ਕੋਰੋਨਾ ਵਾਇਰਸ ਖਿਲਾਫ ਪ੍ਰਸ਼ਾਸਨ ਦੀ ਜਾਗਰੂਕਤਾ ਮੁਹਿੰਮ ਦੀਆਂ ਧੱਜੀਆਂ ਉਡਾ ਰਹੀ ਜਨਤਾ

03/16/2020 3:50:10 PM

ਅੰਮ੍ਰਿਤਸਰ (ਨੀਰਜ) : ਇਕ ਪਾਸੇ ਜਿਥੇ ਜ਼ਿਲਾ ਨਿਆਂ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਸਮੇਤ ਸਮੂਹ ਪ੍ਰਬੰਧਕੀ ਅਤੇ ਪੁਲਸ ਅਧਿਕਾਰੀ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ 'ਚ ਦਿਨ-ਰਾਤ ਇਕ ਕਰ ਰਹੇ ਹਨ। ਲੋਕਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਦੂਜੇ ਪਾਸੇ ਆਮ ਜਨਤਾ ਪ੍ਰਸ਼ਾਸਨ ਦੀ ਇਸ ਮੁਹਿੰਮ ਦੀ ਸ਼ਰੇਆਮ ਧੱਜੀਆਂ ਉਡਾ ਰਹੀ ਹੈ। ਸ਼ਹਿਰ ਦੀਆਂ ਸਾਰੀਆਂ ਜਨਤਕ ਥਾਵਾਂ ਤੇ ਹੈਰੀਟੇਜ ਵਾਕ ਸਮੇਤ ਸ਼ਾਪਿੰਗ ਮਾਲਜ਼ ਅਤੇ ਰੈਸਟੋਰੈਂਟਾਂ 'ਚ ਲੋਕਾਂ ਦੀ ਆਮਦ ਜਾਰੀ ਹੈ। ਇਸ ਆਮਦ 'ਚ ਕੁਝ ਕਮੀ ਜ਼ਰੂਰ ਆਈ ਹੈ ਪਰ ਜਿਸ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਕੇਂਦਰ ਅਤੇ ਰਾਜ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਕੋਰੋਨਾ ਵਾਇਰਸ ਜਿਸ ਨੇ ਸੁਪਰ ਪਾਵਰ ਅਮਰੀਕਾ ਵਰਗੇ ਦੇਸ਼ ਨੂੰ ਵੀ ਆਪਣੇ ਲਪੇਟ 'ਚ ਲੈ ਲਿਆ ਹੈ ਅਤੇ ਚੀਨ, ਫਰਾਂਸ, ਜਰਮਨ, ਇਟਲੀ, ਈਰਾਨ ਵਰਗੇ ਵੱਡੇ-ਵੱਡੇ ਦੇਸ਼ ਇਸ ਖਤਰਨਾਕ ਵਾਇਰਸ ਨਾਲ ਨਜਿੱਠਣ 'ਚ ਅਸਫਲ ਨਜ਼ਰ ਆ ਰਹੇ ਹਨ। ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੱਖਾਂ ਲੋਕ ਇਸ ਖਤਰਨਾਕ ਵਾਇਰਸ ਤੋਂ ਪ੍ਰਭਾਵਿਤ ਹਨ। ਉਥੇ ਹੀ ਪੰਜਾਬ ਅਤੇ ਜ਼ਿਲਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਥੇ ਅਜੇ ਤੱਕ ਡੇਂਗੂ ਅਤੇ ਸਵਾਈਨ ਫਲੂ ਨੂੰ ਹੀ ਕਾਬੂ ਨਹੀਂ ਕੀਤਾ ਜਾ ਸਕਿਆ। ਹਰ ਸਾਲ ਡੇਂਗੂ ਅਤੇ ਸਵਾਈਨ ਫਲੂ ਕਾਰਣ ਦਰਜਨਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਜਿਹੇ 'ਚ ਖੁਦਾ ਨਾ ਕਰੇ, ਜੇਕਰ ਇਥੇ ਕੋਰੋਨਾ ਵਾਇਰਸ ਫੈਲ ਗਿਆ ਤਾਂ ਕੀ ਹਾਲਾਤ ਹੋਣਗੇ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਇਹੀ ਕਾਰਣ ਹੈ ਕਿ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਇਸ ਵਾਇਰਸ ਤੋਂ ਬਚਾਅ ਲਈ ਸੀਮਤ ਸਾਧਨ ਹੋਣ ਦੇ ਬਾਵਜੂਦ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ ਪਰ ਜਿਸ ਤਰ੍ਹਾਂ ਦਾ ਰਿਸਪਾਂਸ ਜਨਤਾ ਤੋਂ ਮਿਲਣਾ ਚਾਹੀਦਾ ਹੈ, ਉਨ੍ਹਾਂ ਨਹੀਂ ਮਿਲ ਰਿਹਾ।

ਰਾਸ਼ਟਰੀ ਮੁਸੀਬਤ 'ਚ ਵੀ ਹੋ ਰਹੀ ਸੈਨੀਟਾਈਜ਼ਰ ਅਤੇ ਮਾਸਕ ਦੀ ਬਲੈਕ
ਕੋਰੋਨਾ ਵਾਇਰਸ ਨੂੰ ਡਬਲਿਊ. ਐੱਚ. ਓ. ਸਮੇਤ ਭਾਰਤ ਸਰਕਾਰ ਨੇ ਵੀ ਮਹਾਮਾਰੀ ਐਲਾਨ ਦਿੱਤਾ ਹੈ। ਅਜਿਹੇ 'ਚ ਜਿਥੇ ਕੁਝ ਧਾਰਮਿਕ ਅਤੇ ਸਮਾਜਿਕ ਸੰਗਠਨ ਲੋਕਾਂ ਨੂੰ ਮਾਸਕ ਫ੍ਰੀ ਵੰਡ ਰਹੇ ਹਨ ਅਤੇ ਕੋਰੋਨਾ ਵਾਇਰਸ ਖਿਲਾਫ ਆਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਉਥੇ ਕੁਝ ਮੈਡੀਕਲ ਪ੍ਰੋਡਕਟ ਵੇਚਣ ਵਾਲੇ ਲੋਕਾਂ ਦਾ ਚਰਿੱਤਰ ਇੰਨਾ ਡਿੱਗ ਚੁੱਕਾ ਹੈ ਕਿ ਰਾਸ਼ਟਰੀ ਮੁਸੀਬਤ 'ਚ ਵੀ ਸੈਨੀਟਾਈਜ਼ਰ ਅਤੇ ਮਾਸਕ ਵਰਗੀਆਂ ਜ਼ਰੂਰੀ ਵਸਤਾਂ ਦੀ ਬਲੈਕ ਕਰਨ ਤੋਂ ਬਾਜ਼ ਨਹੀਂ ਆ ਰਹੇ।

ਏਅਰਪੋਰਟਸ 'ਤੇ ਯੂਨੀਵਰਸਲ ਸਕਰੀਨਿੰਗ ਤੋਂ ਪਹਿਲਾਂ ਆ ਚੁੱਕੇ ਯਾਤਰੀ ਖਤਰੇ ਦੀ ਘੰਟੀ
ਕੋਰੋਨਾ ਵਾਇਰਸ ਚੀਨ 'ਚ ਨਵੰਬਰ 2019 ਵਿਚ ਹੀ ਸਾਹਮਣੇ ਆ ਗਿਆ ਸੀ ਪਰ ਚੀਨ ਦੀ ਸਰਕਾਰ ਨੇ ਇਸ 'ਤੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ। ਅੱਜ ਜਦੋਂ ਇਹ ਪੂਰੇ ਵਿਸ਼ਵ 'ਚ ਇਕ ਮਹਾਮਾਰੀ ਐਲਾਨਿਆ ਜਾ ਚੁੱਕਾ ਹੈ ਤਾਂ ਉਥੇ ਹੀ ਭਾਰਤ 'ਚ ਵਿਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਯੂਨੀਵਰਸਲ ਸਕਰੀਨਿੰਗ ਦਾ ਕੰਮ ਵੀ ਕੁਝ ਹਫ਼ਤੇ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ। ਅਜਿਹੇ 'ਚ ਜੋ ਯਾਤਰੀ ਬਿਨਾਂ ਸਕਰੀਨਿੰਗ ਦੇ ਪੰਜਾਬ ਅਤੇ ਹੋਰ ਰਾਜਾਂ ਵਿਚ ਆ ਚੁੱਕੇ ਹਨ, ਉਹ ਵੀ ਖਤਰੇ ਦੀ ਘੰਟੀ ਹਨ। ਅਜਿਹੇ ਲੋਕਾਂ ਨੂੰ ਪ੍ਰਸ਼ਾਸਨ ਦੇ ਸਾਹਮਣੇ ਆਪਣੇ-ਆਪ ਹੀ ਸਰੰਡਰ ਕਰਨ ਦੀ ਲੋੜ ਹੈ।

ਕੋਰੋਨਾ ਤੋਂ ਬਚਾਅ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਗੰਭੀਰਤਾ ਨਾਲ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ, ਆਉਣ ਵਾਲੇ ਦਿਨਾਂ 'ਚ ਇਸ ਮੁਹਿੰਮ ਤਹਿਤ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ। ਇਸ ਲਈ ਸਾਰੇ ਵਿਭਾਗਾਂ ਦੇ 2-2 ਮਾਸਟਰ ਟ੍ਰੇਨਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ 18 ਮਾਰਚ ਤੋਂ ਮੁਹਿੰਮ ਨੂੰ ਜੰਗੀ ਪੱਧਰ 'ਤੇ ਚਲਾਇਆ ਜਾਵੇਗਾ ਤਾਂ ਕਿ ਸਾਰੇ ਜ਼ਿਲਾ ਵਾਸੀਆਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕਤਾ ਮਿਲ ਸਕੇ। ਜ਼ਿਲੇ 'ਚ ਕੋਈ ਵੀ ਲੋਕਲ ਕੇਸ ਸਾਹਮਣੇ ਨਹੀਂ ਆਇਆ, ਜੋ ਲੋਕ ਅਜੇ ਤੱਕ ਕੋਰੋਨਾ ਤੋਂ ਪੀੜਤ ਆਏ ਹਨ, ਉਹ ਵਿਦੇਸ਼ਾਂ ਤੋਂ ਆਏ ਹਨ, ਉਨ੍ਹਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ। – ਸ਼ਿਵਦੁਲਾਰ ਸਿੰਘ ਢਿੱਲੋਂ, ਜ਼ਿਲਾ ਨਿਆਂ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ


Baljeet Kaur

Content Editor

Related News