਮ ਹੁੰਦਾ ਹੈ। ਵਿਭਾਗ ਵੱਲੋਂ ਦਿੱਤੀ ਗਈ ਗਾਈਡਲਾਈਨ 'ਚ ਹੁਣ ਤੱਕ ਇਹੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਸਾਹ ਰੋਗ ਨਾਲ ਫੈਲਣ ਵਾਲੇ ਇਸ ਵਾਇਰਸ ਦੇ ਸਬੰਧ 'ਚ ਜਾਣੂ ਕਰਵਾਇਆ ਜਾਵੇ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਕੋਰੋਨਾ ਵਾਇਰਸ ਦੀ ਸਬੰਧਤ ਦਵਾਈ ਬਣਾਉਣ 'ਚ ਹੁਣ ਤੱਕ ਅਸਫਲ ਹੈ। ਆਰਗੇਨਾਈਜ਼ੇਸ਼ਨ ਦੇ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਨੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ੁਕਾਮ, ਖਾਂਸੀ, ਬੁਖਾਰ ਆਦਿ ਲੱਛਣਾਂ ਵਾਲੇ ਮਰੀਜ਼ਾਂ ਦਾ ਉਕਤ ਰੋਗ ਦੇ ਆਧਾਰ 'ਤੇ ਇਲਾਜ ਕੀਤਾ ਜਾਵੇ। ਚੀਨ 'ਚ ਵੀ ਜਿਨ੍ਹਾਂ ਲੋਕਾਂ ਦਾ ਐਮਿਊਨ ਸਿਸਟਮ ਕਮਜ਼ੋਰ ਸੀ ਉਨ੍ਹਾਂ ਨੂੰ ਇਸ ਵਾਇਰਸ ਨੇ ਜ਼ਿਆਦਾਤਰ ਤੌਰ 'ਤੇ ਆਪਣਾ ਸ਼ਿਕਾਰ ਬਣਾਇਆ ਹੈ।

ਅੰਤਰਰਾਸ਼ਟਰੀ ਏਅਰਪੋਰਟ 'ਤੇ ਤਿੰਨ ਫਲਾਈਟਾਂ ਦੀ ਰੋਜ਼ਾਨਾ ਹੋ ਰਹੀ ਹੈ ਸਕਰੀਨਿੰਗ
ਸਿਹਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਏਅਰਪੋਰਟ 'ਤੇ 15 ਮੈਡੀਕਲ ਅਧਿਕਾਰੀਆਂ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਟੀਮਾਂ ਵੱਲੋਂ ਏਅਰ ਇੰਡੀਆ ਅਤੇ ਸਕੂਟ ਦੀਆਂ ਫਲਾਈਟਾਂ ਰਾਹੀਂ ਆਉਣ ਵਾਲੇ ਮੁਸਾਫਰਾਂ ਦੀ ਰੋਜ਼ਾਨਾ ਸਕਰੀਨਿੰਗ ਕਰ ਰਹੀ ਹੈ। ਟੀਮ 'ਚ ਤਾਇਨਾਤ ਡਾਕਟਰਾਂ ਨੂੰ ਕੋਈ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਉਹ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਰਹੇ ਹਨ ਅਤੇ ਰੋਜ਼ਾਨਾ ਦੀ ਰਿਪੋਰਟ ਵਿਭਾਗ ਨੂੰ ਭੇਜ ਰਹੇ ਹਨ। ਚੀਨ ਤੋਂ ਆਉਣ ਵਾਲੇ ਮੁਸਾਫਰਾਂ ਦੀ ਖਾਸ ਤੌਰ 'ਤੇ ਸਕਰੀਨਿੰਗ ਕੀਤੀ ਜਾ ਰਹੀ ਹੈ।

ਹੁਣ ਤੱਕ 6 ਮਰੀਜ਼ਾਂ ਦੀ ਰਿਪੋਰਟ ਆ ਚੁੱਕੀ ਹੈ ਨੈਗੇਟਿਵ
ਜ਼ਿਲੇ 'ਚ ਹੁਣ ਤੱਕ ਵਿਦੇਸ਼ਾਂ ਤੋਂ ਆਉਣ ਵਾਲੇ 6 ਮਰੀਜ਼ਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਪੂਨੇ ਸਰਕਾਰੀ ਲੈਬਾਰਟਰੀ ਤੋਂ ਆਉਣ ਬਾਅਦ ਨੈਗੇਟਿਵ ਪਾਈ ਗਈ ਹੈ।

ਵਾਇਰਸ ਤੋਂ ਬਚਣ ਲਈ ਸਾਵਧਾਨੀਆਂ
ਜ਼ਿਲਾ ਟੀ.ਬੀ. ਅਧਿਕਾਰੀ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਾਹ ਰਾਹੀਂ ਫੈਲਦਾ ਹੈ, ਲੋਕਾਂ ਨੂੰ ਸਾਫ਼-ਸੁਥਰਾ ਰਹਿਣਾ ਚਾਹੀਦਾ ਹੈ ਅਤੇ ਆਪਣੇ ਆਸਪਾਸ ਗੰਦਗੀ ਨਹੀਂ ਫੈਲਾਉਣੀ ਚਾਹੀਦੀ। ਲਗਭਗ 20 ਸੈਕੰਡ ਤੱਕ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣੇ ਚਾਹੀਦੇ ਹਨ, ਖੰਘ ਜ਼ੁਕਾਮ ਸਮੇਂ ਆਪਣੇ ਮੂੰਹ ਉੱਤੇ ਹੱਥ ਜ਼ਰੂਰ ਰੱਖਣਾ ਚਾਹੀਦਾ ਹੈ ਅਤੇ ਬਾਅਦ 'ਚ ਹੱਥ ਸਾਬਣ ਨਾਲ ਧੋਣਾ ਚਾਹੀਦਾ ਹੈ, ਜਨਤਕ ਥਾਵਾਂ 'ਚ ਮੂੰਹ 'ਤੇ ਮਾਸਕ ਪਹਿਨਣ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੱਚਾ ਮਾਸ ਆਦਿ ਨਹੀਂ ਖਾਣਾ ਚਾਹੀਦਾ, ਵਾਇਰਸ ਦੇ ਲੱਛਣ ਪਾਏ ਜਾਣ 'ਤੇ ਤੁਰੰਤ ਸਰਕਾਰੀ ਹਸਪਤਾਲ 'ਚ ਸੰਪਰਕ ਕਰਨਾ ਚਾਹੀਦਾ ਹੈ।

ਆਈ.ਐੱਮ. ਏ. ਦੀ ਵਿਭਾਗ ਨੇ ਸੱਦੀ ਮੀਟਿੰਗ
ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੇ ਅਧੀਨ ਜ਼ਿਲੇ ਦੇ ਪ੍ਰਾਈਵੇਟ ਹਸਪਤਾਲਾਂ ਦੀ ਹੰਗਾਮੀ ਮੀਟਿੰਗ ਵੀਰਵਾਰ ਨੂੰ ਬੁਲਾ ਲਈ ਗਈ ਹੈ। ਵਾਇਰਸ ਦੇ ਸਬੰਧ 'ਚ ਇਨ੍ਹਾਂ ਹਸਪਤਾਲਾਂ ਨੂੰ ਘੱਟੋਂ-ਘੱਟ 5-5 ਬੈੱਡਾਂ ਦੀਆਂ ਆਈਸੋਲੇਸ਼ਨ ਵਾਰਡਾਂ ਬਣਾਉਣ ਦੀ ਹਦਾਇਤ ਕੀਤੀ ਜਾਵੇਗੀ ਅਤੇ ਜ਼ਰੂਰਤ ਪੈਣ 'ਤੇ ਵੈਂਟੀਲੇਟਰ ਦਾ ਵੀ ਪ੍ਰਬੰਧ ਕਰਨ ਲਈ ਕਿਹਾ ਜਾਵੇਗਾ।

ਵਿੱਦਿਅਕ ਅਦਾਰਿਆਂ ਨੂੰ ਐਡਵਾਈਜ਼ਰੀ ਜਾਰੀ
ਸਿਹਤ ਵਿਭਾਗ ਵੱਲੋਂ ਜ਼ਿਲੇ ਦੀ ਯੂਨੀਵਰਸਿਟੀ ਸਮੇਤ ਸਰਕਾਰੀ ਅਤੇ ਗੈਰ-ਸਰਕਾਰੀ ਵਿੱਦਿਅਕ ਅਦਾਰਿਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਵਿਦੇਸ਼ੀ ਡੈਲੀਗੇਟ ਅਧੀਨ ਵਿੱਦਿਆਰਥੀਆਂ ਦੇ ਆਉਣ ਸਬੰਧੀ ਤੁਰੰਤ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ। ਖਾਸ ਕਰ ਕੇ ਚੀਨ, ਹਾਂਗਕਾਂਗ, ਥਾਈਲੈਂਡ, ਸਿੰਗਾਪੁਰ, ਜਾਪਾਨ, ਸਾਊਥ ਕੋਰੀਆ, ਨੇਪਾਲ, ਇੰਡੋਨੇਸ਼ੀਆ, ਮਲੇਸ਼ੀਆ, ਇਰਾਨ ਤੇ ਇਟਲੀ ਤੋਂ ਆਉਣ ਵਾਲੇ ਵਿੱਦਿਆਰਥੀਆਂ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ। ਵਿੱਦਿਆਰਥੀਆਂ ਨੂੰ ਹੱਥ ਮਿਲਾਉਣ ਅਤੇ ਸਮੇਂ-ਸਮੇਂ 'ਤੇ ਹੱਥਾਂ ਦੀ ਸਫਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ।

ਇੰਚਾਰਜ ਜ਼ਿਲਾ ਪੱਧਰੀ ਸਿਵਲ ਹਸਪਤਾਲ ਡਾ. ਅਰੁਣ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਆਈਸੋਲੇਸ਼ਨ ਵਾਰਡ 'ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਦਵਾਈਆਂ ਅਤੇ ਆਕਸੀਜ਼ਨ ਦਾ ਢੁੱਕਵੀਂ ਮਾਤਰਾ 'ਚ ਸਟਾਕ ਰੱਖਿਆ ਗਿਆ ਹੈ। ਡਾਕਟਰਾਂ ਅਤੇ ਕਰਮਚਾਰੀਆਂ ਨੂੰ 24 ਘੰਟੇ ਡਿਊਟੀ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਕਤ ਵਾਰਡ ਨੂੰ ਬਾਕੀ ਦੀਆਂ ਵਾਰਡਾਂ ਤੋਂ ਵੱਖ ਬਣਾਇਆ ਗਿਆ ਹੈ ਤਾਂ ਕਿ ਦੂਜੇ ਮਰੀਜ਼ਾਂ ਨੂੰ ਇੰਫੈਕਸ਼ਨ ਨਾ ਹੋਵੇ।

ਜ਼ਿਲਾ ਮਲੇਰੀਆ ਅਧਿਕਾਰੀ ਡਾਕਟਰ ਨਵਦੀਪ ਕੌਰ ਨੇ ਦੱਸਿਆ ਕਿ ਪੰਜਾਬ 'ਚ ਹੁਣ ਤੱਕ ਕੋਈ ਵੀ ਉਕਤ ਵਾਇਰਸ ਦਾ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਵਾਇਰਸ ਦਾ ਸਰਕਾਰੀ ਹਸਪਤਾਲ 'ਚ ਮੁਫਤ ਇਲਾਜ ਕੀਤਾ ਜਾਵੇਗਾ। ਜੇਕਰ ਕੋਈ ਸ਼ੱਕੀ ਮਰੀਜ਼ ਸਾਹਮਣੇ ਆਉਂਦਾ ਹੈ ਤਾਂ ਉਸਦਾ ਸਰਕਾਰੀ ਲੈਬਾਰਟਰੀ ਪੁਣੇ 'ਚ ਸੈਂਪਲ ਭੇਜ ਕੇ ਟੈਸਟ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਵਾਇਰਸ ਨਾਲ ਨਿੱਬੜਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ।

ਇਸ ਸਬੰਧੀ ਸਿਵਲ ਸਰਜਨ ਅੰਮ੍ਰਿਤਸਰ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ 'ਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਵਿਸ਼ੇਸ਼ ਵਾਰਡਾਂ ਬਣਾ ਕੇ ਮੁਸਤੈਦ ਰਹਿਣ ਦੇ ਹੁਕਮ ਦਿੱਤੇ ਗਏ ਹਨ। ਲੋਕਾਂ 'ਚ ਫੈਲੀ ਦਹਿਸ਼ਤ ਦੇ ਸਬੰਧ 'ਚ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜੋ ਲੋਕ ਦਹਿਸ਼ਤ ਫੈਲਾਉਣਗੇ ਉਨ੍ਹਾਂ ਖਿਲਾਫ ਆਈ.ਪੀ. ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

 


Baljeet Kaur

Content Editor

Related News